ਭਾਰਤ ਅਤੇ ਕੈਨੇਡਾ ਵਿਚਕਾਰ ਆਰਥਿਕ ਅਤੇ ਵਪਾਰਕ ਭਾਈਵਾਲੀ ਨੂੰ ਅੱਗੇ ਵਧਾਉਣ ਵਿੱਚ ਤੇਜ਼ੀ ਨਾਲ ਬਦਲ ਰਹੇ ਦੌਰ ਵਿੱਚ ਤਕਨਾਲੋਜੀ, ਨਵੀਨਤਾ (ਇਨੋਵੇਸ਼ਨ) ਅਤੇ ਕਾਬਲ ਟੇਲੈਂਟ ਦੀ ਭੂਮਿਕਾ ਪਹਿਲਾਂ ਨਾਲੋਂ ਕਿਤੇ ਵੱਧ ਮਹੱਤਵਪੂਰਨ ਬਣ ਗਈ ਹੈ। ਇਸੇ ਸੋਚ ਨੂੰ ਮਜ਼ਬੂਤ ਕਰਦਿਆਂ ਕੈਨੇਡਾ ਇੰਡੀਆ ਟੈੱਕ ਕੌਂਸਲ (CITC) ਵੱਲੋਂ ਟੋਰਾਂਟੋ ਵਿੱਚ ਆਪਣਾ ਤੀਜਾ ਸਾਲਾਨਾ ਐਵਾਰਡ ਗਾਲਾ ਬਹੁਤ ਹੀ ਸ਼ਾਨਦਾਰ ਢੰਗ ਨਾਲ ਕਰਵਾਇਆ ਗਿਆ।
ਟੈਲਸ ਹਾਰਬਰ ਵਿਖੇ ਹੋਏ ਇਸ ਵਿਸ਼ੇਸ਼ ਸਮਾਗਮ ਵਿੱਚ ਕੈਨੇਡਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਦਿਨੇਸ਼ ਕੇ. ਪਟਨਾਇਕ ਅਤੇ ਟੋਰਾਂਟੋ ਵਿੱਚ ਭਾਰਤ ਦੇ ਕੌਂਸਲ ਜਨਰਲ ਮਹਾਵੀਰ ਸਿੰਘਵੀ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਵਿੱਚ ਕੈਨੇਡਾ ਭਰ ਤੋਂ ਆਏ ਵੱਖ-ਵੱਖ ਤਕਨੀਕੀ ਖੇਤਰਾਂ ਦੇ 200 ਤੋਂ ਵੱਧ ਮਾਹਿਰਾਂ, ਸੀ.ਆਈ.ਓ. (CIO), ਸੀ.ਟੀ.ਓ. (CTO) ਅਤੇ ਚੋਟੀ ਦੇ ਟੈਕਨਾਲੋਜੀ ਆਗੂਆਂ ਨੇ ਹਿੱਸਾ ਲਿਆ।
ਇਸ ਸਾਲ ਦੇ ਸਮਾਗਮ ਦਾ ਮੁੱਖ ਵਿਸ਼ਾ (Theme) “Leadership at the Edge” ਰੱਖਿਆ ਗਿਆ ਸੀ। ਕਾਉਂਸਲ ਨੇ ਟੈਕਨਾਲੋਜੀ ਲੀਡਰਸ਼ਿਪ ਦੇ ਚਾਰ ਮਹੱਤਵਪੂਰਨ ਥੰਮ੍ਹਾਂ—ਬਦਲਾਅ, ਲਚਕਦਾਰ, ਭਰੋਸਾ ਅਤੇ ਮੁੱਲ ਸਿਰਜਣਾ ਨੂੰ ਉਜਾਗਰ ਕੀਤਾ। ਆਪਣੇ ਸੰਬੋਧਨ ਵਿੱਚ ਭਾਰਤੀ ਨੁਮਾਇੰਦਿਆਂ ਨੇ ਜ਼ੋਰ ਦਿੱਤਾ ਕਿ ਆਰਥਿਕ ਵਿਕਾਸ ਲਈ ਦੋਵਾਂ ਦੇਸ਼ਾਂ ਨੂੰ ਗਿਆਨ, ਹੁਨਰ ਅਤੇ ਉਦਮਸ਼ੀਲਤਾ ਦੇ ਆਦਾਨ-ਪ੍ਰਦਾਨ ਨੂੰ ਹੋਰ ਤੇਜ਼ ਕਰਨਾ ਚਾਹੀਦਾ ਹੈ।
ਸਮਾਗਮ ਦੌਰਾਨ ਕੈਨੇਡਾ ਦੇ ਨਾਮਵਰ ਅਦਾਰਿਆਂ ਵਿੱਚ ਸੇਵਾਵਾਂ ਨਿਭਾ ਰਹੇ ਪ੍ਰਮੁੱਖ ਭਾਰਤੀ ਮੂਲ ਦੇ ਲੀਡਰਾਂ ਜਿਨ੍ਹਾਂ ਵਿਚ ਪੱਲਵੀ ਤ੍ਰਿਪਾਠੀ (ਸੀ.ਆਈ.ਓ., ਸੀ.ਆਈ.ਬੀ.ਸੀ.), ਵਿਨੀਤ ਗੁਪਤਾ (ਗਲੋਬਲ ਸੀ.ਆਈ.ਓ., ਨਾਰਥ ਵੈਸਟ ਕੰਪਨੀ), ਸੋਨਾਲੀ ਕੋਹਲੀ (ਸੀ.ਆਈ.ਓ., ਨਿਆਗਰਾ ਹੈਲਥ) ਅਤੇ ਪੀਟਰ ਸਿੰਘ (ਸੀ.ਟੀ.ਓ., ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ) ਸਮੇਤ 12 ਹੋਰ ਸੀਨੀਅਰ ਤਕਨਾਲੋਜੀ ਲੀਡਰਾਂ ਨੂੰ ਵੱਖ-ਵੱਖ ਸ਼੍ਰੇਣੀਆਂ ਵਿੱਚ ਸਨਮਾਨਿਤ ਕੀਤਾ ਗਿਆ।
CITC ਦੇ ਮਾਹਿਰ ਸਲਾਹਕਾਰ ਬੋਰਡ ਵੱਲੋਂ ਇਨ੍ਹਾਂ ਆਗੂਆਂ ਦੀ ਚੋਣ ਕੀਤੀ ਗਈ ਸੀ। ਇਹ ਪ੍ਰੋਗਰਾਮ ਸਿਰਫ਼ ਇੱਕ ਐਵਾਰਡ ਸਮਾਰੋਹ ਤੱਕ ਸੀਮਤ ਨਹੀਂ ਰਿਹਾ, ਸਗੋਂ ਕੈਨੇਡਾ ਦੇ ਤਕਨੀਕੀ ਖੇਤਰ ਵਿੱਚ ਕੰਮ ਕਰ ਰਹੇ ਪੇਸ਼ਾਵਰਾਂ ਲਈ ਆਪਸੀ ਮੇਲ-ਜੋਲ ਅਤੇ ਭਵਿੱਖੀ ਸਹਿਯੋਗ ਦਾ ਇੱਕ ਸ਼ਕਤੀਸ਼ਾਲੀ ਮੰਚ ਬਣ ਕੇ ਉੱਭਰਿਆ।
ਗੌਰਤਲਬ ਹੈ ਕਿ CITC ਵੱਲੋਂ ਲਗਾਤਾਰ ਆਰਟੀਫੀਸ਼ੀਅਲ ਇੰਟੈਲੀਜੈਂਸ (AI), ਕੁਆਂਟਮ ਟੈਕਨਾਲੋਜੀ, ਕਲੀਨਟੈਕ, ਐਗਰੀਟੈਕ ਅਤੇ ਡੀਪਟੈਕ ਵਰਗੇ ਅਤਿ-ਆਧੁਨਿਕ ਖੇਤਰਾਂ ਵਿੱਚ ਦੋਵਾਂ ਦੇਸ਼ਾਂ ਦੀ ਸਾਂਝ ਵਧਾਉਣ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਟੋਰਾਂਟੋ ਦਾ ਇਹ ਸਮਾਗਮ ਇਹ ਸਪਸ਼ਟ ਸੁਨੇਹਾ ਦੇ ਗਿਆ ਹੈ ਕਿ ਭਾਰਤ-ਕੈਨੇਡਾ ਦੇ ਰਿਸ਼ਤਿਆਂ ਵਿੱਚ ਟੈਕਨਾਲੋਜੀ ਹੁਣ ਸਿਰਫ਼ ਕਾਰੋਬਾਰ ਤੱਕ ਸੀਮਤ ਨਹੀਂ, ਸਗੋਂ ਆਉਣ ਵਾਲੇ ਕੱਲ੍ਹ ਦੀਆਂ ਨਵੀਂਆਂ ਸੰਭਾਵਨਾਵਾਂ ਦਾ ਪੁਲ ਬਣ ਰਹੀ ਹੈ।






