British Columbia Election: ਕੈਨੇਡਾ ਦੇ ਪੱਛਮ ਤੱਟੀ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਸੱਤਾਧਾਰੀ ਨਿਊ ਡੈਮੋਕ੍ਰੈਟਿਕ ਪਾਰਟੀ ਵਲੋਂ ਅਚਾਨਕ ਮੱਧਕਾਲੀ ਚੋਣਾਂ ਦੇ ਐਲਾਨ ਅਤੇ ਉਮੀਦਵਾਰਾਂ ਨੂੰ ਟਿਕਟਾਂ ਦੀ ਅਲਾਟਮੈਂਟ ਹੁੰਦੇ ਸਾਰ ਹੀ ਚੋਣਾਂ ਉੱਤੇ ਵਿਦੇਸ਼ੀ ਪ੍ਰਛਾਵੇਂ ਦੀ ਚਰਚਾ ਛਿੜ ਗਈ ਹੈ। ਸਰੀ ਦੇ ਗਰੀਨ ਟਿੰਬਰ ਹਲਕੇ ਤੋਂ ਚੋਣ ਜਿੱਤ ਕੇ ਸਿੱਖਿਆ ਮੰਤਰਾਲਾ ਸੰਭਾਲਦੀ ਰਹੀ ਰਚਨਾ ਸਿੰਘ ਨੂੰ ਇਸ ਵਾਰ ਟਿਕਟ ਤੋਂ ਨਾਂਹ ਕੀਤੀ ਗਈ ਹੈ।
ਮੱਧਕਾਲੀ ਚੋਣਾਂ ਨੂੰ ਮੁੱਖ ਮੰਤਰੀ ਡੇਵਿਡ ਈ ਬੀ ਵਲੋਂ ਪਾਟੋਧਾੜ ਹੋਈ ਵਿਰੋਧੀ ਧਿਰ ਦੇ ਫਾਇਦੇ ਵਜੋਂ ਖੇਡਿਆ ਗਿਆ ਸਿਆਸੀ ਪੱਤਾ ਮੰਨਿਆ ਜਾ ਰਿਹਾ ਹੈ।
ਸੱਤਾਧਾਰੀ ਪਾਰਟੀ ਦੇ ਸਾਬਕਾ ਸੀਨੀਅਰ ਆਗੂਆਂ ਵਲੋਂ ਮੱਧਕਾਲੀ ਚੋਣਾਂ ਦੇ ਫੈਸਲੇ ਨੂੰ ਬੇਤੁਕਾ ਅਤੇ ਲੋਕਾਂ ਤੇ ਬੇਲੋੜਾ ਬੋਝ ਕਿਹਾ ਗਿਆ ਹੈ। 2017 ਵਿੱਚ ਗਰੀਨ ਪਾਰਟੀ ਦੇ ਦੋ ਵਿਧਾਇਕਾਂ ਦੀ ਹਮਾਇਤ ਨਾਲ ਸੱਤਾ ਵਿੱਚ ਆਈ ਐਨਡੀਪੀ ਦੇ ਆਗੂ ਜੌਹਨ ਹੋਰਗਨ ਵਲੋਂ ਕੀਤੇ ਚੰਗੇ ਕੰਮਾਂ ਦੀਆਂ ਯਾਦਾਂ ਲੋਕ ਤਾਜ਼ੀਆਂ ਕਰ ਰਹੇ ਹਨ, ਪਰ ਗਲੇ ਦੇ ਕੈਂਸਰ ਦੀ ਲਪੇਟ ਆਉਣ ਕਰਕੇ ਉਸ ਦੇ ਅਸਤੀਫਾ ਦੇਣ ਤੋਂ ਬਾਅਦ ਸਾਬਕਾ ਵਕੀਲ ਡੇਵਿਡ ਈ ਬੀ ਮੁੱਖ ਮੰਤਰੀ ਬਣੇ ਸੀ, ਜਿਨ੍ਹਾਂ ਦੇ ਵਿਹਾਰ ਉੱਤੇ ਭਾਰਤ ਪੱਖੀ ਉਂਗਲਾਂ ਅਕਸਰ ਉੱਠਦੀਆਂ ਰਹੀਆਂ ਹਨ ਅਤੇ ਹੁਣ ਟਿਕਟਾਂ ਦੀ ਵੰਡ ਤੋਂ ਉਹ ਚਰਚੇ ਸੱਚ ਸਾਬਤ ਹੋਣ ਲੱਗੇ ਹਨ।
ਚਰਚਾ ਹੈ ਕਿ ਚੋਣਾਂ ਤੋਂ ਕੁਝ ਦਿਨ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੈਨੇਡਾ ਦੌਰੇ ’ਤੇ ਆ ਸਕਦੇ ਹਨ ਤੇ ਇੱਥੋਂ ਦੇ ਧਾਰਮਿਕ ਸਥਾਨਾਂ ਦੀ ਯਾਤਰਾ ਕਰਨਗੇ। ਚੋਣਾਂ ਦਾ ਐਲਾਨ ਹੁੰਦੇ ਹੀ ਇਥੋਂ ਦੇ ਮੀਡੀਆ ਵਲੋਂ ਸਾਰਾ ਸਮਾਂ ਚੋਣ ਚਰਚਾ ’ਤੇ ਦਿੱਤਾ ਜਾਣ ਲੱਗਾ ਹੈ।
2022 ਵਿਚ ਜੌਹਨ ਹੌਰਗਨ ਦੀ ਸਿਹਤ ਖਰਾਬ ਹੋਣ ਤੋਂ ਬਾਅਦ ਮੰਨਿਆ ਜਾ ਰਿਹਾ ਸੀ ਕਿ ਉਨ੍ਹਾਂ ਦੀ ਕੁਰਸੀ ਦਾ ਗੁਣਾ ਕਈ ਵਿਭਾਗ ਸੰਭਾਲ ਰਹੇ ਸੀਨੀਅਰ ਮੰਤਰੀ ਰਵੀ ਕਾਹਲੋਂ ਉੱਤੇ ਪਏਗਾ ਪਰ ਡੇਵਿਡ ਈ ਬੀ ਨੇ ਵਕੀਲਾਂ ਵਾਲੇ ਦਾਅ ਪੇਚ ਵਰਤ ਕੇ ਕੁਰਸੀ ਸੰਭਾਲ ਲਈ। ਰਵੀ ਕਾਹਲੋਂ ਉਦੋਂ ਤੋਂ ਨਿਰਾਸ਼ ਸੀ ਤੇ ਇਸ ਵਾਰ ਪਾਰਟੀ ਦੀ ਟਿਕਟ ਤੋਂ ਨਾਂਹ ਕਰਨਾ ਸੰਕੇਤ ਹੈ ਕਿ ਸੱਤਾਧਾਰੀ ਪਾਰਟੀ ਵਿੱਚ ਸਭ ਅੱਛਾ ਨਹੀਂ।
ਸਰੀ ਦੇ ਗਰੀਨ ਟਿੰਬਰ ਹਲਕੇ ਤੋਂ ਚੋਣ ਜਿੱਤ ਕੇ ਸਿੱਖਿਆ ਮੰਤਰਾਲਾ ਸੰਭਾਲਦੀ ਰਹੀ ਰਚਨਾ ਸਿੰਘ ਨੂੰ ਟਿਕਟ ਤੋਂ ਨਾਂਹ ਕੀਤੀ ਗਈ ਹੈ ਜਿਸ ਸਬੰਧੀ ਮੰਨਿਆ ਜਾ ਰਿਹਾ ਹੈ ਕਿ ਉਸ ਨੇ ਭਾਰਤ ਦੇ ਕਿਸਾਨ ਮੋਰਚੇ, 1984 ਦੇ ਕਤਲੇਆਮ ਅਤੇ ਕਸ਼ਮੀਰ ਦੀ ਗੱਲ ਕੀਤੀ ਸੀ ਜਿਸ ਕਾਰਨ ਟਿਕਟ ਤੋਂ ਨਾਂਹ ਕੀਤੀ ਗਈ ਹੈ। ਇਸ ਗੱਲ ਨੂੰ ਚੋਣਾਂ ਉੱਤੇ ਭਾਰਤੀ ਪ੍ਰਛਾਵੇਂ ਵਜੋਂ ਵੇਖਿਆ ਜਾ ਰਿਹਾ ਹੈ। ਲੰਘੇ ਦੋ ਸਾਲਾਂ ਵਿੱਚ ਡੇਵਿਡ ਈ ਬੀ ਵਲੋਂ ਭਾਰਤੀ ਨੀਤੀਆਂ ਦੀ ਸ਼ਲਾਘਾ ਬਾਰੇ ਦਿੱਤੇ ਬਿਆਨਾਂ ਨੂੰ ਚੇਤੇ ਕਰਕੇ ਲੋਕ ਚੋਣ ਪ੍ਰਛਾਵੇਂ ਨਾਲ ਜੋੜ ਕੇ ਵੇਖਦੇ ਹਨ ਪਰ ਸਮੁੱਚੇ ਰੂਪ ਵਿੱਚ ਇਸ ਦਾ ਪਤਾ 24 ਅਕਤੂਬਰ ਰਾਤ ਵੇਲੇ ਨਿਕਲਣ ਵਾਲੇ ਚੋਣ ਨਤੀਜੇ ਸਪਸ਼ਟ ਕਰਨਗੇ।






