ਮੋਗਾ ਦੇ ਕਸਬਾ ਨਿਹਾਲ ਸਿੰਘ ਵਾਲਾ ਵਿਖੇ ਦੋ ਵਿਰੋਧੀ ਧੜਿਆਂ ਵਿਚਕਾਰ ਹਥਿਆਰਬੰਦ ਝੜਪ ਦੀ ਸਾਜ਼ਿਸ਼ ਨੂੰ ਨਾਕਾਮ ਕਰਦਿਆਂ ਪੁਲੀਸ ਨੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਅੱਠ ਹਥਿਆਰ, ਅੱਠ ਮੈਗਜ਼ੀਨ, 106 ਜ਼ਿੰਦਾ ਕਾਰਤੂਸ ਅਤੇ ਦੋ ਗੱਡੀਆਂ ਬਰਾਮਦ ਕੀਤੀਆਂ ਹਨ।
ਐੱਸ ਐੱਸ ਪੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲੀਸ ਪਾਰਟੀ ਨੂੰ ਇੱਕ ਗੁਪਤ ਮੁਖਬਰ ਤੋਂ ਪੱਕੀ ਸੂਚਨਾ ਮਿਲੀ ਸੀ ਕਿ ਦੋ ਗਰੁੱਪ, ਜਿਨ੍ਹਾਂ ਵਿੱਚ ਮਹਿੰਦਰ ਸਿੰਘ ਵਾਸੀ ਢਾਹਾਂ (ਜ਼ਿਲ੍ਹਾ ਰੂਪਨਗਰ), ਗੁਰਵਿੰਦਰ ਸਿੰਘ ਵਾਸੀ ਜਨਸੂਈ (ਜ਼ਿਲ੍ਹਾ ਪਟਿਆਲਾ), ਗੁਰਪ੍ਰੀਤ ਸਿੰਘ ਉਰਫ਼ ਪੀਤਾ ਵਾਸੀ ਲੌਂਗੋਵਾਲ (ਜ਼ਿਲ੍ਹਾ ਸੰਗਰੂਰ), ਅਮਰਿੰਦਰ ਸਿੰਘ ਵਾਸੀ ਜਨਸੂਈ (ਜ਼ਿਲ੍ਹਾ ਪਟਿਆਲਾ) ਅਤੇ ਸਤਵੰਤ ਸਿੰਘ ਉਰਫ਼ ਗਿੱਲ ਮਾਣੂੰਕੇ ਵਾਸੀ ਮਾਣੂੰਕੇ ਗਿੱਲ (ਮੋਗਾ) ਸ਼ਾਮਲ ਹਨ, ਆਪਸੀ ਦੁਸ਼ਮਣੀ ਰੱਖਦੇ ਹਨ। ਉਹ ਇੱਕ ਦੂਜੇ ਨੂੰ ਨੁਕਸਾਨ ਪਹੁੰਚਾਉਣ ਲਈ ਖਤਰਨਾਕ ਹਥਿਆਰਾਂ ਨਾਲ ਨਿਹਾਲ ਸਿੰਘ ਵਾਲਾ ਅਨਾਜ ਮੰਡੀ ਵਿੱਚ ਇਕੱਠੇ ਹੋਣ ਵਾਲੇ ਸਨ।
ਮੁਖਬਰ ਵੱਲੋਂ ਦੱਸੀ ਗਈ ਥਾਂ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲੀਸ ਨੇ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਅਤੇ ਸਾਰੇ ਪੰਜਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੇ ਕਬਜ਼ੇ ਵਿੱਚੋਂ ਵੱਖ-ਵੱਖ ਤਰ੍ਹਾਂ ਦੇ ਹਥਿਆਰ, ਮੈਗਜ਼ੀਨ ਅਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ।
ਬਰਾਮਦ ਕੀਤੇ ਗਏ ਹਥਿਆਰਾਂ ਵਿੱਚ ਦੋ ਪੰਪ-ਐਕਸ਼ਨ ਰਾਈਫ਼ਲਾਂ ਸਮੇਤ ਛੇ-ਛੇ ਕਾਰਤੂਸ (ਕੁੱਲ 12), ਇੱਕ .30-06 ਰਾਈਫ਼ਲ ਸਮੇਤ 24 ਕਾਰਤੂਸ, ਇੱਕ .315-ਬੋਰ ਰਾਈਫ਼ਲ ਸਮੇਤ 24 ਕਾਰਤੂਸ ਤੇ ਇੱਕ ਮੈਗਜ਼ੀਨ, ਦੋ .32-ਬੋਰ ਪਿਸਤੌਲਾਂ ਸਮੇਤ ਚਾਰ ਮੈਗਜ਼ੀਨ ਤੇ 16 ਕਾਰਤੂਸ ਅਤੇ ਦੋ .45-ਬੋਰ ਪਿਸਤੌਲਾਂ ਸਮੇਤ ਦੋ ਮੈਗਜ਼ੀਨ ਤੇ 30 ਕਾਰਤੂਸ ਸ਼ਾਮਲ ਹਨ। ਪੁਲੀਸ ਨੇ ਦੋ ਗੱਡੀਆਂ, ਜਿਨ੍ਹਾਂ ਵਿੱਚ ਇੱਕ ਕਾਲੇ ਰੰਗ ਦੀ ਫੋਰਡ ਐਂਡੇਵਰ ਅਤੇ ਇੱਕ ਕਾਲੇ ਰੰਗ ਦੀ ਸਕਾਰਪੀਓ ਸ਼ਾਮਲ ਹੈ, ਵੀ ਜ਼ਬਤ ਕੀਤੀਆਂ ਹਨ।
ਪੁਲੀਸ ਰਿਮਾਂਡ ਲੈਣ ਲਈ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁਲੀਸ ਨੇ ਕਿਹਾ ਕਿ ਉਹ ਹਥਿਆਰਾਂ ਅਤੇ ਕਾਰਤੂਸਾਂ ਦੇ ਸਰੋਤ ਅਤੇ ਇਨ੍ਹਾਂ ਨੂੰ ਹਾਸਲ ਕਰਨ ਦੇ ਮਕਸਦ ਦਾ ਪਤਾ ਲਗਾਉਣ ਲਈ ਮੁਲਜ਼ਮਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕਰੇਗੀ।





