ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਅੱਜ ਚੋਣ ਕਮਿਸ਼ਨ ਦੇ ਦਫ਼ਤਰ ਵੱਲ ਮਾਰਚ ਕਰ ਰਹੇ ‘ਇੰਡੀਆ’ ਗਠਜੋੜ ਦੇ ਕਈ ਪ੍ਰਮੁੱਖ ਆਗੂਆਂ ਨੂੰ ਦਿੱਲੀ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ। ਹਿਰਾਸਤ ਵਿੱਚ ਲਏ ਗਏ ਆਗੂਆਂ ਵਿੱਚ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ, ਤ੍ਰਿਣਮੂਲ ਕਾਂਗਰਸ ਦੇ ਆਗੂ ਅਭਿਸ਼ੇਕ ਬੈਨਰਜੀ ਅਤੇ ਡੇਰੇਕ ਓ’ਬ੍ਰਾਇਨ ਸ਼ਾਮਲ ਹਨ।
ਸੰਸਦ ਦੇ ਮਕਰ ਦੁਆਰ ਤੋਂ ਚੋਣ ਕਮਿਸ਼ਨ ਦੇ ਦਫ਼ਤਰ ਵੱਲ ਵਧ ਰਹੇ ਮਾਰਚ ਨੂੰ ਪੁਲੀਸ ਨੇ ਨਾਕਾਮ ਕਰ ਦਿੱਤਾ ਅਤੇ ਆਗੂਆਂ ਨੂੰ ਬੱਸਾਂ ਵਿੱਚ ਬਿਠਾ ਕੇ ਲੈ ਗਈ। ਕਾਂਗਰਸ ਨੇ ਦੱਸਿਆ ਕਿ ਇਸ ਤੋਂ ਬਾਅਦ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ, ਕੇ.ਸੀ. ਵੇਣੂਗੋਪਾਲ, ਚਰਨਜੀਤ ਸਿੰਘ ਚੰਨੀ ਅਤੇ ਦੀਪੇਂਦਰ ਹੁੱਡਾ ਸਮੇਤ ਹੋਰ ਕਾਂਗਰਸੀ ਆਗੂਆਂ ਨੇ ਆਕਾਸ਼ਵਾਣੀ ਭਵਨ ਨੇੜੇ ‘ਧਰਨਾ’ ਲਗਾ ਦਿੱਤਾ।
ਇਸ ਤੋਂ ਪਹਿਲਾਂ, ਜਦੋਂ ਪਾਰਲੀਮੈਂਟ ਸਟ੍ਰੀਟ/ਨੀਤੀ ਆਯੋਗ ਨੇੜੇ ‘ਇੰਡੀਆ’ ਗਠਜੋੜ ਦੇ ਮਾਰਚ ਨੂੰ ਰੋਕਿਆ ਗਿਆ ਤਾਂ ਰਾਹੁਲ ਗਾਂਧੀ ਅਤੇ ਅਭਿਸ਼ੇਕ ਬੈਨਰਜੀ ਪੁਲੀਸ ਦੇ ਬੈਰੀਕੇਡਾਂ ਉੱਪਰ ਚੜ੍ਹ ਗਏ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਵੱਲੋਂ ਚੋਣ ਕਮਿਸ਼ਨ ਖ਼ਿਲਾਫ਼ ਨਾਅਰੇਬਾਜ਼ੀ ਦਰਮਿਆਨ ਰਾਹੁਲ ਗਾਂਧੀ ਨੇ ਬੈਰੀਕੇਡ ਤੋਂ ਤਿਰੰਗਾ ਲਹਿਰਾਇਆ।
ਨੀਤੀ ਆਯੋਗ ਖੇਤਰ ਨੇੜੇ ਬੈਰੀਕੇਡ ਲਗਾ ਕੇ ਰਸਤਾ ਰੋਕੇ ਜਾਣ ਤੋਂ ਪਹਿਲਾਂ ਪ੍ਰਦਰਸ਼ਨਕਾਰੀ ਚੋਣ ਕਮਿਸ਼ਨ ਦੇ ਦਫ਼ਤਰ ਤੋਂ 250-300 ਮੀਟਰ ਦੇ ਘੇਰੇ ਤੱਕ ਪਹੁੰਚ ਚੁੱਕੇ ਸਨ। ਰਾਹੁਲ ਗਾਂਧੀ ਨੇ ਮੱਲਿਕਾਰਜੁਨ ਖੜਗੇ, ਪ੍ਰਿਅੰਕਾ ਗਾਂਧੀ, ਅਖਿਲੇਸ਼ ਯਾਦਵ, ਸੁਪ੍ਰਿਆ ਸੁਲੇ ਅਤੇ ਹੋਰ ਵਿਰੋਧੀ ਆਗੂਆਂ ਨਾਲ ਮਿਲ ਕੇ ਮੁੱਖ ਚੋਣ ਕਮਿਸ਼ਨਰ ਨੂੰ ਸੰਬੋਧਨ ਕਰਦਿਆਂ ਨਾਅਰੇਬਾਜ਼ੀ ਕੀਤੀ ਕਿ ਉਨ੍ਹਾਂ ਦਾ ਸਮਾਂ ਪੂਰਾ ਹੋ ਚੁੱਕਾ ਹੈ ਅਤੇ ਉਨ੍ਹਾਂ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਰਾਹੁਲ ਨੇ ਕਿਹਾ, “ਗਿਆਨੇਸ਼, ਹੁਣ ਬਹੁਤ ਹੋ ਗਿਆ। ਅਸਤੀਫ਼ਾ ਦੇਣ ਦਾ ਸਮਾਂ ਆ ਗਿਆ ਹੈ।”





