ਇੱਥੋਂ ਦੇ ਪਿੰਡ ਠਾਕਰੀ ਨੇੜੇ ਨਾਬਾਲਗਾਂ ਦੇ ਦੋ ਧੜਿਆਂ ਵਿਚਾਲੇ ਤੇਜ਼ਧਾਰ ਹਥਿਆਰਾਂ ਨਾਲ ਹੋਈ ਝੜਪ ਵਿੱਚ ਇੱਕ 16 ਸਾਲਾ ਲੜਕੇ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਪੁਲੀਸ ਨੇ ਵੀਰਵਾਰ ਨੂੰ ਦਿੱਤੀ।
ਮ੍ਰਿਤਕ ਦੀ ਪਛਾਣ ਪਿੰਡ ਤਲਵੰਡੀ ਡਾਡੀਆਂ ਦੇ ਵਸਨੀਕ ਸਰਬਜੀਤ ਸਿੰਘ ਵਜੋਂ ਹੋਈ ਹੈ। ਟਾਂਡਾ ਦੇ ਡੀ ਐੱਸ ਪੀ ਦਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਬੁੱਧਵਾਰ ਰਾਤ ਕਰੀਬ 11.30 ਵਜੇ ਇੱਕ ਕਮਿਊਨਿਟੀ ਹੈਲਥ ਸੈਂਟਰ (CHC) ਤੋਂ ਲੜਕਿਆਂ ਦੇ ਦੋ ਧੜਿਆਂ ਵਿਚਾਲੇ ਝਗੜੇ ਬਾਰੇ ਸੂਚਨਾ ਮਿਲੀ ਸੀ।
ਡੀ ਐੱਸ ਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਪਿੰਡ ਤਲਵੰਡੀ ਸੱਲਾਂ ਅਤੇ ਤਲਵੰਡੀ ਡਾਡੀਆਂ ਦੇ 12 ਤੋਂ 16 ਸਾਲ ਦੀ ਉਮਰ ਦੇ ਲੜਕੇ ਪਿੰਡ ਠਾਕਰੀ ਨੇੜੇ ਆਪਸ ਵਿੱਚ ਭਿੜ ਗਏ, ਜਿਸ ਕਾਰਨ ਉਨ੍ਹਾਂ ਵਿੱਚੋਂ ਕਈ ਜ਼ਖ਼ਮੀ ਹੋ ਗਏ।
ਦਰਜ ਐੱਫ ਆਈ ਆਰ ਅਨੁਸਾਰ, ਦੋਵਾਂ ਧਿਰਾਂ ਵਿਚਾਲੇ ਕਥਿਤ ਤੌਰ ‘ਤੇ ਪਹਿਲਾਂ ਵੀ ਕੋਈ ਵਿਵਾਦ ਚੱਲ ਰਿਹਾ ਸੀ। ਇੱਕ ਧੜੇ ਦੇ ਲੜਕੇ ਕਥਿਤ ਤੌਰ ‘ਤੇ ਤਲਵੰਡੀ ਡਾਡੀਆਂ ਵਿੱਚ ਇੱਕ ਘਰ ਦੇ ਬਾਹਰ ਆਪਣੇ ਮੋਟਰਸਾਈਕਲਾਂ ਦੇ ਸਾਈਲੈਂਸਰਾਂ ਵਿੱਚੋਂ ਪਟਾਕਿਆਂ ਵਰਗੀ ਆਵਾਜ਼ ਕੱਢ ਕੇ ਹੁੜਦੰਗ ਮਚਾਉਂਦੇ ਸਨ।
ਡੀ ਐੱਸ ਪੀ ਨੇ ਦੱਸਿਆ ਕਿ ਇਸ ਝੜਪ ਵਿੱਚ ਸਰਬਜੀਤ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਸੀ ਅਤੇ ਉਸ ਨੂੰ ਇਲਾਜ ਲਈ ਹੁਸ਼ਿਆਰਪੁਰ ਰੈਫਰ ਕੀਤਾ ਗਿਆ, ਜਿੱਥੇ ਵੀਰਵਾਰ ਸਵੇਰੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਸ ਦੀ ਮੌਤ ਹੋ ਗਈ।
ਪੁਲੀਸ ਨੇ ਦੱਸਿਆ ਕਿ ਟਾਂਡਾ ਪੁਲੀਸ ਸਟੇਸ਼ਨ ਵਿੱਚ ਭਾਰਤੀ ਨਿਆਂ ਸੰਹਿਤਾ (BNS) ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।
ਡੀ ਐੱਸ ਪੀ ਨੇ ਕਿਹਾ ਕਿ ਇਸ ਘਟਨਾ ਵਿੱਚ ਕਥਿਤ ਤੌਰ ‘ਤੇ ਸ਼ਾਮਲ ਲੋਕਾਂ ਨੂੰ ਫੜਨ ਲਈ ਪੁਲੀਸ ਟੀਮਾਂ ਬਣਾਈਆਂ ਗਈਆਂ ਹਨ ਅਤੇ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।






