ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਮੇਜਰ ਧਿਆਨ ਚੰਦ ਸਟੇਡੀਅਮ ਵਿੱਚ ਆਈਚੀ-ਨਾਗੋਆ ਏਸ਼ਿਆਈ ਖੇਡਾਂ ਵਿੱਚ ਤਗਮੇ ਜਿੱਤਣ ਵਾਲੇ ਭਾਰਤੀ ਖਿਡਾਰੀਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਖਿਡਾਰੀਆਂ ਦੀ ਹੌਸਲਾ-ਅਫ਼ਜ਼ਾਈ ਕਰਦਿਆਂ ਕਿਹਾ ਕਿ ਇਹ ਸਫ਼ਲਤਾ ਸਿਰਫ਼ ਉਨ੍ਹਾਂ ਦੀ ਨਹੀਂ, ਸਗੋਂ ਕਰੋੜਾਂ ਦੇਸ਼ਵਾਸੀਆਂ ਦੀ ਹੈ।
ਇਸ ਮੌਕੇ ਏਸ਼ਿਆਈ ਖੇਡਾਂ ਵਿੱਚ ਸੋਨ ਤਗਮੇ ਜਿੱਤਣ ਵਾਲੀਆਂ ਭਾਰਤੀ ਪੁਰਸ਼ ਤੇ ਮਹਿਲਾ ਹਾਕੀ ਟੀਮਾਂ ਅਤੇ ਕ੍ਰਿਕਟ ਟੀਮਾਂ ਨੇ ਆਪਣੇ ਦਸਤਖ਼ਤ ਵਾਲੀਆਂ ਜਰਸੀਆਂ ਪ੍ਰਧਾਨ ਮੰਤਰੀ ਨੂੰ ਭੇਟ ਕੀਤੀਆਂ।
ਮੋਦੀ ਨੇ ਖਿਡਾਰੀਆਂ ਦੀ ਸ਼ਲਾਘਾ ਕਰਦਿਆਂ ਕਿਹਾ, “ਇੰਨੇ ਸਾਰੇ ਤਗਮਾ ਜੇਤੂਆਂ ਨੂੰ ਇਕੱਠਿਆਂ ਮਿਲਣਾ ਕੋਈ ਆਮ ਗੱਲ ਨਹੀਂ ਹੈ। ਤੁਸੀਂ ਸਾਰੇ ਨੌਜਵਾਨ ਖਿਡਾਰੀ ਇਸ ਗੱਲ ਦੀ ਮਿਸਾਲ ਹੋ ਕਿ ਜਦੋਂ ਜਨੂੰਨ ਜਿੱਤ ਵਿੱਚ ਬਦਲਦਾ ਹੈ ਤਾਂ ਤਗਮੇ ਦੇ ਨਾਲ ਚਿਹਰੇ ’ਤੇ ਖ਼ੁਸ਼ੀ ਦੀ ਚਮਕ ਵੀ ਆਉਂਦੀ ਹੈ।”
ਮਹਿਲਾ ਹਾਕੀ ਟੀਮ ਨੇ 44 ਸਾਲਾਂ ਦਾ ਇੰਤਜ਼ਾਰ ਖ਼ਤਮ ਕੀਤਾ
ਪ੍ਰਧਾਨ ਮੰਤਰੀ ਨੇ ਭਾਰਤੀ ਮਹਿਲਾ ਹਾਕੀ ਟੀਮ ਦੀ ਵਿਸ਼ੇਸ਼ ਤੌਰ ’ਤੇ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਟੀਮ ਨੇ ਏਸ਼ਿਆਈ ਖੇਡਾਂ ਵਿੱਚ ਸੋਨ ਤਗਮਾ ਜਿੱਤ ਕੇ 44 ਸਾਲਾਂ ਦੇ ਲੰਬੇ ਇੰਤਜ਼ਾਰ ਨੂੰ ਖ਼ਤਮ ਕੀਤਾ ਹੈ।
ਉਨ੍ਹਾਂ ਕਿਹਾ ਕਿ ਸੰਕਲਪ ਅਤੇ ਸੁਪਨੇ ਇਕ ਦਿਨ ਵਿੱਚ ਪੂਰੇ ਨਹੀਂ ਹੁੰਦੇ। ਇਸ ਲਈ ਸਾਲਾਂ ਤੱਕ ਸਬਰ ਰੱਖਣ ਅਤੇ ਲਗਾਤਾਰ ਮਿਹਨਤ ਕਰਨ ਦੀ ਲੋੜ ਹੁੰਦੀ ਹੈ। ਦੇਸ਼ ਵਿੱਚ ਆਇਆ ਬਦਲਾਅ ਵੀ ਇਸੇ ਭਾਵਨਾ ਦਾ ਨਤੀਜਾ ਹੈ, ਜਿਸ ਸਦਕਾ ਖਿਡਾਰੀਆਂ ਨੇ ਸਫ਼ਲਤਾ ਹਾਸਲ ਕੀਤੀ ਹੈ।
ਦੇਸ਼ ਹਰ ਖਿਡਾਰੀ ਦੇ ਨਾਲ ਖੜ੍ਹਾ ਹੈ: ਮੋਦੀ
ਮੋਦੀ ਨੇ ਕਿਹਾ ਕਿ ਪਿਛਲੇ 10 ਤੋਂ 12 ਸਾਲਾਂ ਦੌਰਾਨ ਦੇਸ਼ ਨੇ ਲਗਨ ਅਤੇ ਸਮਰਪਣ ਨਾਲ ਲਗਾਤਾਰ ਯਤਨ ਕੀਤੇ ਹਨ। ਅੱਜ ਹਰ ਖਿਡਾਰੀ ਨੂੰ ਭਰੋਸਾ ਹੈ ਕਿ ਉਸ ਦੇ ਪੂਰੇ ਸਫ਼ਰ ਦੌਰਾਨ ਦੇਸ਼ ਉਸ ਦੇ ਨਾਲ ਖੜ੍ਹਾ ਹੈ। ਖਿਡਾਰੀਆਂ ਨੇ ਆਪਣੀਆਂ ਪ੍ਰਾਪਤੀਆਂ ਨਾਲ ਇਸ ਭਰੋਸੇ ਨੂੰ ਸਹੀ ਸਾਬਤ ਕੀਤਾ ਹੈ।
ਜ਼ਿਕਰਯੋਗ ਹੈ ਕਿ ਭਾਰਤ ਨੇ ਆਈਚੀ-ਨਾਗੋਆ ਏਸ਼ਿਆਈ ਖੇਡਾਂ ਵਿੱਚ 21 ਸੋਨ ਤਗਮਿਆਂ ਸਮੇਤ ਕੁੱਲ 85 ਤਗਮੇ ਜਿੱਤ ਕੇ ਚੌਥਾ ਸਥਾਨ ਹਾਸਲ ਕੀਤਾ।





