Canada Accident: ਕੈਨੇਡਾ ਦੇ ਸੂਬੇ ਅਲਬਰਟਾ ਦੇ ਵੱਡੇ ਸ਼ਹਿਰ ਕੈਲਗਰੀ ਦੇ ਉਤਰ ਪੱਛਮੀ ਪਾਸੇ ਟਰਾਂਜ਼ਿਟ ਬੱਸ ਅਤੇ ਕਾਰ ਵਿਚ ਹੋਈ ਟੱਕਰ ਤੋਂ ਬਾਅਦ ਉੱਥੇ ਇੱਕ ਹੋਰ ਬੱਸ ਅਤੇ ਚਾਰ ਹੋਰ ਵਾਹਨ ਆ ਭਿੜੇ ਜਿਸ ਕਾਰਨ ਸੀਐਨਜੀ ’ਤੇ ਚਲਦੀ ਬੱਸ ਨੂੰ ਲੱਗੀ ਅੱਗ ਕਾਰਣ 3 ਸਵਾਰੀਆਂ ਦੀ ਮੌਤ ਹੋ ਗਈ ਤੇ 19 ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਾਉਣ ਤੋਂ ਬਾਅਦ 9 ਨੂੰ ਛੁੱਟੀ ਦੇ ਦਿੱਤੀ ਗਈ।
ਪੁਲੀਸ ਵਲੋਂ ਜਾਰੀ ਜਾਣਕਾਰੀ ਅਨੁਸਾਰ ਬਾਅਦ ਦੁਪਹਿਰ ਸੀਐਨਜੀ ’ਤੇ ਚਲਦੀ ਬੱਸ ਸ਼ਹਿਰ ਤੋਂ ਬਾਹਰ ਵਾਲੇ ਪਾਸੇ ਜਾ ਰਹੀ ਸੀ। ਇੱਕ ਭੀੜ ਵਾਲੇ ਖੇਤਰ ਵਿਚ ਪਹੁੰਚਣ ’ਤੇ ਮੂਹਰਿਓਂ ਇਕ ਕਾਰ ਬੱਸ ਵਿਚ ਵੱਜ ਕੇ ਸੜਕ ਦੇ ਦੂਜੀ ਲੇਨ ਵਿਚ ਆ ਰਹੀ ਹੋਰ ਬੱਸ ਨਾਲ ਟਕਰਾ ਗਈ। ਇੰਜ ਚਾਰ ਹੋਰ ਵਾਹਨ ਇਸ ਹਾਦਸੇ ਦੀ ਲਪੇਟ ਵਿੱਚ ਆ ਗਏ। ਹਾਦਸੇ ਕਾਰਨ ਬੱਸ ਦੀ ਲੀਕ ਹੋਈ ਗੈਸ ਕਾਰਨ ਅੱਗ ਲੱਗ ਗਈ। ਬਚਾਅ ਅਮਲਾ ਤੁਰੰਤ ਮੌਕੇ ’ਤੇ ਪਹੁੰਚਿਆ ਤੇ ਬੱਸ ਸਮੇਤ ਵਾਹਨਾਂ ਵਿਚ ਫਸੇ ਲੋਕਾਂ ਨੂੰ ਬਾਹਰ ਕੱਢ ਕੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਿਆ। ਦੇਰ ਸ਼ਾਮ ਤੱਕ ਜ਼ਖ਼ਮੀਆਂ ਵਿਚੋਂ ਤਿੰਨ ਦੀ ਮੌਤ ਹੋਣ ਤੇ ਪੰਜ ਹੋਰਾਂ ਦੇ ਗੰਭੀਰ ਜ਼ਖਮੀ ਹੋਣ ਬਾਰੇ ਦੱਸਿਆ ਗਿਆ ਹੈ।
ਪੁਲੀਸ ਅਨੁਸਾਰ ਦੋ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ, 20 ਨੂੰ ਹਸਪਤਾਲ ਦਾਖਲ ਕਰਾਇਆ ਗਿਆ, ਜਿਨ੍ਹਾਂ ਵਿਚੋਂ ਇੱਕ ਹੋਰ ਦੀ ਮੌਤ ਹੋ ਗਈ ਤੇ 9 ਨੂੰ ਮੁੱਢਲੀ ਡਾਕਟਰੀ ਮਦਦ ਦੇ ਕੇ ਘਰ ਭੇਜ ਦਿੱਤਾ ਗਿਆ। ਪੰਜ ਜ਼ਖ਼ਮੀ ਗੰਭੀਰ ਹਾਲਤ ਵਿੱਚ ਹਨ ਜਦ ਕਿ ਪੰਜ ਹੋਰਾਂ ਦੇ ਜ਼ਖ਼ਮ ਜਾਨਲੇਵਾ ਨਹੀਂ ਤੇ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ। ਅਲਬਰਟਾ ਦੀ ਮੁੱਖ ਮੰਤਰੀ ਡੈਨੀਅਲ ਸਮਿੱਥ ਨੇ ਹਾਦਸੇ ’ਤੇ ਦੁੱਖ ਪ੍ਰਗਟ ਕਰਦਿਆਂ ਮਰਨ ਵਾਲਿਆਂ ਦੇ ਪਰਿਵਾਰਿਕ ਮੈਂਬਰਾਂ ਅਤੇ ਜ਼ਖ਼ਮੀਆਂ ਦੀ ਹਰ ਮਦਦ ਦਾ ਭਰੋਸਾ ਦਿੱਤਾ ਹੈ।





