ਦਿੱਲੀ ਹਾਈ ਕੋਰਟ ਨੇ ਸੋਮਵਾਰ ਨੂੰ ਪੈਪਸੀਕੋ (PepsiCo) ਨੂੰ ਆਪਣੇ ਉਤਪਾਦਾਂ ‘ਤੇ “ਐਨਰਜੀ ਡ੍ਰਿੰਕ” ਲੇਬਲ ਵਰਤ ਕੇ ਉਤਪਾਦਨ ਜਾਰੀ ਰੱਖਣ ਦੀ ਇਜਾਜ਼ਤ ਨਾ ਦੇਣ ਵਾਲੇ ਹੁਕਮਾਂ ਵਿੱਚ ਤੁਰੰਤ ਦਖ਼ਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਸਿੰਗਲ-ਜੱਜ ਬੈਂਚ ਦੇ 6 ਅਕਤੂਬਰ ਦੇ ਹੁਕਮਾਂ ਖ਼ਿਲਾਫ਼ ਪੈਪਸੀਕੋ ਵੱਲੋਂ ਦਾਇਰ ਕੀਤੀ ਗਈ ਅਪੀਲ ‘ਤੇ ਸੁਣਵਾਈ ਕਰਦਿਆਂ, ਕਾਰਜਕਾਰੀ ਚੀਫ਼ ਜਸਟਿਸ ਨਿਤਿਨ ਵਾਸੁਦੇਵ ਸਾਂਬਰੇ ਅਤੇ ਜਸਟਿਸ ਸੰਜੇ ਸ਼ਰਮਾ ਦੇ ਬੈਂਚ ਨੇ ਹੁਕਮ ਵਿੱਚ “ਖਾਸ ਕਾਰਨਾਂ” ਦੀ ਘਾਟ ਦਾ ਨੋਟਿਸ ਲਿਆ। ਅਦਾਲਤ ਨੇ ਸਿੰਗਲ ਜੱਜ ਨੂੰ ਇੱਕ ਹਫ਼ਤੇ ਦੇ ਅੰਦਰ ਕਾਰਨ ਦਰਜ ਕਰਨ ਲਈ ਕਿਹਾ ਤਾਂ ਜੋ ਇਸ ਮੁੱਦੇ ‘ਤੇ ਵਿਚਾਰ ਕੀਤਾ ਜਾ ਸਕੇ।
ਪੈਪਸੀਕੋ ਦੇ ਸੀਨੀਅਰ ਵਕੀਲ ਨੇ ਦਲੀਲ ਦਿੱਤੀ ਕਿ ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ ਇੰਡੀਆ (FSSAI) ਦੀਆਂ ਹਦਾਇਤਾਂ ਦੇ ਬਾਵਜੂਦ ਸਿੰਗਲ ਜੱਜ ਨੇ ਕੰਪਨੀ ਨੂੰ ਆਪਣੇ ਮੌਜੂਦਾ ਸਟਾਕ “ਸਟਿੰਗ ਐਨਰਜੀ” (Sting Energy) ਅਤੇ “ਐਡਰੇਨਾਲੀਨ ਰਸ਼” (Adrenaline Rush) ਵੇਚਣ ਦੀ ਇਜਾਜ਼ਤ ਦਿੱਤੀ ਅਤੇ ਸਖ਼ਤ ਕਾਰਵਾਈ ਤੋਂ ਸੁਰੱਖਿਆ ਪ੍ਰਦਾਨ ਕੀਤੀ, ਪਰ ‘ਐਨਰਜੀ ਡ੍ਰਿੰਕ’ ਲੇਬਲ ਨਾਲ ਹੋਰ ਉਤਪਾਦਨ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ।
ਉਨ੍ਹਾਂ ਦਲੀਲ ਦਿੱਤੀ ਕਿ ਇੱਕ ਵੱਖਰੇ ਮਾਮਲੇ ਵਿੱਚ ਇੱਕ ਹੋਰ ਪੀਣ ਵਾਲੇ ਪਦਾਰਥ ਨੂੰ ਅਜਿਹੀ ਹੀ ਰਾਹਤ ਦਿੱਤੀ ਗਈ ਸੀ।
ਡਿਵੀਜ਼ਨ ਬੈਂਚ ਨੇ ਕਿਹਾ ਕਿ ਉਹ ਇਸ ਪੜਾਅ ‘ਤੇ ਮਾਮਲੇ ਦੇ ਗੁਣ-ਦੋਸ਼ਾਂ ‘ਚ ਜਾਣ ਦੇ ਹੱਕ ‘ਚ ਨਹੀਂ ਹੈ, ਖਾਸ ਕਰਕੇ ਜਦੋਂ ਅੰਤਰਿਮ ਰਾਹਤ ਦੀ ਪੁਸ਼ਟੀ ਦੇ ਮੁੱਦੇ ‘ਤੇ ਅਪੀਲਕਰਤਾ ਦੀ ਅਰਜ਼ੀ ਅਜੇ ਵੀ ਸਿੰਗਲ-ਜੱਜ ਬੈਂਚ ਕੋਲ ਵਿਚਾਰ ਅਧੀਨ ਹੈ।
ਕਾਰਨ ਦਰਜ ਕਰਨ ਲਈ ਮਾਮਲਾ ਮੁੜ ਸਿੰਗਲ-ਜੱਜ ਬੈਂਚ ਕੋਲ ਭੇਜਦਿਆਂ ਅਦਾਲਤ ਨੇ ਕਿਹਾ, “ਮਾਮਲੇ ਵਿੱਚ ਅੰਤਰਿਮ ਰਾਹਤ ਲਾਗੂ ਹੈ। ਸਾਡੀ ਪਹਿਲੀ ਨਜ਼ਰੇ ਇਹ ਰਾਇ ਹੈ ਕਿ ਸਿੰਗਲ ਜੱਜ ਨੇ ‘ਐਨਰਜੀ ਡ੍ਰਿੰਕ’ ਲੇਬਲ ਨਾਲ ਉਤਪਾਦਨ ਕਰਨ ਦੀ ਇਜਾਜ਼ਤ ਨਾ ਦੇਣ ਲਈ ਕੋਈ ਖਾਸ ਕਾਰਨ ਦਰਜ ਨਹੀਂ ਕੀਤਾ ਹੈ, ਜੋ ਕਿ (ਰੈੱਡ ਬੁੱਲ ਮਾਮਲੇ ਵਿੱਚ) ਇਜਾਜ਼ਤਯੋਗ ਸੀ।”
ਬੈਂਚ ਨੇ ਹੁਕਮ ਦਿੱਤਾ, “ਅਸੀਂ ਇਸ ਮਾਮਲੇ ਨੂੰ ਸਿੰਗਲ ਜੱਜ ਕੋਲ ਵਾਪਸ ਭੇਜਣਾ ਉਚਿਤ ਸਮਝਦੇ ਹਾਂ ਅਤੇ ਹਦਾਇਤ ਦਿੰਦੇ ਹਾਂ ਕਿ 6.10.2026 ਦੇ ਹੁਕਮ ਦੇ ਪੈਰਾ 13 ਦੀਆਂ ਟਿੱਪਣੀਆਂ ਲਈ ਕਾਰਨ ਦਰਜ ਕੀਤੇ ਜਾਣ ਤਾਂ ਜੋ ਇਹ ਅਦਾਲਤ ਇਸ ਮੁੱਦੇ ਨਾਲ ਨਿਪਟ ਸਕੇ। ਇਹ ਕਵਾਇਦ ਅੱਜ ਤੋਂ ਇੱਕ ਹਫ਼ਤੇ ਦੇ ਅੰਦਰ ਪੂਰੀ ਕੀਤੀ ਜਾਵੇ।”
ਅਦਾਲਤ ਵਿੱਚ FSSAI ਵੱਲੋਂ ਪੇਸ਼ ਹੋਏ ਵਕੀਲ ਨੇ ਅਪੀਲ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਸੁਣਵਾਈ ਯੋਗ ਨਹੀਂ ਹੈ।
ਜ਼ਿਕਰਯੋਗ ਹੈ ਕਿ 6 ਅਕਤੂਬਰ ਨੂੰ ਸਿੰਗਲ-ਜੱਜ ਬੈਂਚ ਨੇ FSSAI ਵੱਲੋਂ ਪੈਪਸੀਕੋ ਨੂੰ ਆਪਣੇ ਪੀਣ ਵਾਲੇ ਪਦਾਰਥਾਂ ਤੋਂ “ਐਨਰਜੀ ਡ੍ਰਿੰਕ” ਸ਼ਬਦ ਹਟਾਉਣ ਦੇ ਨਿਰਦੇਸ਼ ਦੇਣ ਤੋਂ ਬਾਅਦ ਕੰਪਨੀ ਖ਼ਿਲਾਫ਼ ਕੋਈ ਵੀ ਸਖ਼ਤ ਕਾਰਵਾਈ ਨਾ ਕਰਨ ਦੇ ਹੁਕਮ ਦਿੱਤੇ ਸਨ।
ਕੰਪਨੀ ਨੂੰ ‘ਐਨਰਜੀ ਡ੍ਰਿੰਕ’ ਵਜੋਂ ਲੇਬਲ ਕੀਤੇ ਗਏ ਆਪਣੇ ਮੌਜੂਦਾ ਸਟਾਕ ਨੂੰ ਵੇਚਣ ਦੀ ਇਜਾਜ਼ਤ ਦਿੰਦਿਆਂ ਅਦਾਲਤ ਨੇ ਸਪੱਸ਼ਟ ਕੀਤਾ ਸੀ ਕਿ ਉਹ ਇਸ ਲੇਬਲ ਨਾਲ ਹੋਰ ਉਤਪਾਦ ਤਿਆਰ ਨਹੀਂ ਕਰ ਸਕਦੀ। ਪੈਪਸੀਕੋ ਨੇ FSSAI ਦੇ ਉਸ ਹੁਕਮ ਨੂੰ ਚੁਣੌਤੀ ਦਿੰਦਿਆਂ ਸਿੰਗਲ ਜੱਜ ਕੋਲ ਪਹੁੰਚ ਕੀਤੀ ਸੀ, ਜਿਸ ਵਿੱਚ ‘ਐਨਰਜੀ ਡ੍ਰਿੰਕ’ ਲੇਬਲ ਹਟਾਉਣ ਲਈ ਕਿਹਾ ਗਿਆ ਸੀ। FSSAI ਨੇ ਦੇਸ਼ ਭਰ ਦੇ ਖੁਰਾਕ ਸੁਰੱਖਿਆ ਅਧਿਕਾਰੀਆਂ ਨੂੰ ਇਹ ਉਤਪਾਦ ਜ਼ਬਤ ਕਰਨ ਲਈ ਵੀ ਕਿਹਾ ਸੀ।






