ਯੂਕਰੇਨ ਨਾਲ ਜੰਗ ਸ਼ੁਰੂ ਹੋਣ ਤੋਂ ਬਾਅਦ ਰੂਸ ਵਿੱਚ ਪਹਿਲੀ ਵਾਰ ਹੋਈਆਂ ਸੰਸਦੀ ਚੋਣਾਂ ਵਿੱਚ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੀ ਹਮਾਇਤ ਪ੍ਰਾਪਤ ਯੂਨਾਈਟਿਡ ਰੂਸ ਪਾਰਟੀ ਨੇ ਦੇਸ਼ ਦੀ ਸੰਸਦ ਵਿੱਚ ਆਪਣਾ ਬਹੁਮਤ ਬਰਕਰਾਰ ਰੱਖਿਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਕੇਂਦਰੀ ਚੋਣ ਕਮਿਸ਼ਨ ਦੇ ਅਨੁਸਾਰ, 95 ਫ਼ੀਸਦੀ ਤੋਂ ਵੱਧ ਪੋਲਿੰਗ ਕੇਂਦਰਾਂ ਦੇ ਨਤੀਜਿਆਂ ਵਿੱਚ ਪਾਰਟੀ ਦੀ ਸੂਚੀ ਦੇ ਆਧਾਰ ’ਤੇ ਚੁਣੇ ਜਾਣ ਵਾਲੇ 225 ਸੰਸਦ ਮੈਂਬਰਾਂ ਦੀਆਂ ਸੀਟਾਂ ’ਤੇ ਯੂਨਾਈਟਿਡ ਰੂਸ ਨੂੰ ਲਗਪਗ 58 ਫੀਸਦੀ ਵੋਟਾਂ ਮਿਲੀਆਂ ਹਨ।
ਉੱਥੇ ਹੀ ਵੋਟਿੰਗ ਵਿੱਚ ਜ਼ਿਆਦਾਤਰ ਵਿਰੋਧੀ ਉਮੀਦਵਾਰ ਸ਼ਾਮਲ ਨਹੀਂ ਸਨ ਅਤੇ ਇਸ ਨਾਲ ਸਰਕਾਰ ਦਾ ਸੱਤਾ ਉੱਤੇ ਮਜ਼ਬੂਤ ਕੰਟਰੋਲ ਬਣਿਆ ਰਿਹਾ।
ਇਸ ਤੋਂ ਇਲਾਵਾ, 225 ਸੰਸਦ ਮੈਂਬਰਾਂ ਦੀ ਚੋਣ ਵੱਖ-ਵੱਖ ਚੋਣ ਖੇਤਰਾਂ ਵਿੱਚ ਸਿੱਧੇ ਮੁਕਾਬਲੇ ਰਾਹੀਂ ਹੋਈ ਹੈ। ਇਨ੍ਹਾਂ ਚੋਣ ਖੇਤਰਾਂ ਦੇ ਨਤੀਜਿਆਂ ਵਿੱਚ ਯੂਨਾਈਟਿਡ ਰੂਸ ਦੇ ਉਮੀਦਵਾਰ 208 ਸੀਟਾਂ ’ਤੇ ਅੱਗੇ ਹਨ।
ਕੇਂਦਰੀ ਚੋਣ ਕਮਿਸ਼ਨ ਦੀ ਮੁਖੀ ਐਲਾ ਪਾਮਫਿਲੋਵਾ ਨੇ ਕਿਹਾ ਕਿ ਸ਼ੁਰੂਆਤੀ ਨਤੀਜਿਆਂ ਤੋਂ ਸੰਕੇਤ ਮਿਲਦਾ ਹੈ ਕਿ ਯੂਨਾਈਟਿਡ ਰੂਸ ਨੂੰ 450 ਵਿੱਚੋਂ 355 ਸੀਟਾਂ ਮਿਲਣਗੀਆਂ।
ਇਸ ਚੋਣ ਵਿੱਚ ਪਹਿਲੀ ਵਾਰ ਯੂਕਰੇਨ ਦੇ ਉਨ੍ਹਾਂ ਚਾਰ ਖੇਤਰਾਂ ਦੇ ਵਸਨੀਕਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਨੂੰ ਜੰਗ ਸ਼ੁਰੂ ਹੋਣ ਤੋਂ ਬਾਅਦ ਮਾਸਕੋ ਨੇ ਗੈਰ-ਕਾਨੂੰਨੀ ਤਰੀਕੇ ਨਾਲ ਰੂਸ ਵਿੱਚ ਮਿਲਾ ਲਿਆ ਸੀ। ਹਾਲਾਂਕਿ, ਇਨ੍ਹਾਂ ਖੇਤਰਾਂ ’ਤੇ ਰੂਸ ਦਾ ਹਾਲੇ ਵੀ ਪੂਰੀ ਤਰ੍ਹਾਂ ਕੰਟਰੋਲ ਨਹੀਂ ਹੈ। ਸਾਲ 2014 ਵਿੱਚ ਰੂਸ ਵੱਲੋਂ ਗੈਰ-ਕਾਨੂੰਨੀ ਢੰਗ ਨਾਲ ਕਬਜ਼ੇ ਵਿੱਚ ਲਏ ਗਏ ਕ੍ਰੀਮੀਆ ਪ੍ਰਾਇਦੀਪ ਵਿੱਚ ਵੀ ਵੋਟਿੰਗ ਹੋਈ। ਯੂਕਰੇਨ ਨੇ ਇਨ੍ਹਾਂ ਖੇਤਰਾਂ ਵਿੱਚ ਵੋਟਿੰਗ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਹੈ।
ਜੰਗ ਦੀ ਜਨਤਕ ਤੌਰ ’ਤੇ ਆਲੋਚਨਾ ਕਰਨ ਵਾਲੀ ਇਕਲੌਤੀ ਰਜਿਸਟਰਡ ਸਿਆਸੀ ਪਾਰਟੀ ਯਾਬਲੋਕੋ ਪਾਰਟੀ ਨੂੰ ਪਿਛਲੇ ਮਹੀਨੇ ਰੂਸ ਦੀ ਸੁਪਰੀਮ ਕੋਰਟ ਨੇ ਵੋਟਿੰਗ ਪ੍ਰਕਿਰਿਆ ਤੋਂ ਬਾਹਰ ਕਰ ਦਿੱਤਾ ਸੀ। ਇਸ ਪਾਰਟੀ ਦੇ ਸਿਰਫ਼ ਕੁਝ ਦਰਜਨ ਉਮੀਦਵਾਰ ਹੀ ਸਿੰਗਲ-ਮੈਂਬਰੀ ਹਲਕਿਆਂ ਵਿੱਚ ਚੋਣ ਲੜ ਰਹੇ ਸਨ। ਇਸ ਤੋਂ ਇਲਾਵਾ, ਕੁਝ ਜੰਗ-ਵਿਰੋਧੀ ਆਗੂਆਂ ਨੂੰ ਚੋਣ ਮੁਹਿੰਮ ਤੋਂ ਪਹਿਲਾਂ ਜੇਲ੍ਹ ਭੇਜ ਦਿੱਤਾ ਗਿਆ ਜਾਂ ਉਹਨਾਂ ਨੂੰ ਦੇਸ਼ ਛੱਡ ਕੇ ਵਿਦੇਸ਼ ਜਾਣ ਲਈ ਮਜਬੂਰ ਹੋਣਾ ਪਿਆ।






