ਦੇਸ਼ ਦੀ ਖਾਧ ਸੁਰੱਖਿਆ ਨਿਯਾਮਕ ਐੱਫ.ਐੱਸ.ਐੱਸ.ਏ.ਆਈ. (FSSAI) ਨੇ ਸ਼ੁੱਕਰਵਾਰ ਨੂੰ ਛੋਟੇ ਬੱਚਿਆਂ ਦੇ ਪੋਸ਼ਣ ਨਾਲ ਜੁੜੇ ਤਿੰਨ ਉਤਪਾਦਾਂ ਵਿੱਚ ਸੁਰੱਖਿਆ ਮਿਆਰਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ‘ਨੇਸਲੇ ਇੰਡੀਆ ਲਿਮਟਿਡ’ (Nestle India) ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫੂਡ ਸੇਫ਼ਟੀ ਅਥਾਰਟੀ ਨੇ ਈ-ਕਾਮਰਸ ਪਲੇਟਫਾਰਮਾਂ ’ਤੇ ਉਪਲਬਧ ਨੈਨ ਐਕਸੈਲਾ ਪ੍ਰੋ ਸਟੇਜ 1 (NAN Excella Pro Stage 1), ਲੈਕਟੋਜਨ ਪ੍ਰੋ 1 (Lactogen Pro 1) ਅਤੇ ਇੱਕ ਹੋਰ ਫੋਲੋ-ਅੱਪ ਫਾਰਮੂਲੇ ਦੇ ਪ੍ਰਚਾਰ ਅਤੇ ਸਮੱਗਰੀ ਦੀ ਜਾਂਚ ਤੋਂ ਬਾਅਦ ਇਹ ਕਦਮ ਚੁੱਕਿਆ ਹੈ।
ਐੱਫ.ਐੱਸ.ਐੱਸ.ਏ.ਆਈ. ਅਨੁਸਾਰ, ਨੈਨ ਐਕਸੈਲਾ ਪ੍ਰੋ ਸਟੇਜ 1 ਦੇ ਇਸ਼ਤਿਹਾਰਾਂ ਵਿੱਚ 5HMOs ਅਤੇ ਵੇਅ ਪ੍ਰੋਟੀਨ (Whey Protein) ਨੂੰ ਲੈ ਕੇ ਕੀਤੇ ਗਏ ਦਾਅਵਿਆਂ ‘ਤੇ ਸਵਾਲ ਚੁੱਕੇ ਗਏ ਹਨ, ਜਦਕਿ ਲੈਕਟੋਜਨ ਪ੍ਰੋ 1 ਵਿੱਚ ਵੇਅ ਪ੍ਰੋਟੀਨ ਨੂੰ ਪਚਾਉਣ ’ਚ ਆਸਾਨ ਦੱਸਣ ਵਾਲੇ ਦਾਅਵੇ ਨੂੰ ਨਿਯਮਾਂ ਦੇ ਉਲਟ ਪਾਇਆ ਗਿਆ ਹੈ। ਨਿਯਾਮਕ ਨੇ ਦੱਸਿਆ ਕਿ ਇਨ੍ਹਾਂ ਦਾਅਵਿਆਂ ਦੇ ਸਬੰਧ ਵਿੱਚ ਨੇਸਲੇ ਇੰਡੀਆ ਤੋਂ ਸਪੱਸ਼ਟੀਕਰਨ ਵੀ ਮੰਗਿਆ ਗਿਆ ਸੀ।
ਇਹ ਦੋਵੇਂ ਉਤਪਾਦ ਫੂਡ ਸੇਫ਼ਟੀ ਐਂਡ ਸਟੈਂਡਰਡਜ਼ (ਫੂਡਜ਼ ਫਾਰ ਇਨਫੈਂਟ ਨਿਊਟ੍ਰੀਸ਼ਨ) ਰੈਗੂਲੇਸ਼ਨਜ਼, 2020′ ਦੇ ਨਿਯਮ 4(2) ਦੀ ਉਲੰਘਣਾ ਕਰਦੇ ਪਾਏ ਗਏ ਹਨ, ਜੋ ਸ਼ਿਸ਼ੂ ਆਹਾਰ ਦੀ ਵਿਕਰੀ ਵਧਾਉਣ ਲਈ ਪ੍ਰਚਾਰ ਕਰਨ ’ਤੇ ਰੋਕ ਲਗਾਉਂਦਾ ਹੈ। ਇਸ ਤੋਂ ਇਲਾਵਾ, ਇਹ ਇਨਫੈਂਟ ਮਿਲਕ ਸਬਸਟੀਚਿਊਟਸ (IMS) ਐਕਟ, 1992 ਦੀ ਧਾਰਾ 3 ਦਾ ਵੀ ਉਲੰਘਣ ਹੈ, ਜੋ ਅਜਿਹੇ ਉਤਪਾਦਾਂ ਦੇ ਇਸ਼ਤਿਹਾਰਾਂ ਜਾਂ ਪ੍ਰਚਾਰ ’ਤੇ ਪੂਰੀ ਤਰ੍ਹਾਂ ਬੈਨ ਲਗਾਉਂਦੀ ਹੈ।
ਇਸ ਤੋਂ ਇਲਾਵਾ, ਨੇਸਲੇ ਇੰਡੀਆ ਦੇ ਇੱਕ ਹੋਰ ਫੋਲੋ-ਅੱਪ ਫਾਰਮੂਲੇ ਦੇ ਸੈਂਪਲ ਦੀ ਲੈਬਾਰਟਰੀ ਜਾਂਚ ਦੌਰਾਨ ਉਸ ਵਿੱਚ ‘ਬਾਇਓਟਿਨ’ (Biotin) ਦੀ ਮਾਤਰਾ ਤੈਅ ਮਾਪਦੰਡਾਂ ਨਾਲੋਂ ਘੱਟ ਅਤੇ ਘਟੀਆ ਮਿਆਰ ਦੀ ਪਾਈ ਗਈ। ਸੈਂਪਲ ਦੀ ਦੁਬਾਰਾ ਜਾਂਚ ਕਰਵਾਉਣ ‘ਤੇ ਵੀ ਰੈਫਰਲ ਲੈਬਾਰਟਰੀ ਨੇ ਇਸ ਨੂੰ 2020 ਦੇ ਨਿਯਮਾਂ ਅਨੁਸਾਰ ਅਯੋਗ ਕਰਾਰ ਦਿੱਤਾ।
ਇਨ੍ਹਾਂ ਸਾਰੀਆਂ ਖ਼ਾਮੀਆਂ ਦੇ ਆਧਾਰ ’ਤੇ ਐੱਫ.ਐੱਸ.ਐੱਸ.ਏ.ਆਈ. ਨੇ ਤਿੰਨਾਂ ਉਤਪਾਦਾਂ ਦੇ ਮਾਮਲੇ ਵਿੱਚ ਨੇਸਲੇ ਇੰਡੀਆ ਖ਼ਿਲਾਫ਼ ਤਿੰਨ ਅੱਡ-ਅੱਡ ਅਦਾਲਤੀ ਮਾਮਲੇ (adjudication cases) ਦਰਜ ਕੀਤੇ ਹਨ। ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਦੁਪਹਿਰ 1:10 ਵਜੇ ਤੱਕ ਬੰਬਈ ਸਟਾਕ ਐਕਸਚੇਂਜ (BSE) ‘ਚ ਨੇਸਲੇ ਇੰਡੀਆ ਦੇ ਸ਼ੇਅਰ 2 ਫ਼ੀਸਦੀ ਡਿੱਗ ਕੇ 1,345.45 ਰੁਪਏ ’ਤੇ ਕਾਰੋਬਾਰ ਕਰ ਰਹੇ ਸਨ।





