ਫਰਾਂਸ ਵਿੱਚ ਅੰਦੋਲਨ ਕਰ ਰਹੇ ਵਿਦਿਆਰਥੀਆਂ ਨੇ ਅੱਜ ਮੁੜ ਆਪਣੇ ਹਾਈ ਸਕੂਲਾਂ ਖ਼ਿਲਾਫ਼ ਰੋਸ ਮੁਜ਼ਾਹਰੇ ਕੀਤੇ ਹਨ। ਪੈਰਿਸ ਦੇ 20ਵੇਂ ਜ਼ਿਲ੍ਹੇ ਵਿਚਲੇ ਹੈਲੇਨ ਬਾਊਚਰ ਹਾਈ ਸਕੂਲ ਵਿੱਚ ਮੁਜ਼ਾਹਰਾਕਾਰੀਆਂ ਨੇ ਸਕੂਲ ਦੇ ਸਾਹਮਣੇ ਬੈਰੀਕੇਡ ਬਣਾਉਣ ਲਈ ਕੂੜੇਦਾਨ ਤੇ ਸਾਈਕਲਾਂ ਸੁੱਟ ਦਿੱਤੀਆਂ। ਦੇਸ਼ ਭਰ ਦੇ ਹੋਰ ਸੈਂਕੜੇ ਸਕੂਲਾਂ ਦੀ ਤਰ੍ਹਾਂ ਇਹ ਸਕੂਲ ਵੀ ਬੰਦ ਸੀ। ਸਕੂਲਾਂ ’ਚ ਵੱਡੇ ਪੱਧਰ ’ਤੇ ਨੁਕਸਾਨ ਪੁੱਜਣ ਅਤੇ ਸਟਾਫ, ਵਿਦਿਆਰਥੀਆਂ ਤੇ ਪੁਲੀਸ ਮੁਲਾਜ਼ਮਾਂ ਦੇ ਜ਼ਖ਼ਮੀ ਹੋਣ ਦੀਆਂ ਵਧਦੀਆਂ ਘਟਨਾਵਾਂ ਦਰਮਿਆਨ ਵਿਖਾਵਾਕਾਰੀਆਂ ਨੂੰ ਠੱਲ੍ਹਣ ਲਈ ਅਧਿਕਾਰੀਆਂ ਨੇ ਪਿਛਲੇ ਹਫ਼ਤੇ ਹੀ ਸਕੂਲ ਬੰਦ ਕਰਨਾ ਸ਼ੁਰੂ ਕਰ ਦਿੱਤਾ ਸੀ।
ਅੱਜ ਸਵੇਰੇ ਫਰਾਂਸੀਸੀ ਮੀਡੀਆ ਨੇ ਦੂਜੇ ਸ਼ਹਿਰਾਂ ਤੇ ਕਸਬਿਆਂ ’ਚ ਵੀ ਰੋਸ ਮੁਜ਼ਾਹਰਿਆਂ ਦੀ ਖ਼ਬਰ ਦਿੱਤੀ ਕਿਉਂਕਿ ਲੇਬਰ ਯੂਨੀਅਨਾਂ ਨੇ ਮਜ਼ਦੂਰਾਂ ਨੂੰ ਹਾਈ ਸਕੂਲ ਅੰਦੋਲਨ ਦੀ ਹਮਾਇਤ ਵਿੱਚ ਅੱਜ ਰੋਸ ਵਿਖਾਵੇ ਕਰਨ ਦਾ ਸੱਦਾ ਦਿੱਤਾ ਹੋਇਆ ਸੀ। ਇਹ ਅੰਦੋਲਨ ਰਾਸ਼ਟਰਪਤੀ ਇਮੈਨੁਅਲ ਮੈਕਰੌਂ ਦੀ ਸਰਕਾਰ ਨੂੰ ਹਿਲਾ ਰਿਹਾ ਹੈ। ਪੁਲੀਸ ਨੇ ਹੁਣ ਤੱਕ ਪੰਜ ਹਜ਼ਾਰ ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ’ਚ 75 ਫ਼ੀਸਦ ਨਾਬਾਲਗ ਹਨ।





