ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪੰਜਾਬ ਫੇਰੀ ਤੋਂ ਇੱਕ ਦਿਨ ਪਹਿਲਾਂ ਭਾਜਪਾ ’ਤੇ ਤਿੱਖਾ ਹਮਲਾ ਬੋਲਿਆ ਹੈ। ਕੇਜਰੀਵਾਲ ਨੇ ਆਪਣੇ ‘ਐਕਸ’ (ਟਵਿੱਟਰ) ਖ਼ਾਤੇ ’ਤੇ ਟਿੱਪਣੀ ਕਰਦਿਆਂ ਬਿਨਾਂ ਨਾਮ ਲਏ ਕਿਹਾ ਕਿ ਭਾਜਪਾ ਨੇ ਦੇਸ਼ ਦੇ ਸਭ ਤੋਂ ਵੱਡੇ ਗੈਂਗਸਟਰ ਨੂੰ ਆਪਣਾ ਜਵਾਈ ਬਣਾ ਕੇ ਰੱਖਿਆ ਹੈ।
ਅਦਾਕਾਰ ਟਾਈਗਰ ਸ਼ਰੌਫ਼ ’ਤੇ ਹੋਏ ਹਮਲੇ ਦੀ ਪੋਸਟ ਸਾਂਝੀ ਕਰਦਿਆਂ ਕੇਜਰੀਵਾਲ ਨੇ ਇਹ ਵੀ ਕਿਹਾ ਕਿ ਉਹ ਆਪਣੇ ਸੂਬਿਆਂ ਵਿੱਚ ਕਾਨੂੰਨ ਅਤੇ ਵਿਵਸਥਾ ਨੂੰ ਸੰਭਾਲ ਨਹੀਂ ਸਕਦੇ।
ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਦੇਸ਼ ਦੇ ਸਭ ਤੋਂ ਵੱਡੇ ਗੈਂਗਸਟਰ ਨੂੰ ਨਾ ਸਿਰਫ਼ ਭਾਰਤ ਵਿੱਚ, ਸਗੋਂ ਦੁਨੀਆ ਵਿੱਚ ਅਪਰਾਧ ਕਰਨ ਦੀਆਂ ਸਾਰੀਆਂ ਸਹੂਲਤਾਂ ਦਿੱਤੀਆਂ ਹੋਈਆਂ ਹਨ ਅਤੇ ਭਲਕ ਨੂੰ ਇਹੀ ਲੋਕ ਪੰਜਾਬ ਆ ਕੇ ਕਾਨੂੰਨ ਅਤੇ ਵਿਵਸਥਾ ਉੱਤੇ ਭਾਸ਼ਣ ਦੇਣਗੇ।
ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਹਨ ਕਿ ਉਨ੍ਹਾਂ ਨੂੰ ਵੋਟ ਪਾਉਣਾ ਆਪਣੇ ਘਰ ਵਿੱਚ ਉਨ੍ਹਾਂ ਦੇ ਜਵਾਈ ਰੂਪੀ ਗੈਂਗਸਟਰ ਨੂੰ ਸੱਦਾ ਦੇਣ ਵਾਂਗ ਹੋਵੇਗਾ।






