ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੀ ਰਾਜਧਾਨੀ ਪੇਸ਼ਾਵਰ ਵਿੱਚ ਵੀਰਵਾਰ ਨੂੰ ਇੱਕ ਨਿੱਜੀ ਸਕੂਲ ਦੀ ਛੱਤ ਡਿੱਗਣ ਕਾਰਨ ਘੱਟੋ-ਘੱਟ 34 ਬੱਚਿਆਂ ਅਤੇ ਇੱਕ ਅਧਿਆਪਕਾ ਦੀ ਮੌਤ ਹੋ ਗਈ। ਹਸਪਤਾਲ ਦੇ ਅਧਿਕਾਰੀਆਂ ਅਤੇ ਪੁਲੀਸ ਨੇ ਇਸ ਦੁਖਦਾਈ ਘਟਨਾ ਦੀ ਪੁਸ਼ਟੀ ਕੀਤੀ ਹੈ।
ਪੇਸ਼ਾਵਰ ਦੇ ਪੁਲੀਸ ਮੁਖੀ ਮੀਆਂ ਸਈਦ ਨੇ ਦੱਸਿਆ ਕਿ ਇਹ ਹਾਦਸਾ ਸ਼ਹਿਰ ਦੇ ਅੰਦਰੂਨੀ ਇਲਾਕੇ ਦੀਰ ਕਾਲੋਨੀ ਵਿੱਚ ਵਾਪਰਿਆ। ਪੁਲੀਸ ਨੇ ਤਿੰਨ ਮੰਜ਼ਿਲਾ ਸਕੂਲ ਦੇ ਮਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਮਾਰਤ ਦੀ ਛੱਤ ਦਾ ਨਿਰਮਾਣ ਠੀਕ ਢੰਗ ਨਾਲ ਨਹੀਂ ਕੀਤਾ ਗਿਆ ਸੀ। ਇਹ ਸਕੂਲ ਇੱਕ ਐਜੂਕੇਸ਼ਨਲ ਟਰੱਸਟ ਅਧੀਨ ਚਲਾਇਆ ਜਾ ਰਿਹਾ ਸੀ। ਪੁਲੀਸ ਮੁਖੀ ਮੁਤਾਬਕ, ਸਕੂਲ ਵਿੱਚ ਕੁੱਲ 110 ਬੱਚੇ ਦਾਖਲ ਸਨ ਅਤੇ ਹਾਦਸੇ ਸਮੇਂ ਉੱਪਰਲੀ ਮੰਜ਼ਿਲ ਦੀਆਂ ਜਮਾਤਾਂ ਵਿੱਚ 30 ਵਿਦਿਆਰਥੀ ਮੌਜੂਦ ਸਨ।
ਲੇਡੀ ਰੀਡਿੰਗ ਹਸਪਤਾਲ (LRH) ਦੇ ਬੁਲਾਰੇ ਮੁਹੰਮਦ ਆਸਿਮ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ 34 ਵਿਦਿਆਰਥੀ (ਜਿਨ੍ਹਾਂ ਵਿੱਚ ਛੇ ਕੁੜੀਆਂ ਹਨ) ਅਤੇ ਇੱਕ ਅਧਿਆਪਕਾ ਸ਼ਾਮਲ ਹੈ। ਮ੍ਰਿਤਕ ਬੱਚਿਆਂ ਦੀ ਉਮਰ 13 ਸਾਲ ਜਾਂ ਇਸ ਤੋਂ ਘੱਟ ਹੈ। ਹਾਦਸੇ ਵਿੱਚ 20 ਵਿਦਿਆਰਥੀਆਂ ਸਮੇਤ 40 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਦੇ ਇਲਾਜ ਲਈ ਹਸਪਤਾਲ ਵਿੱਚ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਗਈ ਹੈ।
ਡਿਪਟੀ ਕਮਿਸ਼ਨਰ ਅਫਾਕ ਵਜ਼ੀਰ ਅਨੁਸਾਰ ਮਲਬੇ ਹੇਠਾਂ ਫਸੇ ਸਾਰੇ ਲੋਕਾਂ ਨੂੰ ਕੱਢ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ। ਸੂਬਾਈ ਸਿੱਖਿਆ ਸਕੱਤਰ ਇਨਾਇਤੁੱਲਾ ਵਸੀਮ ਨੇ ਪ੍ਰਾਈਵੇਟ ਸਕੂਲ ਰੈਗੂਲੇਟਰੀ ਅਥਾਰਟੀ ਤੋਂ ਸ਼ੁੱਕਰਵਾਰ ਤੱਕ ਰਿਪੋਰਟ ਤਲਬ ਕੀਤੀ ਹੈ। ਤੰਗ ਗਲੀਆਂ ਹੋਣ ਕਾਰਨ ਬਚਾਅ ਕਾਰਜਾਂ ਵਿੱਚ ਮੁਸ਼ਕਲ ਆਈ। ਆਈਜੀ ਜੁਲਫਿਕਾਰ ਹਮੀਦ ਨੇ ਐਂਬੂਲੈਂਸਾਂ ਦੀ ਆਵਾਜਾਈ ਲਈ ‘ਗ੍ਰੀਨ ਕੋਰੀਡੋਰ’ ਬਣਾਉਣ ਦੀਆਂ ਹਦਾਇਤਾਂ ਦਿੱਤੀਆਂ ਸਨ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ, ਨੈਸ਼ਨਲ ਅਸੈਂਬਲੀ ਦੇ ਸਪੀਕਰ ਸਰਦਾਰ ਅਯਾਜ਼ ਸਾਦਿਕ, ਰਾਜਪਾਲ ਫੈਸਲ ਕਰੀਮ ਕੁੰਡੀ ਅਤੇ ਪੀਪੀਪੀ ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਇਸ ਘਟਨਾ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਜਤਾਈ ਹੈ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਵਿੱਚ ਸੁਰੱਖਿਆ ਮਾਪਦੰਡਾਂ ਦੀ ਅਣਦੇਖੀ ਅਤੇ ਘਟੀਆ ਨਿਰਮਾਣ ਸਮੱਗਰੀ ਕਾਰਨ ਇਮਾਰਤਾਂ ਡਿੱਗਣ ਦੀਆਂ ਘਟਨਾਵਾਂ ਅਕਸਰ ਵਾਪਰਦੀਆਂ ਰਹਿੰਦੀਆਂ ਹਨ। ਇਸ ਤੋਂ ਪਹਿਲਾਂ ਜੁਲਾਈ ਅਤੇ ਜੂਨ ਮਹੀਨੇ ਵਿੱਚ ਵੀ ਸਿੰਧ ਅਤੇ ਲਾਹੌਰ ਵਿਖੇ ਅਜਿਹੇ ਹਾਦਸਿਆਂ ਵਿੱਚ ਕਈ ਸਕੂਲੀ ਬੱਚਿਆਂ ਦੀ ਜਾਨ ਜਾ ਚੁੱਕੀ ਹੈ।





