ਗੁਰੂਗ੍ਰਾਮ ਟ੍ਰੈਫਿਕ ਪੁਲੀਸ ਨੇ ਇੱਕ ਮੋਟਰਸਾਇਕਲ ਨੂੰ ਜ਼ਬਤ ਕੀਤਾ ਹੈ ਜਿਸ ਦੇ 113 ਬਕਾਇਆ ਚਲਾਨਾਂ ਦਾ ਜੁਰਮਾਨਾ 10,68,500 ਰੁਪਏ ਬਣਦਾ ਹੈ। ਟ੍ਰੈਫਿਕ ਪੁਲੀਸ ਟੀਮ ਨੇ ਬੁੱਧਵਾਰ ਨੂੰ ਐੱਮ.ਡੀ.ਆਈ. ਚੌਕ ਵਿਖੇ ਚੈਕਿੰਗ ਮੁਹਿੰਮ ਦੌਰਾਨ ਮੋਟਰਸਾਈਕਲ ਨੂੰ ਜ਼ਬਤ ਕੀਤਾ।
ਇੱਕ ਸੀਨੀਅਰ ਟ੍ਰੈਫਿਕ ਪੁਲੀਸ ਅਧਿਕਾਰੀ ਨੇ ਕਿਹਾ ਕਿ ਟ੍ਰੈਫਿਕ ਪੁਲੀਸ ਮੁਹਿੰਮ ਦੇ ਹਿੱਸੇ ਵਜੋਂ ਮੋਟਰ ਵਹੀਕਲ ਐਕਟ, 1988 ਦੀਆਂ ਵਿਵਸਥਾਵਾਂ ਤਹਿਤ ਉਨ੍ਹਾਂ ਵਾਹਨ ਮਾਲਕਾਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ ਜੋ 90 ਦਿਨਾਂ ਤੋਂ ਵੱਧ ਸਮੇਂ ਤੋਂ ਬਕਾਇਆ ਪਏ ਟਰੈਫਿਕ ਚਲਾਨਾਂ ਦਾ ਭੁਗਤਾਨ ਕਰਨ ਵਿੱਚ ਅਸਫ਼ਲ ਰਹੇ ਹਨ। ਪੁਲੀਸ ਮੋਟਰਸਾਈਕਲ ਸਵਾਰਾਂ ਵਿੱਚ ਉਨ੍ਹਾਂ ਦੇ ਬਕਾਇਆ ਚਲਾਨਾਂ ਬਾਰੇ ਜਾਗਰੂਕਤਾ ਵੀ ਪੈਦਾ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਸਮੇਂ ਸਿਰ ਭੁਗਤਾਨ ਕਰਨ ਲਈ ਉਤਸ਼ਾਹਿਤ ਕਰ ਰਹੀ ਹੈ।
ਪੁਲੀਸ ਅਨੁਸਾਰ ਐੱਮ.ਡੀ.ਆਈ. ਚੌਕ ਵਿਖੇ ਤਾਇਨਾਤ ਜ਼ੋਨਲ ਅਫ਼ਸਰ ਏ.ਐੱਸ.ਆਈ. ਪ੍ਰਵੀਨ ਕੁਮਾਰ ਆਪਣੀ ਟੀਮ ਨਾਲ ਰੁਟੀਨ ਵਾਹਨ ਚੈਕਿੰਗ ਮੁਹਿੰਮ ਚਲਾ ਰਹੇ ਸਨ ਜਦੋਂ ਨਿਰੀਖਣ ਲਈ ਇੱਕ ਮੋਟਰਸਾਈਕਲ ਨੂੰ ਰੋਕਿਆ ਗਿਆ। ਸਵਾਰ ਕੋਈ ਵੀ ਵਾਹਨ ਦਸਤਾਵੇਜ਼ ਪੇਸ਼ ਕਰਨ ਵਿੱਚ ਅਸਫ਼ਲ ਰਿਹਾ।
ਇੱਕ ਸੀਨੀਅਰ ਟ੍ਰੈਫਿਕ ਪੁਲੀਸ ਅਧਿਕਾਰੀ ਨੇ ਕਿਹਾ, “ਪੜਤਾਲ ਤੋਂ ਪਤਾ ਚੱਲਿਆ ਕਿ ਮੋਟਰਸਾਈਕਲ ਦੇ ਮੋਟਰ ਵਹੀਕਲ ਐਕਟ, 1988 ਦੇ ਵੱਖ-ਵੱਖ ਪ੍ਰਬੰਧਾਂ ਤਹਿਤ 113 ਬਕਾਇਆ ਚਲਾਨ ਸਨ, ਜਿਨ੍ਹਾਂ ਦਾ ਕੁੱਲ ਜੁਰਮਾਨਾ 10,68,500 ਰੁਪਏ ਸੀ। ਜ਼ਿਆਦਾਤਰ ਚਲਾਨ ਬਿਨਾਂ ਹੈਲਮਟ ਤੋਂ ਸਵਾਰੀ ਕਰਨ, ਬਿਨਾਂ ਵੈਧ ਪ੍ਰਦੂਸ਼ਣ ਕੰਟਰੋਲ (ਪੀ.ਯੂ.ਸੀ.) ਸਰਟੀਫਿਕੇਟ, ਬਿਨਾਂ ਬੀਮੇ ਅਤੇ ਹੋਰ ਟ੍ਰੈਫਿਕ ਉਲੰਘਣਾਵਾਂ ਲਈ ਸਨ। ਕਾਨੂੰਨ ਦੇ ਅਨੁਸਾਰ ਗੁਰੂਗ੍ਰਾਮ ਟ੍ਰੈਫਿਕ ਪੁਲੀਸ ਨੇ ਬਕਾਇਆ ਚਲਾਨਾਂ ਦੇ ਕਾਰਨ ਮੋਟਰਸਾਈਕਲ ਨੂੰ ਜ਼ਬਤ ਕਰ ਲਿਆ ਅਤੇ ਇਸਨੂੰ ਨਿਰਧਾਰਤ ਇੰਪਾਊਂਡ ਯਾਰਡ ਵਿੱਚ ਖੜ੍ਹਾ ਕਰ ਦਿੱਤਾ।”
ਗੁਰੂਗ੍ਰਾਮ ਟ੍ਰੈਫਿਕ ਪੁਲੀਸ ਦੇ ਬੁਲਾਰੇ ਨੇ ਕਿਹਾ ਕਿ ਟ੍ਰੈਫਿਕ ਪੁਲੀਸ ਸਾਰੇ ਮੋਟਰਸਾਈਕਲ ਸਵਾਰਾਂ ਨੂੰ ਅਪੀਲ ਕਰਦੀ ਹੈ ਕਿ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ, ਜ਼ਰੂਰੀ ਵਾਹਨ ਦਸਤਾਵੇਜ਼ ਜਿਵੇਂ ਕਿ ਵੈਧ ਬੀਮਾ ਅਤੇ ਪ੍ਰਦੂਸ਼ਣ ਕੰਟਰੋਲ (ਪੀ.ਯੂ.ਸੀ.) ਸਰਟੀਫਿਕੇਟ ਨੂੰ ਅਪਡੇਟ ਰੱਖਣ, ਅਤੇ ਬਕਾਇਆ ਚਲਾਨਾਂ ਦਾ ਸਮੇਂ ਸਿਰ ਭੁਗਤਾਨ ਯਕੀਨੀ ਬਣਾਉਣ। ਟ੍ਰੈਫਿਕ ਨਿਯਮਾਂ ਦੀ ਪਾਲਣਾ ਸਾਰੇ ਸੜਕ ਉਪਭੋਗਤਾਵਾਂ ਦੀ ਸੁਰੱਖਿਆ ਲਈ ਜ਼ਰੂਰੀ ਹੈ।






