ਕੈਨੇਡਾ ਵੱਸਦੇ ਮੂਲ ਨਿਵਾਸੀਆਂ ਵੱਲੋਂ ਡੈਲਟਾ ਵਿਚਲੇ ਟਵਾਸਨ ਮਾਲ ਕੋਲ ਮਨਾਏ ਜਾ ਰਹੇ ਸਲਾਨਾ ਮੇਲੇ ਮੌਕੇ ਬੇਕਾਬੂ ਹੋਏ ਪਿੱਕ ਅੱਪ ਟਰੱਕ ਨੇ ਕਈ ਲੋਕਾਂ ਨੂੰ ਕੁਚਲ ਦਿੱਤਾ। ਇਸ ਘਟਨਾ ਦੌਰਾਨ ਦੋ ਵਿਅਕਤੀਆਂ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਦੋ ਹੋਰ ਗੰਭੀਰ ਜ਼ਖ਼ਮੀ ਹਸਪਤਾਲ ਦਾਖ਼ਲ ਹਨ। ਕਈ ਹੋਰ ਜ਼ਖ਼ਮੀਆਂ ਨੂੰ ਮੌਕੇ ਤੇ ਮੁਢਲੀ ਸਹਾਇਤਾ ਦਿੱਤੀ ਗਈ ਹੈ।
ਡੈਲਟਾ ਪੁਲੀਸ ਨੇ ਕਿਹਾ ਹੈ ਕਿ ਹਾਦਸੇ ਮੌਕੇ ਵਾਹਨ ਚਾਲਕ ਨੂੰ ਉਸ ਮੌਕੇ ਸਰੀਰਕ ਹੰਗਾਮੀ ਹਾਲਤ ਚੋਂ ਹੋਣ ਦੇ ਸੰਕੇਤ ਮਿਲੇ ਹਨ ਤੇ ਉਸ ਨੂੰ ਚੱਕਰ ਆਉਣ ਕਰਕੇ ਵਾਹਨ ਬੇਕਾਬੂ ਹੋਇਆ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਹਾਦਸੇ ਦਾ ਮੂਲ ਨਿਵਾਸੀਆਂ ਦੇ ਮਾਰਚ ਨਾਲ ਕੋਈ ਸਬੰਧ ਨਹੀਂ ਲੱਗਦਾ। ਪਰ ਮੌਕੇ ’ਤੇ ਹਾਜਰ ਲੋਕਾਂ ਦਾ ਕਹਿਣਾ ਹੈ ਕਿ ਜ਼ਖ਼ਮੀਆਂ ਚੋਂ ਬਹੁਤਿਆਂ ਨੇ ਸੰਤਰੀ ਰੰਗੀਆਂ ਟੀ ਸ਼ਰਟਾਂ ਪਹਿਨੀਆਂ ਹੋਈਆਂ ਸਨ, ਜੋ ਗਵਾਹੀ ਭਰਦੀਆਂ ਹਨ ਕਿ ਉਹ ਮਾਰਚ ਦਾ ਹਿੱਸਾ ਸਨ। ਹਾਦਸੇ ਵਾਲੀ ਥਾਂ ਡੈਲਟਾ ਫੈਰੀ ਟਰਮੀਨਲ ਅਤੇ ਡੈਲਟਾ ਪੋਰਟ ਤੋਂ ਥੋੜੀ ਹੀ ਦੂਰ ਹੈ।
ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਹਾਦਸੇ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਹਾਦਸੇ ਲਈ ਜ਼ਿੰਮੇਵਾਰ ਟਰੱਕ ਅਲਪਾਈਨ ਸੇਵਾਵਾਂ ਨਾਲ ਸਬੰਧਤ ਸੀ, ਜੋ ਕਿ ਮਾਲ ਦੀ ਸਫਾਈ ਦਾ ਕੰਮ ਕਰਨ ਵਾਲੀ ਕੰਪਨੀ ਹੈ।






