ਇਮੀਗ੍ਰੇਸ਼ਨ ਅਰਜ਼ੀਆਂ ਦੀ ਬਾਰੀਕੀ ਨਾਲ ਜਾਂਚ ਅਤੇ ਵੀਜ਼ਾ ਨਿਯਮਾਂ ਦੀ ਸਖ਼ਤੀ ਦਰਮਿਆਨ, ਕੈਨੇਡਾ ਦੀਆਂ ਇਮੀਗ੍ਰੇਸ਼ਨ ਅਥਾਰਟੀਆਂ ਨੇ ਵਿਆਹਾਂ ਰਾਹੀਂ ਹੁੰਦੀ ਠੱਗੀ (Marriage Fraud) ਵਿਰੁੱਧ ਇੱਕ ਨਵੀਂ ਚਿਤਾਵਨੀ ਜਾਰੀ ਕੀਤੀ ਹੈ। ਅਧਿਕਾਰੀਆਂ ਨੇ ਆਪਣੇ ਨਾਗਰਿਕਾਂ, ਪੱਕੇ ਵਸਨੀਕਾਂ (PR) ਅਤੇ ਵਿਦੇਸ਼ੀ ਨਾਗਰਿਕਾਂ ਨੂੰ ਤਾਕੀਦ ਕੀਤੀ ਹੈ ਕਿ ਸਿਰਫ਼ ਕੈਨੇਡਾ ਦੀ ਇਮੀਗ੍ਰੇਸ਼ਨ ਜਾਂ ਪੱਕੀ ਰਿਹਾਇਸ਼ ਪ੍ਰਾਪਤ ਕਰਨ ਦੇ ਮਕਸਦ ਨਾਲ ਬਣਾਏ ਗਏ ਸੁਆਰਥੀ ਰਿਸ਼ਤਿਆਂ ਦੇ ਗੰਭੀਰ ਕਾਨੂੰਨੀ ਸਿੱਟੇ ਭੁਗਤਣੇ ਪੈ ਸਕਦੇ ਹਨ।
ਇਹ ਐਡਵਾਇਜ਼ਰੀ ਇਮੀਗ੍ਰੇਸ਼ਨ, ਰੈਫ਼ਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ (IRCC) ਵੱਲੋਂ ਸੋਸ਼ਲ ਮੀਡੀਆ ’ਤੇ ਜਾਰੀ ਕੀਤੀ ਗਈ ਹੈ, ਜਿਸ ਵਿੱਚ ਝੂਠੇ ਵਿਆਹਾਂ ਅਤੇ ‘ਨਫ਼ੇ-ਨੁਕਸਾਨ ਦੇ ਸਬੰਧਾਂ’ (relationships of convenience) ਰਾਹੀਂ ਵੀਜ਼ਾ ਹਾਸਲ ਕਰਨ ਦੀਆਂ ਕੋਸ਼ਿਸ਼ਾਂ ’ਤੇ ਡੂੰਘੀ ਚਿੰਤਾ ਪ੍ਰਗਟਾਈ ਗਈ ਹੈ। IRCC ਨੇ ਕੈਨੇਡੀਅਨ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਜੀਵਨ ਸਾਥੀ ਨੂੰ ਸਪਾਂਸਰ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ-ਪੜਤਾਲ ਕਰਨ- ਖਾਸ ਕਰਕੇ ਜਦੋਂ ਉਹ ਵਿਅਕਤੀ ਹੁਣੇ-ਹੁਣੇ ਮਿਲਿਆ ਹੋਵੇ, ਤੁਰੰਤ ਵਿਆਹ ਲਈ ਦਬਾਅ ਪਾ ਰਿਹਾ ਹੋਵੇ, ਜਾਂ ਉਸ ਦਾ ਪਹਿਲਾਂ ਵੀ ਕਈ ਵਾਰ ਵਿਆਹ ਹੋ ਚੁੱਕਾ ਹੋਵੇ। ਇਸ ਤੋਂ ਇਲਾਵਾ, ਜੇਕਰ ਕੋਈ ਆਪਣੇ ਪਰਿਵਾਰਕ ਪਿਛੋਕੜ ਜਾਂ ਨਿੱਜੀ ਜਾਣਕਾਰੀ ਸਾਂਝੀ ਕਰਨ ਤੋਂ ਝਿਜਕਦਾ ਹੈ, ਤਾਂ ਵੀ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਕੈਨੇਡੀਅਨ ਇਮੀਗ੍ਰੇਸ਼ਨ ਵਿਭਾਗ ਮੁਤਾਬਕ, ‘ਨਫ਼ੇ-ਨੁਕਸਾਨ ਦਾ ਰਿਸ਼ਤਾ’ ਉਹ ਹੁੰਦਾ ਹੈ ਜੋ ਅਸਲ ਜੀਵਨ ਸਾਥੀ ਵਜੋਂ ਰਹਿਣ ਦੀ ਬਜਾਏ ਕੇਵਲ ਵਿਦੇਸ਼ੀ ਨਾਗਰਿਕ ਨੂੰ ਕੈਨੇਡਾ ਪਹੁੰਚਾਉਣ ਦੀ ਨੀਅਤ ਨਾਲ ਕੀਤਾ ਗਿਆ ਹੋਵੇ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਇਮੀਗ੍ਰੇਸ਼ਨ ਅਫ਼ਸਰਾਂ ਨੂੰ ਅਜਿਹੇ ਝੂਠੇ ਵਿਆਹਾਂ ਨੂੰ ਪਛਾਣਨ ਦੀ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ। ਦਸਤਾਵੇਜ਼ਾਂ ਦੀ ਪੜਤਾਲ ਅਤੇ ਇੰਟਰਵਿਊਆਂ ਵਰਗੇ ਅਹਿਮ ਸਾਧਨਾਂ ਰਾਹੀਂ ਅਸਲੀ ਅਤੇ ਨਕਲੀ ਰਿਸ਼ਤਿਆਂ ਦਾ ਪਤਾ ਲਗਾਇਆ ਜਾ ਰਿਹਾ ਹੈ। ਐਡਵਾਇਜ਼ਰੀ ’ਚ ਚਿਤਾਵਨੀ ਦਿੱਤੀ ਗਈ ਹੈ ਕਿ ਝੂਠੇ ਵਿਆਹ ਦੇ ਆਧਾਰ ’ਤੇ ਸਪਾਂਸਰਸ਼ਿਪ ਕਰਨ ਵਾਲੇ ਕੈਨੇਡੀਅਨ ਨਾਗਰਿਕਾਂ ਜਾਂ ਪੀਆਰ ਧਾਰਕਾਂ ’ਤੇ ਅਪਰਾਧਿਕ ਕੇਸ ਵੀ ਦਰਜ ਹੋ ਸਕਦੇ ਹਨ।
ਲਗਾਤਾਰ ਵਧ ਰਹੇ ਸਨ ਠੇਕਾਂ ਵਿਆਹਾਂ ਦੇ ਮਾਮਲਾ
ਇਹ ਚਿਤਾਵਨੀ ਅਜਿਹੇ ਸਮੇਂ ਆਈ ਹੈ ਜਦੋਂ ਪੰਜਾਬ ਵਿੱਚ ਆਈ.ਈ.ਐੱਲ.ਟੀ.ਐੱਸ. (IELTS) ‘ਠੇਕਾ ਵਿਆਹਾਂ’ ਅਤੇ ਲਾੜੀਆਂ ਵੱਲੋਂ ਕੀਤੀ ਜਾਂਦੀ ਠੱਗੀ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਅਕਸਰ ਅਜਿਹੇ ਮਾਮਲਿਆਂ ਵਿੱਚ ਲੜਕਾ ਆਈ.ਈ.ਐੱਲ.ਟੀ.ਐੱਸ. ਵਿੱਚ ਲੋੜੀਂਦੇ ਬੈਂਡ ਪ੍ਰਾਪਤ ਕਰਨ ਵਿੱਚ ਅਸਮਰੱਥ ਹੁੰਦਾ ਹੈ, ਜਿਸ ਕਾਰਨ ਉਹ ਕਿਸੇ ਹੋਸ਼ਿਆਰ ਲੜਕੀ ਦੀ ਪੜ੍ਹਾਈ, ਟਿਕਟ ਅਤੇ ਕੈਨੇਡਾ ਰਹਿਣ ਦਾ ਸਾਰਾ ਖ਼ਰਚਾ ਚੁੱਕਦਾ ਹੈ ਤਾਂ ਜੋ ਉਹ ਲੜਕੀ ਕੈਨੇਡਾ ਪਹੁੰਚ ਕੇ ਉਸ ਨੂੰ ‘ਸਪਾਊਸ ਵੀਜ਼ੇ’ (Spouse Visa) ’ਤੇ ਬੁਲਾ ਸਕੇ। ਪਰ ਕੈਨੇਡਾ ਪਹੁੰਚਦਿਆਂ ਹੀ ਕਈ ਲੜਕੀਆਂ ਵੱਲੋਂ ਲੜਕੇ ਅਤੇ ਉਸ ਦੇ ਪਰਿਵਾਰ ਨਾਲੋਂ ਸਬੰਧ ਤੋੜ ਲਏ ਜਾਂਦੇ ਹਨ, ਜਿਸ ਨਾਲ ਪੰਜਾਬ ਵਿੱਚ ਪੁਲੀਸ ਕੇਸ ਅਤੇ ਅਦਾਲਤੀ ਲੜਾਈਆਂ ਵਧ ਰਹੀਆਂ ਹਨ।
ਕੈਨੇਡਾ ਸਰਕਾਰ ਨੇ ਅਸਥਾਈ ਵਸਨੀਕਾਂ ਅਤੇ ਸਟੂਡੈਂਟ ਵੀਜ਼ਿਆਂ ’ਤੇ ਨਿਗਰਾਨੀ ਸਖ਼ਤ ਕਰਦਿਆਂ ਇਮੀਗ੍ਰੇਸ਼ਨ ਪ੍ਰਣਾਲੀ ਦੀ ਪਾਰਦਰਸ਼ਤਾ ਬਣਾਏ ਰੱਖਣ ਲਈ ਇਹ ਕਦਮ ਚੁੱਕੇ ਹਨ। ਇਸ ਦੇ ਨਾਲ ਹੀ, IRCC ਨੇ ਘਰੇਲੂ ਹਿੰਸਾ ਅਤੇ ਸ਼ੋਸ਼ਣ ਦਾ ਸਾਹਮਣਾ ਕਰ ਰਹੀਆਂ ਔਰਤਾਂ/ਜੀਵਨ ਸਾਥੀਆਂ ਨੂੰ ਰਾਹਤ ਦਿੰਦਿਆਂ ਸਾਫ਼ ਕੀਤਾ ਹੈ ਕਿ ਉਨ੍ਹਾਂ ਦਾ ਇਮੀਗ੍ਰੇਸ਼ਨ ਸਟੇਟਸ ਕਿਸੇ ਜ਼ਾਲਮ ਜਾਂ ਹਿੰਸਕ ਸਾਥੀ ’ਤੇ ਨਿਰਭਰ ਨਹੀਂ ਹੈ। ਉਹ ਕਿਸੇ ਵੀ ਤਸ਼ੱਦਦ ਦੀ ਸੂਰਤ ਵਿੱਚ ਬਿਨਾਂ ਆਪਣਾ ਸਟੇਟਸ ਗੁਆਏ ਕਾਨੂੰਨੀ ਮਦਦ ਲੈ ਸਕਦੇ ਹਨ।





