ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 2 ਅਕਤੂਬਰ ਨੂੰ ਖ਼ਤਮ ਹੋਏ ਹਫ਼ਤੇ ਵਿੱਚ 12.95 ਅਰਬ ਡਾਲਰ ਘਟ ਕੇ 734.61 ਅਰਬ ਡਾਲਰ ਰਹਿ ਗਿਆ। ਭਾਰਤੀ ਰਿਜ਼ਰਵ ਬੈਂਕ (RBI) ਵੱਲੋਂ ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ, ਕੁੱਲ ਵਿਦੇਸ਼ੀ ਮੁਦਰਾ ਭੰਡਾਰ 25 ਸਤੰਬਰ ਨੂੰ ਖ਼ਤਮ ਹੋਏ ਹਫ਼ਤੇ ਵਿੱਚ 18.34 ਅਰਬ ਡਾਲਰ ਘਟ ਕੇ 747.56 ਅਰਬ ਡਾਲਰ ਰਿਹਾ ਸੀ।
ਪਰਵਾਸੀ ਭਾਰਤੀਆਂ (NRIs) ਦੀਆਂ ਜਮ੍ਹਾਂ ਰਕਮਾਂ ‘ਤੇ ਵਿਸ਼ੇਸ਼ ਰਿਆਇਤੀ ਅਦਲਾ-ਬਦਲੀ (ਸਵੈਪ) ਸਕੀਮ ਤਹਿਤ ਵੱਡੀ ਮਾਤਰਾ ਵਿੱਚ ਵਿਦੇਸ਼ੀ ਕਰੰਸੀ ਆਉਣ ਕਾਰਨ 4 ਸਤੰਬਰ ਨੂੰ ਖ਼ਤਮ ਹੋਏ ਹਫ਼ਤੇ ਵਿੱਚ ਵਿਦੇਸ਼ੀ ਮੁਦਰਾ ਭੰਡਾਰ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ 785.71 ਅਰਬ ਡਾਲਰ ‘ਤੇ ਪਹੁੰਚ ਗਿਆ ਸੀ। ਇਸ ਸਕੀਮ ਰਾਹੀਂ ਬੈਂਕਾਂ ਨੇ ਲਗਪਗ 133 ਅਰਬ ਡਾਲਰ ਦਾ ਰਿਕਾਰਡ ਫੰਡ ਇਕੱਠਾ ਕੀਤਾ ਹੈ।
ਕੇਂਦਰੀ ਬੈਂਕ ਦੇ ਅੰਕੜਿਆਂ ਅਨੁਸਾਰ, 2 ਅਕਤੂਬਰ ਨੂੰ ਖ਼ਤਮ ਹੋਏ ਹਫ਼ਤੇ ਦੌਰਾਨ ਵਿਦੇਸ਼ੀ ਮੁਦਰਾ ਭੰਡਾਰ ਦਾ ਮੁੱਖ ਹਿੱਸਾ ਯਾਨੀ ਵਿਦੇਸ਼ੀ ਕਰੰਸੀ ਸੰਪਤੀਆਂ 10.66 ਅਰਬ ਡਾਲਰ ਘਟ ਕੇ 604.75 ਅਰਬ ਡਾਲਰ ਰਹਿ ਗਈਆਂ। ਡਾਲਰ ਦੇ ਰੂਪ ਵਿੱਚ ਦਰਸਾਈਆਂ ਜਾਣ ਵਾਲੀਆਂ ਵਿਦੇਸ਼ੀ ਕਰੰਸੀ ਸੰਪਤੀਆਂ ‘ਤੇ ਭੰਡਾਰ ਵਿੱਚ ਮੌਜੂਦ ਯੂਰੋ, ਪੌਂਡ ਅਤੇ ਯੇਨ ਵਰਗੀਆਂ ਗ਼ੈਰ-ਅਮਰੀਕੀ ਕਰੰਸੀਆਂ ਦੇ ਮੁੱਲ ਵਿੱਚ ਆਏ ਉਤਰਾਅ-ਚੜ੍ਹਾਅ ਦਾ ਅਸਰ ਪੈਂਦਾ ਹੈ।
ਇਸ ਹਫ਼ਤੇ ਦੌਰਾਨ ਸੋਨੇ ਦੇ ਭੰਡਾਰ ਦੀ ਕੀਮਤ 2.29 ਅਰਬ ਡਾਲਰ ਘਟ ਕੇ 106.41 ਅਰਬ ਡਾਲਰ ਰਹਿ ਗਈ। ਉੱਥੇ ਹੀ ਵਿਸ਼ੇਸ਼ ਨਿਕਾਸੀ ਅਧਿਕਾਰ (SDR) 15 ਲੱਖ ਡਾਲਰ ਵੱਧ ਕੇ 18.66 ਅਰਬ ਡਾਲਰ ਹੋ ਗਿਆ। ਇਸ ਦੌਰਾਨ ਕੌਮਾਂਤਰੀ ਮੁਦਰਾ ਫੰਡ (IMF) ਕੋਲ ਭਾਰਤ ਦਾ ਰਿਜ਼ਰਵ ਜਮ੍ਹਾਂ 1.5 ਕਰੋੜ ਡਾਲਰ ਘਟ ਕੇ 4.79 ਅਰਬ ਡਾਲਰ ਰਿਹਾ।






