Satnam Singh Asian Games: ਮਾਨਸਾ ਜ਼ਿਲ੍ਹੇ ਦੇ ਪਿੰਡ ਫੱਤਾ ਮਾਲੋਕਾ ਦੇ ਨੌਜਵਾਨ ਸਤਨਾਮ ਸਿੰਘ ਨੇ ਜਪਾਨ ਦੇ ਨਾਗੋਆ ਵਿਚ ਹੋੋ ਰਹੀਆਂ ਡਬਲ ਸਕੱਲਜ਼ ਮੁਕਾਬਲੇ ਖੇਡਾਂ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ।
ਇਹ ਤਗਮਾ ਸਤਨਾਮ ਸਿੰਘ ਅਤੇ ਸਲਮਾਨ ਖ਼ਾਨ ਨੇ ਡਬਲ ਸਕੱਲਜ਼ ਮੁਕਾਬਲੇ ਵਿੱਚ ਜਿੱਤਿਆ ਹੈ। ਹਾਲਾਂਕਿ ਭਾਰਤੀ ਰੋਇੰਗ ਟੀਮ ਨੇ ਅੱਜ ਇੱਥੇ ਏਸ਼ਿਆਈ ਖੇਡਾਂ ਦੇ ਇਤਿਹਾਸ ਵਿੱਚ ਆਪਣਾ ਸਭ ਤੋਂ ਮਾੜਾ ਪ੍ਰਦਰਸ਼ਨ ਕੀਤਾ। ਸਤਨਾਮ ਤੇ ਸਲਮਾਨ ਦੀ ਜੋੜੀ ਵੱਲੋਂ ਜਿੱਤਿਆ ਤਗ਼ਮਾ ਏਸ਼ਿਆਈ ਖੇਡਾਂ ਵਿੱਚ ਪੁਰਸ਼ ਵਰਗ ’ਚ ਭਾਰਤ ਦਾ ਪਹਿਲਾ ਡਬਲ ਸਕੱਲਜ਼ ਤਗ਼ਮਾ ਹੈ। ਰੋਇੰਗ ਮੁਕਾਬਲੇ 1982 ਦੀਆਂ ਏਸ਼ਿਆਈ ਖੇਡਾਂ ਤੋਂ ਸ਼ੁਰੂ ਕੀਤੇ ਗਏ ਹਨ।
ਕਾਂਸੀ ਦਾ ਤਗ਼ਮਾ ਜਿੱਤਣ ਵਾਲਾ ਭਾਰਤੀ ਰੋਅਰ ਸਤਨਾਮ ਸਿੰਘ ਮਾਨਸਾ ਜ਼ਿਲ੍ਹੇ ਦੇ ਪਿੰਡ ਫੱਤਾ ਮਾਲੋਕਾ ਨਾਲ ਸਬੰਧਤ ਹੈ। ਉਹ ਮਜ਼ਦੂਰ ਪਰਿਵਾਰ ਨਾਲ ਸਬੰਧਤ ਹੈ। ਉਸ ਦੀ ਮਾਤਾ ਸਿਲਾਈ ਦਾ ਕੰਮ ਕਰਦੇ ਹਨ। ਸਤਨਾਮ ਸਿੰਘ ਦੇ ਪਿਤਾ ਅਮਰੀਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੂੰ ਬਚਪਨ ਤੋਂ ਹੀ ਖੇਡਾਂ ਦਾ ਸ਼ੌਂਕ ਹੈ ਅਤੇ ਉਸ ਨੇ 6ਵੀਂ ਜਮਾਤ ਤੋਂ ਹੀ ਰੋਇੰਗ ਸ਼ੁਰੂ ਕਰ ਦਿੱਤੀ ਸੀ। ਵਧੀਆ ਪ੍ਰਦਰਸ਼ਨ ਦੇ ਬਾਅਦ ਉਸ ਦੀ ਚੋਣ ਰੋਇੰਗ ਅਕੈਡਮੀ ਰੋਪੜ ਵਿੱਚ ਹੋਈ। ਇਸ ਤੋਂ ਬਾਅਦ ਉਸ ਨੇ ਲਗਾਤਾਰ ਰਾਸ਼ਟਰੀ ਅਤੇ ਕੌਮਾਂਤਰੀ ਮੁਕਾਬਲਿਆਂ ਵਿੱਚ ਦੇਸ਼ ਦੀ ਪ੍ਰਤੀਨਿਧਤਾ ਕੀਤੀ। ਉਨ੍ਹਾਂ ਦੱਸਿਆ ਕਿ ਸਤਨਾਮ ਸਿੰਘ ਹਾਲੇ ਜਪਾਨ ਵਿੱਚ ਹੀ ਹੈ ਅਤੇ ਉਸ ਨੇ ਫੋਨ ਕਰ ਕੇ ਉਨ੍ਹਾਂ ਨਾਲ ਖੁਸ਼ੀ ਸਾਂਝੀ ਕੀਤੀ ਹੈ। ਪਰਿਵਾਰ ਅਤੇ ਪੂਰਾ ਪਿੰਡ ਸਤਨਾਮ ਸਿੰਘ ਦੀ ਇਸ ਪ੍ਰਾਪਤੀ ’ਤੇ ਬਾਗੋ-ਬਾਗ ਹੈ। ਅਮਰੀਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਵੱਡਾ ਪੁੱਤਰ ਫ਼ੌਜ ਵਿੱਚ ਹੈ ਅਤੇ ਉਸ ਤੋਂ ਹੀ ਪ੍ਰੇਰਿਤ ਹੋ ਕੇ ਸਤਨਾਮ ਸਿੰਘ ਖੇਡਾਂ ਨਾਲ ਜੁੜਿਆ ਅਤੇ ਬਾਅਦ ’ਚ ਭਾਰਤੀ ਸੈਨਾ ਵਿੱਚ ਭਰਤੀ ਹੋਇਆ। ਸਿੱਖਿਆ ਤੇ ਕਲਾ ਮੰਚ ਪੰਜਾਬ ਦੇ ਪ੍ਰਧਾਨ ਹਰਦੀਪ ਸਿੰਘ ਸਿੱਧੂ ਨੇ ਸਤਨਾਮ ਸਿੰਘ ਦੀ ਇਸ ਪ੍ਰਾਪਤੀ ’ਤੇ ਉਸ ਦੇ ਪਰਿਵਾਰ ਦਾ ਭਲਕੇ ਸਨਮਾਨ ਕਰਨ ਦਾ ਐਲਾਨ ਕੀਤਾ ਹੈ। ਸਰਦੂਲਗੜ੍ਹ ਤੋਂ ‘ਆਪ’ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਖੇਡ ਨੀਤੀ ਤਹਿਤ ਸਤਨਾਮ ਸਿੰਘ ਨੂੰ 50 ਲੱਖ ਰੁਪਏ ਦੀ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਸਰਕਾਰ ਵੱਲੋਂ ਦੋਵਾਂ ਖਿਡਾਰੀਆਂ ਦੇ ਪਰਿਵਾਰਾਂ ਨੂੰ ਮੁਬਾਰਕਬਾਦ ਦਿੱਤੀ।






