London Sikh Death: ਦੱਖਣ-ਪੱਛਮੀ ਲੰਡਨ ਵਿੱਚ ਇੱਕ ਸੜਕ ਹਾਦਸੇ ਦੌਰਾਨ 17 ਸਾਲਾ ਸਿੱਖ ਨੌਜਵਾਨ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਬ੍ਰਿਟਿਸ਼ ਪੁਲੀਸ ਨੇ ਹਾਦਸੇ ਮੌਕੇ ਮੌਜੂਦ ਲੋਕਾਂ ਨੂੰ ਸਹਿਯੋਗ ਕਰਨ ਤੇ ਗਵਾਹ ਬਣਨ ਲਈ ਅਪੀਲ ਕੀਤੀ ਹੈ।
ਰਣਬੀਰ ਸਿੰਘ ਨੂੰ ਸ਼ਨਿਚਰਵਾਰ ਤੜਕੇ ਸਾਊਥਹਾਲ ਵਿਚ ਫੋਰਡ ਮਸਤਾਂਗ ਨੇ ਫੇਟ ਮਾਰ ਦਿੱਤੀ ਤੇ ਪੁਲੀਸ ਦੇ ਪਹੁੰਚਣ ਤੋਂ ਬਾਅਦ ਉਸ ਦੀ ਮੌਤ ਹੋ ਗਈ।
ਮੈਟਰੋਪੋਲੀਟਨ ਪੁਲੀਸ ਨੇ ਲੰਡਨ ਐਂਬੂਲੈਂਸ ਸਰਵਿਸ ਅਤੇ ਲੰਡਨ ਫਾਇਰ ਬ੍ਰਿਗੇਡ ਦੇ ਸਹਿਯੋਗ ਨਾਲ ਵਾਹਨ ਦੇ ਡਰਾਈਵਰ 20 ਸਾਲਾ ਸੁਖਵੀਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਉਸ ’ਤੇ ਗਲਤ ਢੰਗ ਨਾਲ ਡਰਾਈਵਿੰਗ ਕਰਨ, ਲਾਇਸੈਂਸ ਤੋਂ ਬਿਨਾਂ ਗੱਡੀ ਚਲਾਉਣ ਅਤੇ ਬੀਮਾ ਤੋਂ ਬਿਨਾਂ ਵਾਹਨ ਦੀ ਵਰਤੋਂ ਕਰਨ ਦੇ ਦੋਸ਼ ਲੱਗੇ ਹਨ। ਸੁਖਵੀਰ ਸਿੰਘ ਅੱਜ ਲੰਡਨ ਅਦਾਲਤ ਵਿੱਚ ਪੇਸ਼ ਹੋਇਆ ਅਤੇ ਉਸ ਨੂੰ 19 ਅਕਤੂਬਰ ਨੂੰ ਓਲ ਬੇਲੀ ਕੋਰਟ ਵਿੱਚ ਪੇਸ਼ ਹੋਣ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।
ਮੈਟਰੋਪੋਲੀਟਨ ਪੁਲੀਸ ਨੇ ਕਿਹਾ ਕਿ ਡਾਕਟਰੀ ਸਹਾਇਤਾ ਦੇਣ ਦੇ ਬਾਵਜੂਦ ਕਾਰ ਵਿੱਚ ਸਵਾਰ 17 ਸਾਲਾ ਰਣਬੀਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਵਿਸ਼ੇਸ਼ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਲਗਾਤਾਰ ਸਹਾਇਤਾ ਦਿੱਤੀ ਜਾ ਰਹੀ ਹੈ।
ਪੁਲੀਸ ਨੇ ਇਹ ਵੀ ਦੱਸਿਆ ਕਿ ਇਸ ਹਾਦਸੇ ਵਿਚ ਇੱਕ 26 ਸਾਲਾ ਨੌਜਵਾਨ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਅਤੇ ਹਸਪਤਾਲ ਵਿੱਚ ਦਾਖਲ ਹੈ। ਪੁਲੀਸ ਨੇ ਕਿਹਾ ਕਿ ਉਹ ਖਾਸ ਤੌਰ ‘ਤੇ ਕਿਸੇ ਵੀ ਅਜਿਹੇ ਵਿਅਕਤੀ ਨਾਲ ਸੰਪਰਕ ਕਰਨ ਲਈ ਉਤਸੁਕ ਹਨ ਜਿਸ ਕੋਲ ਸੀਸੀਟੀਵੀ, ਡੋਰਬੈਲ ਫੁਟੇਜ, ਮੋਬਾਈਲ ਫੋਨ ਫੁਟੇਜ ਜਾਂ ਡੈਸ਼ਕੈਮ ਰਿਕਾਰਡਿੰਗਜ਼ ਹੋਣ ਜੋ ਉਨ੍ਹਾਂ ਦੀ ਜਾਂਚ ਵਿੱਚ ਮਦਦ ਕਰ ਸਕਣ।
ਮੈਟਰੋਪੋਲੀਟਨ ਪੁਲੀਸ ਡਿਟੈਕਟਿਵ ਇੰਸਪੈਕਟਰ ਫਿਆਜ਼ ਜੰਜੂਆ ਨੇ ਕਿਹਾ ਕਿ ਇਸ ਹਾਦਸੇ ਵਿਚ ਇੱਕ ਨੌਜਵਾਨ ਦੀ ਮੌਤ ਹੋ ਗਈ ਤੇ ਦੂਜਾ ਗੰਭੀਰ ਜ਼ਖਮੀ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਹੈ। ਉਨ੍ਹਾਂ ਕਿਹਾ ਕਿ ਇਸ ਹਾਦਸੇ ਦੇ ਸਬੰਧ ਵਿੱਚ ਇੱਕ ਵਿਅਕਤੀ ਨੂੰ ਚਾਰਜ ਕੀਤਾ ਜਾ ਚੁੱਕਾ ਹੈ ਪਰ ਉਨ੍ਹਾਂ ਦੀ ਜਾਂਚ ਜਾਰੀ ਹੈ ਅਤੇ ਉਹ ਇਸ ਘਟਨਾ ਤੋਂ ਪਹਿਲਾਂ ਦੇ ਹਾਲਾਤ ਦੀ ਪੂਰੀ ਤਰ੍ਹਾਂ ਜਾਂਚ ਕਰ ਰਹੇ ਹਨ। ਉਨ੍ਹਾਂ ਨੇ ਲੰਡਨ ਪੁਲੀਸ ਵੱਲੋਂ ਕਿਸੇ ਵੀ ਅਜਿਹੇ ਵਿਅਕਤੀ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਜਿਸ ਨੇ ਟੱਕਰ ਹੁੰਦੀ ਦੇਖੀ।






