ਪੰਜਾਬ ਵਿੱਚ ਹੋਣ ਜਾ ਰਹੀ ਆਗਾਮੀ ਏਸ਼ੀਅਨ ਚੈਂਪੀਅਨਜ਼ ਟਰਾਫੀ ਭਾਰਤੀ ਹਾਕੀ ਖਿਡਾਰੀਆਂ ਦੇ ਪਰਿਵਾਰਾਂ ਲਈ ਇੱਕ ਬਹੁਤ ਹੀ ਭਾਵੁਕ ਮੌਕਾ ਹੋਵੇਗਾ। ਜਲੰਧਰ ਵਿੱਚ 27 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਇਸ ਟੂਰਨਾਮੈਂਟ ਦੌਰਾਨ ਪੰਜਾਬ ਦੇ ਹਾਕੀ ਖਿਡਾਰੀਆਂ ਦੇ ਮਾਪੇ ਪਹਿਲੀ ਵਾਰ ਆਪਣੇ ਪੁੱਤਰਾਂ ਨੂੰ ਆਪਣੀਆਂ ਅੱਖਾਂ ਸਾਹਮਣੇ ਖੇਡਦਿਆਂ ਦੇਖਣ ਦੀਆਂ ਤਿਆਰੀਆਂ ਕਰ ਰਹੇ ਹਨ। ਪੰਜਾਬ ਦੇ ਕੁਝ ਹਾਕੀ ਖਿਡਾਰੀ ਅਜਿਹੇ ਹਨ ਜਿਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਨੂੰ ਕਦੇ ਲਾਈਵ ਖੇਡਦਿਆਂ ਨਹੀਂ ਦੇਖਿਆ।
ਮਾਪਿਆਂ ਦਾ ਕਹਿਣਾ ਹੈ, “ਸਾਡੇ ਲਈ ਇਹ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ ਕਿ ਇਸ ਵਾਰ ਇਹ ਕੌਮਾਂਤਰੀ ਟੂਰਨਾਮੈਂਟ ਪੰਜਾਬ ਵਿੱਚ ਹੋ ਰਿਹਾ ਹੈ।” ਇਸ ਪਲ ਦੀ ਬੇਸਬਰੀ ਨਾਲ ਉਡੀਕ ਕਰਨ ਵਾਲਿਆਂ ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਦੇ ਪਿਤਾ ਸਰਬਜੀਤ ਸਿੰਘ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਉਹ 27 ਅਕਤੂਬਰ ਦੀ ਉਡੀਕ ਕਰ ਰਹੇ ਹਨ ਅਤੇ ਟੂਰਨਾਮੈਂਟ ਸ਼ੁਰੂ ਹੋਣ ਤੋਂ ਦੋ ਦਿਨ ਪਹਿਲਾਂ ਹੀ ਆਪਣੇ ਰਿਸ਼ਤੇਦਾਰਾਂ ਨਾਲ ਜਲੰਧਰ ਪਹੁੰਚ ਜਾਣਗੇ।
ਪੇਸ਼ੇ ਤੋਂ ਕਿਸਾਨ ਸਰਬਜੀਤ ਸਿੰਘ ਨੇ ਪਹਿਲਾਂ ਹੀ ਅਜਿਹੇ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ ਹਨ ਤਾਂ ਜੋ ਉਨ੍ਹਾਂ ਦੀ ਗੈਰ-ਹਾਜ਼ਰੀ ਵਿੱਚ ਉਨ੍ਹਾਂ ਦੇ ਖੇਤਾਂ ਅਤੇ ਘਰ ਦੀਆਂ ਜ਼ਿੰਮੇਵਾਰੀਆਂ ਦਾ ਧਿਆਨ ਰੱਖਿਆ ਜਾ ਸਕੇ। ਉਨ੍ਹਾਂ ਕਿਹਾ, “ਮੈਂ ਇੱਕ ਕਿਸਾਨ ਹਾਂ ਅਤੇ ਮੈਂ ਪਹਿਲਾਂ ਹੀ ਆਪਣੇ ਖੇਤਾਂ ਅਤੇ ਘਰ ਦੀ ਦੇਖਭਾਲ ਲਈ ਹੋਰਾਂ ਦੀ ਡਿਊਟੀ ਲਗਾ ਦਿੱਤੀ ਹੈ ਤਾਂ ਜੋ ਆਖਿਰਕਾਰ ਮੈਂ ਆਪਣੇ ਪੁੱਤਰ ਨੂੰ ਸਾਹਮਣੇ ਖੇਡਦਿਆਂ ਦੇਖ ਸਕਾਂ।”
ਆਪਣੀ ਖੁਸ਼ੀ ਜ਼ਾਹਰ ਕਰਦਿਆਂ ਉਨ੍ਹਾਂ ਕਿਹਾ, “ਇਸ ਵੇਲੇ ਦਾ ਬੜਾ ਇੰਤਜ਼ਾਰ ਕੀਤਾ ਹੈ, ਜਦੋਂ ਮੇਰੀਆਂ ਅੱਖਾਂ ਦੇ ਸਾਹਮਣੇ ਮੇਰਾ ਬੇਟਾ ਖੇਡੇਗਾ। ਉਸ ਦਿਨ ਸਾਰਾ ਕੰਮ ਛੱਡ ਦੇਣਾ।”
ਸੁਖਜੀਤ ਸਿੰਘ ਦੇ ਪਿਤਾ ਅਜੀਤ ਸਿੰਘ, ਜੋ ਪੰਜਾਬ ਪੁਲੀਸ ਵਿੱਚ ਤਾਇਨਾਤ ਹਨ, ਲਈ ਵੀ ਇਹ ਟੂਰਨਾਮੈਂਟ ਆਪਣੇ ਪੁੱਤਰ ਨੂੰ ਲਾਈਵ ਖੇਡਦਿਆਂ ਦੇਖਣ ਦਾ ਇੱਕ ਅਜਿਹਾ ਮੌਕਾ ਹੈ ਜਿਸਦੀ ਉਹ ਲੰਮੇ ਸਮੇਂ ਤੋਂ ਉਡੀਕ ਕਰ ਰਹੇ ਸਨ। ਆਪਣੀ ਡਿਊਟੀ ਦੇ ਰੁਝੇਵਿਆਂ ਕਾਰਨ ਉਹ ਪਹਿਲਾਂ ਕਦੇ ਆਪਣੇ ਪੁੱਤਰ ਦੇ ਮੈਚ ਦੇਖਣ ਨਹੀਂ ਜਾ ਸਕੇ ਸਨ। ਉਨ੍ਹਾਂ ਕਿਹਾ, “ਮੈਂ ਡਿਊਟੀ ਵਿੱਚ ਰੁੱਝੇ ਹੋਣ ਕਾਰਨ ਕਦੇ ਵੀ ਉਸ ਦੇ ਮੈਚ ਦੇਖਣ ਨਹੀਂ ਜਾ ਸਕਿਆ, ਇਸ ਲਈ ਮੈਂ ਹਮੇਸ਼ਾ ਉਸ ਨੂੰ ਟੀਵੀ ‘ਤੇ ਹੀ ਦੇਖਿਆ ਹੈ। ਪਰ ਇਸ ਵਾਰ ਮੈਂ ਬਹੁਤ ਉਤਸ਼ਾਹਿਤ ਅਤੇ ਖੁਸ਼ ਹਾਂ ਕਿ ਮੈਨੂੰ ਆਪਣੇ ਪੁੱਤਰ ਨੂੰ ਮੇਰੇ ਸਾਹਮਣੇ ਖੇਡਦਿਆਂ ਦੇਖਣ ਦਾ ਮੌਕਾ ਮਿਲੇਗਾ।”
ਗੋਲਕੀਪਰ ਕ੍ਰਿਸ਼ਨ ਬੀ. ਪਾਠਕ ਲਈ ਵੀ ਇਹ ਮੌਕਾ ਖਾਸ ਅਹਿਮੀਅਤ ਰੱਖਦਾ ਹੈ। ਛੋਟੀ ਉਮਰ ਵਿੱਚ ਹੀ ਆਪਣੇ ਮਾਤਾ-ਪਿਤਾ ਨੂੰ ਗੁਆ ਚੁੱਕੇ ਪਾਠਕ ਦਾ ਪਾਲਣ-ਪੋਸ਼ਣ ਉਨ੍ਹਾਂ ਦੇ ਤਾਇਆ/ਚਾਚਾ ਜੀ ਦੇ ਪਰਿਵਾਰ ਵੱਲੋਂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਚਾਹੁੰਦੇ ਸਨ ਕਿ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਨੂੰ ਖੇਡਦਿਆਂ ਦੇਖੇ ਅਤੇ ਹੁਣ ਇਹ ਸੁਪਨਾ ਪੂਰਾ ਹੋਣ ਜਾ ਰਿਹਾ ਹੈ।
ਖਿਡਾਰੀਆਂ ਦੇ ਮਾਪਿਆਂ ਨੇ ਕਿਹਾ, “ਸਾਡੇ ਵਰਗਿਆਂ ਲਈ ਜਿਨ੍ਹਾਂ ਨੇ ਆਪਣੇ ਪੁੱਤਰਾਂ ਨੂੰ ਕਦੇ ਆਪਣੀ ਅੱਖਾਂ ਦੇ ਸਾਹਮਣੇ ਸਟੇਡੀਅਮ ਵਿੱਚ ਖੇਡਦਿਆਂ ਨਹੀਂ ਦੇਖਿਆ, ਇਹ ਮੈਚ ਸਿਰਫ਼ ਖੇਡ ਨਹੀਂ ਹੋਣਗੇ, ਸਗੋਂ ਉਨ੍ਹਾਂ ਦੀ ਸਾਲਾਂ ਦੀ ਸਖ਼ਤ ਮਿਹਨਤ ਨੂੰ ਸਾਡੀਆਂ ਅੱਖਾਂ ਸਾਹਮਣੇ ਸਾਕਾਰ ਹੁੰਦੇ ਦੇਖਣ ਦਾ ਮੌਕਾ ਹੋਵੇਗਾ।”





