IndiGo Fare Hike: ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਦੀਆਂ ਉਡਾਣਾਂ ਭਲਕੇ ਮੰਗਲਵਾਰ ਤੋਂ ਮਹਿੰਗੀਆਂ ਹੋ ਜਾਣਗੀਆਂ। ਏਅਰਲਾਈਨ ਨੇ ਘਰੇਲੂ ਉਡਾਣਾਂ ’ਤੇ 1300 ਰੁਪਏ ਤੱਕ ਅਤੇ ਕੌਮਾਂਤਰੀ ਉਡਾਣਾਂ ’ਤੇ ਇਕ ਹਜ਼ਾਰ ਰੁਪਏ ਤੋਂ 10 ਹਜ਼ਾਰ ਰੁਪਏ ਤੱਕ ਵਾਧੂ ਫਿਊਲ ਚਾਰਜ ਲਗਾਉਣ ਦਾ ਐਲਾਨ ਕੀਤਾ ਹੈ। ਨਵੀਆਂ ਦਰਾਂ 6 ਅਕਤੂਬਰ ਦੀ ਰਾਤ 12:01 ਵਜੇ ਤੋਂ ਲਾਗੂ ਹੋਣਗੀਆਂ।
ਇੰਡੀਗੋ ਨੇ ਪਿਛਲੇ ਛੇ ਮਹੀਨਿਆਂ ਵਿੱਚ ਤੀਜੀ ਵਾਰ ਫਿਊਲ ਸਰਚਾਰਜ ਵਧਾਇਆ ਹੈ। ਇਸ ਤੋਂ ਪਹਿਲਾਂ ਏਅਰਲਾਈਨ ਨੇ ਇਸ ਸਾਲ 14 ਮਾਰਚ ਅਤੇ ਫਿਰ 1 ਅਪਰੈਲ ਨੂੰ ਕਿਰਾਏ ਵਿੱਚ ਵਾਧਾ ਕੀਤਾ ਸੀ। ਏਅਰਲਾਈਨ ਮੁਤਾਬਕ ਇਹ ਫੈਸਲਾ ਹਵਾਈ ਜਹਾਜ਼ਾਂ ਵਿੱਚ ਵਰਤੇ ਜਾਣ ਵਾਲੇ ਏਵੀਏਸ਼ਨ ਟਰਬਾਈਨ ਫਿਊਲ (ਏਟੀਐੱਫ) ਦੀਆਂ ਕੀਮਤਾਂ ਵਧਣ ਕਾਰਨ ਲਿਆ ਗਿਆ ਹੈ।
ਪਹਿਲੀ ਅਕਤੂਬਰ ਤੋਂ ਜੈੱਟ ਫਿਊਲ 16 ਰੁਪਏ ਪ੍ਰਤੀ ਲਿਟਰ ਮਹਿੰਗਾ
ਕੰਪਨੀ ਨੇ ਕਿਹਾ ਕਿ ਜੈੱਟ ਫਿਊਲ ਦੀਆਂ ਵਧੀਆਂ ਕੀਮਤਾਂ ਕਾਰਨ ਫਿਊਲ ਚਾਰਜ ਵਿੱਚ ਵਾਧਾ ਕਰਨਾ ਪਿਆ ਹੈ। 1 ਅਕਤੂਬਰ ਤੋਂ ਘਰੇਲੂ ਏਅਰਲਾਈਨਾਂ ਲਈ ਏਟੀਐੱਫ ਦੀ ਕੀਮਤ 121 ਰੁਪਏ ਤੋਂ ਵਧ ਕੇ 137 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਇਸ ਤਰ੍ਹਾਂ ਇੱਕ ਲਿਟਰ ਏਟੀਐੱਫ ਦੀ ਕੀਮਤ ਵਿੱਚ 16 ਰੁਪਏ ਜਾਂ ਲਗਭਗ 13.2 ਫੀਸਦੀ ਦਾ ਵਾਧਾ ਹੋਇਆ ਹੈ।
ਇੰਡੀਗੋ ਅਨੁਸਾਰ ਸਿਰਫ਼ ਪਿਛਲੇ ਇੱਕ ਮਹੀਨੇ ਦੌਰਾਨ ਜੈੱਟ ਫਿਊਲ ਦੀਆਂ ਕੀਮਤਾਂ ਵਿੱਚ 14 ਫੀਸਦੀ ਤੋਂ ਵੱਧ ਵਾਧਾ ਹੋਇਆ ਹੈ। ਇਸ ਕਾਰਨ ਹਵਾਈ ਜਹਾਜ਼ਾਂ ਵਿੱਚ ਵਰਤਿਆ ਜਾਣ ਵਾਲਾ ਈਂਧਨ ਪਿਛਲੇ 10 ਸਾਲਾਂ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਿਆ ਹੈ।
ਤਿੰਨ ਮਹੀਨਿਆਂ ਵਿੱਚ 27.28 ਰੁਪਏ ਪ੍ਰਤੀ ਲਿਟਰ ਵਾਧਾ
ਜੈੱਟ ਫਿਊਲ ਦੀ ਕੀਮਤ ਵਿੱਚ ਪਿਛਲੇ ਤਿੰਨ ਮਹੀਨਿਆਂ ਦੌਰਾਨ ਲਗਾਤਾਰ ਵਾਧਾ ਹੋਇਆ ਹੈ। ਅਗਸਤ 2026 ਵਿੱਚ ਇਸ ਦੀ ਕੀਮਤ 5 ਰੁਪਏ ਪ੍ਰਤੀ ਲਿਟਰ ਵਧੀ ਸੀ। ਸਤੰਬਰ ਵਿੱਚ 6.28 ਰੁਪਏ ਅਤੇ ਅਕਤੂਬਰ ਵਿੱਚ 16 ਰੁਪਏ ਪ੍ਰਤੀ ਲਿਟਰ ਦਾ ਵਾਧਾ ਕੀਤਾ ਗਿਆ। ਇਸ ਤਰ੍ਹਾਂ ਤਿੰਨ ਮਹੀਨਿਆਂ ਵਿੱਚ ਜੈੱਟ ਫਿਊਲ ਕੁੱਲ 27.28 ਰੁਪਏ ਪ੍ਰਤੀ ਲਿਟਰ ਮਹਿੰਗਾ ਹੋ ਗਿਆ ਹੈ।
ਏਅਰਲਾਈਨਾਂ ਦੇ ਕੁੱਲ ਖਰਚੇ ਦਾ 30 ਤੋਂ 40 ਫੀਸਦੀ ਜੈੱਟ ਫਿਊਲ ’ਤੇ
ਜੈੱਟ ਫਿਊਲ ਏਅਰਲਾਈਨਾਂ ਦੇ ਸਭ ਤੋਂ ਵੱਡੇ ਖਰਚਿਆਂ ਵਿੱਚੋਂ ਇੱਕ ਹੈ। ਆਮ ਤੌਰ ’ਤੇ ਏਅਰਲਾਈਨਾਂ ਦੇ ਕੁੱਲ ਸੰਚਾਲਨ ਖਰਚੇ ਵਿੱਚ ਇਸ ਦੀ ਹਿੱਸੇਦਾਰੀ 30 ਤੋਂ 40 ਫੀਸਦੀ ਤੱਕ ਹੁੰਦੀ ਹੈ। ਇਸ ਲਈ ਤੇਲ ਦੀਆਂ ਕੀਮਤਾਂ ਵਿੱਚ ਅਚਾਨਕ ਹੋਏ ਵਾਧੇ ਦਾ ਸਿੱਧਾ ਅਸਰ ਏਅਰਲਾਈਨਾਂ ਦੇ ਖਰਚਿਆਂ ਅਤੇ ਟਿਕਟਾਂ ਦੀਆਂ ਕੀਮਤਾਂ ’ਤੇ ਪੈਂਦਾ ਹੈ।
ਦੁਨੀਆ ਭਰ ਦੀਆਂ ਕਈ ਏਅਰਲਾਈਨਾਂ ਨੇ ਜੈੱਟ ਫਿਊਲ ਮਹਿੰਗਾ ਹੋਣ ਕਾਰਨ ਟਿਕਟਾਂ ਦੇ ਕਿਰਾਏ ਵਧਾਉਣੇ ਸ਼ੁਰੂ ਕਰ ਦਿੱਤੇ ਹਨ। ਕੁਝ ਕੰਪਨੀਆਂ ਨੇ ਆਪਣੇ ਭਵਿੱਖ ਦੇ ਵਿੱਤੀ ਅਨੁਮਾਨਾਂ ਵਿੱਚ ਵੀ ਤਬਦੀਲੀ ਕੀਤੀ ਹੈ। ਏਅਰ ਨਿਊਜ਼ੀਲੈਂਡ ਅਤੇ ਕਵਾਂਟਸ ਵਰਗੀਆਂ ਵੱਡੀਆਂ ਏਅਰਲਾਈਨਾਂ ਨੇ ਵੀ ਸੰਕੇਤ ਦਿੱਤਾ ਹੈ ਕਿ ਵਧੇ ਹੋਏ ਖਰਚੇ ਦਾ ਕੁਝ ਬੋਝ ਯਾਤਰੀਆਂ ’ਤੇ ਪਾਇਆ ਜਾਵੇਗਾ। ਇਸ ਦਾ ਮਤਲਬ ਹੈ ਕਿ ਆਉਣ ਵਾਲੇ ਸਮੇਂ ਵਿੱਚ ਹਵਾਈ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਟਿਕਟਾਂ ਲਈ ਪਹਿਲਾਂ ਨਾਲੋਂ ਵੱਧ ਰਕਮ ਖਰਚਣੀ ਪੈ ਸਕਦੀ ਹੈ।




