CJP ਅਤੇ ਵਿਦਿਆਰਥੀ ਸੰਗਠਨਾਂ ਨੇ ਬੁੱਧਵਾਰ ਨੂੰ ਆਪਣੇ 10 ਅਕਤੂਬਰ ਦੇ ਪ੍ਰਦਰਸ਼ਨ ਤੋਂ ਪਹਿਲਾਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖ਼ਿਲਾਫ਼ ਇੱਕਜੁੱਟ ਹੋ ਕੇ ਲਾਮਬੰਦ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਇਹ ਅੰਦੋਲਨ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਚੋਣ ਪ੍ਰਣਾਲੀ ਵਿੱਚ ਸੁਧਾਰ ਨਹੀਂ ਹੋ ਜਾਂਦਾ।
ਇੱਥੇ ਇੱਕ ਸਾਂਝੀ ਪ੍ਰੈੱਸ ਕਾਨਫਰੰਸ ਵਿੱਚ ਸਮੂਹਾਂ ਨੇ ਚੋਣ ਕਮਿਸ਼ਨ (ਈ.ਸੀ.) ਖ਼ਿਲਾਫ਼ ਆਪਣੀ ਮੁਹਿੰਮ ਨੂੰ ਇੱਕ ਵਿਆਪਕ ਰਾਜਨੀਤਿਕ ਆਧਾਰ ਦੇਣ ਦੀ ਕੋਸ਼ਿਸ਼ ਕੀਤੀ, ਵਿਰੋਧੀ ਧਿਰ ਦੇ ‘ਇੰਡੀਆ’ (INDIA) ਗਠਜੋੜ ਦੇ ਸੰਸਦ ਮੈਂਬਰਾਂ ਦੇ 6 ਅਕਤੂਬਰ ਦੇ ਪ੍ਰਦਰਸ਼ਨ ਮਾਰਚ ਦਾ ਸਮਰਥਨ ਕੀਤਾ ਅਤੇ ਇਸ ਟਕਰਾਅ ਨੂੰ ਲੋਕਤੰਤਰ ਦੀ ਰੱਖਿਆ ਕਰਨ ਵਾਲੇ ਲੋਕਾਂ ਅਤੇ ਭਾਜਪਾ ਵਿਚਕਾਰ ਇੱਕ ਟਕਰਾਅ ਵਜੋਂ ਦੱਸਿਆ।
ਪ੍ਰੈੱਸ ਕਾਨਫਰੰਸ ਵਿੱਚ ਸੀ.ਜੇ.ਪੀ., ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਈਸਾ), ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ (ਏ.ਆਈ.ਐੱਸ.ਐੱਫ.) ਅਤੇ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ (ਐੱਸ.ਐੱਫ.ਆਈ.) ਮੌਜੂਦ ਸਨ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦਾ ਵਿਦਿਆਰਥੀ ਵਿੰਗ, ਐਸੋਸੀਏਸ਼ਨ ਆਫ ਸਟੂਡੈਂਟਸ ਫਾਰ ਆਲਟਰਨੇਟਿਵ ਪਾਲਿਟਿਕਸ (ASAP) ਵੀ ਇਸ ਵਿੱਚ ਸ਼ਾਮਲ ਹੋਇਆ।
ਸੀ.ਜੇ.ਪੀ. ਦੇ ਸਹਿ-ਸੰਯੋਜਕ ਸੌਰਵ ਦਾਸ ਨੇ ਦੇਸ਼ ਭਰ ਦੇ ਲੋਕਾਂ ਨੂੰ ਦਿੱਲੀ ਆਉਣ ਅਤੇ ਲੰਬੇ ਸਮੇਂ ਤੱਕ ਚੱਲਣ ਵਾਲੇ ਅੰਦੋਲਨ ਲਈ ਤਿਆਰ ਹੋ ਕੇ ਆਉਣ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ, “ਇਹ ਲੜਾਈ ਆਸਾਨ ਨਹੀਂ ਹੋਵੇਗੀ। ਮੈਂ ਦੇਸ਼ ਭਰ ਦੇ ਸਾਰੇ ਲੋਕਾਂ ਨੂੰ ਸਾਡੇ ਨਾਲ ਜੁੜਨ, ਰੇਲ ਅਤੇ ਉਡਾਣ (ਫਲਾਈਟ) ਦੀਆਂ ਟਿਕਟਾਂ ਬੁੱਕ ਕਰਨ ਦੀ ਅਪੀਲ ਕਰਦਾ ਹਾਂ।”
ਦਾਸ ਨੇ ਕਿਹਾ ਕਿ ਜੇ ਕੁਮਾਰ ਅਸਤੀਫ਼ਾ ਵੀ ਦੇ ਦਿੰਦੇ ਹਨ ਤਾਂ ਵੀ ਪ੍ਰਦਰਸ਼ਨਕਾਰੀ ਪਿੱਛੇ ਨਹੀਂ ਹਟਣਗੇ ਕਿਉਂਕਿ ਚੋਣ ਪ੍ਰਣਾਲੀ ਨੂੰ ਸਾਫ਼ ਕਰਨ ਦੀ ਲੋੜ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਦਾ ਵਿਰੋਧ “ਸਦੀਵੀ ਸੱਤਾ ਦੀ ਹਵਸ” ਨੂੰ ਦਰਸਾਉਂਦਾ ਹੈ।
ਦਾਸ ਨੇ ਕਿਹਾ ਕਿ “ਟੁੱਟੇ ਹੋਏ ਸਿਸਟਮ” ਨੂੰ ਬਦਲਣ ਦੀ ਇੱਕ ਵੱਡੀ ਲੜਾਈ ਵਿੱਚ ਸਿਆਸੀ ਮਾਨਤਾਵਾਂ ਅਤੇ ਵਿਚਾਰਧਾਰਾਵਾਂ ਤੋਂ ਉੱਪਰ ਉੱਠ ਕੇ ਸਾਰੇ ਭਾਗੀਦਾਰ ਇੱਕਜੁੱਟ ਹਨ।
ਇਹ ਪੁੱਛੇ ਜਾਣ ’ਤੇ ਕਿ ਕੀ ਪ੍ਰਬੰਧਕ ਪ੍ਰਦਰਸ਼ਨ ਲਈ ਇਜਾਜ਼ਤ ਲੈਣਗੇ, ਦਾਸ ਨੇ ਕਿਹਾ ਕਿ ਉਨ੍ਹਾਂ ਨੇ ਬੁੱਧਵਾਰ ਨੂੰ ਪਾਰਲੀਮੈਂਟ ਸਟਰੀਟ ਪੁਲੀਸ ਸਟੇਸ਼ਨ ਵਿੱਚ ਇੱਕ ਰਸਮੀ ਸੂਚਨਾ ਜਮ੍ਹਾਂ ਕਰਵਾਈ ਹੈ ਅਤੇ ਹਲਫ਼ਨਾਮੇ ਦਿੱਤੇ ਹਨ।
ਉਨ੍ਹਾਂ ਕਿਹਾ, “ਕਿਰਪਾ ਕਰਕੇ ਇਜਾਜ਼ਤ (ਪਰਮਿਸ਼ਨ) ਸ਼ਬਦ ਦੀ ਵਰਤੋਂ ਨਾ ਕਰੋ। ਦਿੱਲੀ ਪੁਲਿਸ ਹੁੰਦੀ ਕੌਣ ਹੈ ਸਾਨੂੰ ਇਜਾਜ਼ਤ ਦੇਣ ਵਾਲੀ?” ਉਨ੍ਹਾਂ ਅੱਗੇ ਕਿਹਾ ਕਿ ਸੂਚਨਾ ਦੇਣਾ ਹੀ ਕਾਫ਼ੀ ਹੈ।
ਉਨ੍ਹਾਂ ਕਿਹਾ, “ਅਸੀਂ ਦਿੱਲੀ ਪੁਲੀਸ ਦਾ ਸਹਿਯੋਗ ਕਰਾਂਗੇ ਅਤੇ ਸਾਨੂੰ ਉਮੀਦ ਹੈ ਕਿ ਦਿੱਲੀ ਪੁਲੀਸ ਸਾਡਾ ਸਹਿਯੋਗ ਕਰੇਗੀ।”
ਐੱਸ.ਐੱਫ.ਆਈ. (SFI) ਦੇ ਆਦਰਸ਼ ਸ਼ਾਜੀ ਨੇ ਕੁਮਾਰ ’ਤੇ ਭਾਰਤੀ ਲੋਕਤੰਤਰ ਨੂੰ ਕਮਜ਼ੋਰ ਕਰਨ ਦਾ ਦੋਸ਼ ਲਾਇਆ ਅਤੇ ਇਸ ਟਕਰਾਅ ਨੂੰ “ਲੋਕਤੰਤਰ ਅਤੇ ਤਾਨਾਸ਼ਾਹੀ” ਵਿਚਕਾਰ ਲੜਾਈ ਕਰਾਰ ਦਿੱਤਾ।






