ਕੈਨੇਡਾ ਵਿੱਚ ਮੰਗਲਵਾਰ ਨੂੰ ਤੇਲ ਦੇ ਵੱਡੇ ਭੰਡਾਰਾਂ ਵਾਲੇ ਸੂਬੇ ਅਲਬਰਟਾ ਦੀ ਰਾਇਸ਼ੁਮਾਰੀ (ਰੈਫਰੈਂਡਮ) ਦੇ ਨਤੀਜਿਆਂ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ। ਇਹ ਵੋਟਿੰਗ ਅਲਬਰਟਾ ਨੂੰ ਕੈਨੇਡਾ ਤੋਂ ਵੱਖ ਕਰਕੇ ਆਜ਼ਾਦੀ ਦੇ ਰਾਹ ਵੱਲ ਲੈ ਕੇ ਜਾ ਸਕਦੀ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਛੇੜੀ ਵਪਾਰਕ ਜੰਗ ਅਤੇ ਕੈਨੇਡਾ ਨੂੰ ਅਮਰੀਕਾ ਦਾ ਹਿੱਸਾ ਬਣਾਉਣ ਦੀਆਂ ਧਮਕੀਆਂ ਦਰਮਿਆਨ, ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਦੇਸ਼ ਦੀ ਏਕਤਾ ਬਣਾਈ ਰੱਖਣ ਦੀ ਕੋਸ਼ਿਸ਼ ਲਈ ਇਹ ਇੱਕ ਵੱਡੀ ਪ੍ਰੀਖਿਆ ਮੰਨੀ ਜਾ ਰਹੀ ਹੈ। ਸੋਮਵਾਰ ਨੂੰ ਕਈ ਪੋਲਿੰਗ ਸਟੇਸ਼ਨ ਦੇਰੀ ਨਾਲ ਖੁੱਲ੍ਹਣ ਕਾਰਨ ਵੋਟਿੰਗ ਦਾ ਸਮਾਂ ਵਧਾਉਣਾ ਪਿਆ।
ਇਹ ਵੋਟਿੰਗ ਸਿੱਧੇ ਤੌਰ ‘ਤੇ ਆਜ਼ਾਦੀ ਲਈ ਨਹੀਂ ਸੀ। ਵੋਟਰਾਂ ਨੇ ਇਹ ਫੈਸਲਾ ਕਰਨਾ ਸੀ ਕਿ ਉਹ ਕੈਨੇਡਾ ਨਾਲ ਰਹਿਣਾ ਚਾਹੁੰਦੇ ਹਨ ਜਾਂ ਇੱਕ ਅਜਿਹੀ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰਨੀ ਚਾਹੁੰਦੇ ਹਨ ਜੋ ਅਲਹਿਦਗੀ (ਵੱਖ ਹੋਣ) ਲਈ ਦੂਜੀ ਵੋਟਿੰਗ ਵੱਲ ਲੈ ਜਾਵੇ। ਅਲਬਰਟਾ ਵਿੱਚ ਰਵਾਇਤੀ ਤੌਰ ‘ਤੇ ਕੇਂਦਰ ਸਰਕਾਰ (ਓਟਾਵਾ) ਪ੍ਰਤੀ ਡੂੰਘੀ ਨਾਰਾਜ਼ਗੀ ਰਹੀ ਹੈ, ਪਰ ਇਹ ਕਦੇ ਵੀ ਕੈਨੇਡਾ ਤੋਂ ਵੱਖ ਹੋਣ ਦੇ ਵੱਡੇ ਸਮਰਥਨ ਵਿੱਚ ਨਹੀਂ ਬਦਲੀ।
ਵੇਨਰਾਈਟ (Wainwright) ਦੇ ਵੋਟਰ ਡਸਟਿਨ ਡੇਗੇਨਹਾਰਡਟ ਨੇ ਕਿਹਾ ਕਿ ਅਲਬਰਟਾ ਨਾਲ ਹਮੇਸ਼ਾ ਇੱਕ ਬਸਤੀ (ਕਲੋਨੀ) ਵਰਗਾ ਵਿਵਹਾਰ ਕੀਤਾ ਗਿਆ ਹੈ; ਕੇਂਦਰ ਉਨ੍ਹਾਂ ਤੋਂ ਸਿਰਫ਼ ਲੈਣਾ ਜਾਣਦਾ ਹੈ। ਵੇਨਰਾਈਟ ਦੀ ਹੀ ਇੱਕ ਹੋਰ ਵੋਟਰ ਟੇਲਰ ਮੈਕਆਈਜ਼ੈਕ ਨੇ ਵੱਖ ਹੋਣ ਦਾ ਸਮਰਥਨ ਕਰਦਿਆਂ ਕਿਹਾ ਕਿ ਇੱਕ ਰੂੜੀਵਾਦੀ (ਕੰਜ਼ਰਵੇਟਿਵ) ਹੋਣ ਦੇ ਨਾਤੇ ਉਸਨੂੰ ਲੱਗਦਾ ਹੈ ਕਿ ਅਲਬਰਟਾ ਦਾ ਵੱਖ ਹੋਣਾ ਠੀਕ ਰਹੇਗਾ। ਦੂਜੇ ਪਾਸੇ, ਐਡਮਿੰਟਨ ਦੇ 59 ਸਾਲਾ ਡੇਵ ਮਾਲਕਾ ਨੇ ਕਿਹਾ ਕਿ ਅਜਿਹੇ ਸਮੇਂ ਵਿੱਚ ਜਦੋਂ ਦੇਸ਼ ਨੂੰ ਇੱਕਜੁੱਟ ਹੋਣ ਦੀ ਲੋੜ ਹੈ, ਸਿਹਤ ਸਹੂਲਤਾਂ ਦੀ ਬਜਾਏ ਰਾਇਸ਼ੁਮਾਰੀ ‘ਤੇ ਪੈਸਾ ਖਰਚ ਕੇ ਆਪਸ ਵਿੱਚ ਲੜਨਾ ਗਲਤ ਹੈ। ਕੈਲਗਰੀ ਦੇ 35 ਸਾਲਾ ਜੇਕ ਗ੍ਰਾਹਮ ਨੇ ਉਮੀਦ ਜਤਾਈ ਕਿ ਇਹ ਵੋਟਿੰਗ ਇਸ ਵਿਵਾਦ ਨੂੰ ਹਮੇਸ਼ਾ ਲਈ ਖਤਮ ਕਰ ਦੇਵੇਗੀ।
ਉੱਥੇ ਹੀ ਪ੍ਰਧਾਨ ਮੰਤਰੀ ਕਾਰਨੀ ਨੇ ਵੋਟਰਾਂ ਨੂੰ ਏਕਤਾ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ‘ਤੇ ਕੈਨੇਡਾ ਦਾ ਭਵਿੱਖ ਨਿਰਭਰ ਕਰਦਾ ਹੈ। ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿੱਥ ਨੇ ਆਪਣੀ ਪਾਰਟੀ ਦੇ ਅੰਦਰੋਂ ਉੱਠ ਰਹੀ ਵੱਖ ਹੋਣ ਦੀ ਮੰਗ ਦੇ ਦਬਾਅ ਹੇਠ ਇਹ ਰਾਇਸ਼ੁਮਾਰੀ ਕਰਵਾਈ, ਹਾਲਾਂਕਿ ਉਹ ਖੁਦ ਇਸਦੇ ਖਿਲਾਫ ਹਨ। ਵੱਖਰੇ ਦੇਸ਼ ਦੀ ਮੰਗ ਕਰਨ ਵਾਲੇ ਆਗੂ ਜੈੱਫ ਰੈਥ ਨੇ ਕਿਹਾ ਕਿ ਜੇਕਰ 30 ਫ਼ੀਸਦੀ ਲੋਕ ਵੀ ਵੱਖ ਹੋਣ ਦੇ ਹੱਕ ਵਿੱਚ ਭੁਗਤਦੇ ਹਨ, ਤਾਂ ਉਹ ਇਸਨੂੰ ਇੱਕ ਵੱਡੀ ਪ੍ਰਾਪਤੀ ਮੰਨਣਗੇ।





