ਗਾਇਕ ਮੀਕਾ ਸਿੰਘ ਨੇ ਉਤਰਾਖੰਡ ਦੇ ਕੈਬਨਿਟ ਮੰਤਰੀ ਸੁਬੋਧ ਉਨਿਆਲ ਨੂੰ ਪੰਜਾਬੀ ਸਟਾਰ ਦਲੇਰ ਮਹਿੰਦੀ ਤੋਂ ਜਨਤਕ ਤੌਰ ‘ਤੇ ਝਿੜਕਣ ਅਤੇ ਉਨ੍ਹਾਂ ‘ਤੇ ਗ਼ਲਤ ਦੋਸ਼ ਲਗਾਉਣ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ।
ਐਤਵਾਰ ਸ਼ਾਮ ਨੂੰ ਦਲੇਰ ਮਹਿੰਦੀ ਉਤਰਾਖੰਡ ਦੇ ਨਿਊ ਟਿਹਰੀ ਸ਼ਹਿਰ ਵਿੱਚ ਸਿੱਧਪੀਠ ਮਾਂ ਕੁੰਜਪੁਰੀ ਸੈਰ-ਸਪਾਟਾ ਅਤੇ ਵਿਕਾਸ ਮੇਲੇ ਵਿੱਚ ਪ੍ਰਦਰਸ਼ਨ ਕਰ ਰਹੇ ਸਨ ਜਦੋਂ ਉਨਿਆਲ ਸਟੇਜ ‘ਤੇ ਚੜ੍ਹ ਗਏ ਅਤੇ ਉਨ੍ਹਾਂ ਨੂੰ ਉੱਚੀ ਆਵਾਜ਼ ਵਿੱਚ ਪੁੱਛਿਆ ਕਿ ਕੀ ਉਹ ਸ਼ਰਾਬੀ ਹਨ।
59 ਸਾਲਾ ਗਾਇਕ, ਜੋ ਕਿ “ਤੁਨਕ ਤੁਨਕ ਤੁਨ”, “ਬੋਲੋ ਤਾ ਰਾ ਰਾ” ਅਤੇ “ਹੋ ਜਾਏਗੀ ਬੱਲੇ ਬੱਲੇ” ਵਰਗੇ ਹਿੱਟ ਗੀਤਾਂ ਲਈ ਜਾਣੇ ਜਾਂਦੇ ਹਨ, ਨੂੰ ਵੀਡੀਓ ਕਲਿੱਪਾਂ ਵਿੱਚ “ਸੌਰੀ” ਕਹਿੰਦੇ ਹੋਏ ਸੁਣਿਆ ਗਿਆ ਸੀ, ਜੋ ਉਦੋਂ ਤੋਂ ਵਾਇਰਲ ਹੋ ਚੁੱਕੀਆਂ ਹਨ।
ਮੀਕਾ, ਜਿਨ੍ਹਾਂ ਨੇ ਮੰਗਲਵਾਰ ਨੂੰ ਆਪਣੇ ਭਰਾ ਦਾ ਸਮਰਥਨ ਕਰਦਿਆਂ ਕਿਹਾ ਸੀ ਕਿ ਮਹਿੰਦੀ ਸ਼ਰਾਬ ਨਹੀਂ ਪੀਂਦੇ, ਨੇ ‘ਐਕਸ’ (X) ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਬਾਲੀਵੁੱਡ ਅਤੇ ਹੋਰਨਾਂ ਥਾਵਾਂ ਤੋਂ ਗਾਇਕਾਂ ਦਾ ਦਿੱਗਜ ਕਲਾਕਾਰ ਲਈ ਉਨ੍ਹਾਂ ਦੇ “ਪਿਆਰ ਅਤੇ ਸਮਰਥਨ” ਲਈ ਧੰਨਵਾਦ ਕੀਤਾ।
ਮੀਕਾ ਨੇ ਕਿਹਾ, “ਮੇਰਾ ਨੁਕਤਾ ਸਪੱਸ਼ਟ ਹੈ: ਦਲੇਰ ਮਹਿੰਦੀ ਜੀ ਸ਼ਰਾਬ ਨਹੀਂ ਪੀਂਦੇ, ਅਤੇ ਉਨ੍ਹਾਂ ‘ਤੇ ਅਜਿਹੇ ਦੋਸ਼ ਲਗਾਉਣਾ ਪੂਰੀ ਤਰ੍ਹਾਂ ਗ਼ਲਤ ਹੈ। ਅੱਜ, ਜੇ ਸਕੂਲ ਜਾਂ ਕਾਲਜ ਵਿੱਚ ਕੋਈ ਅਧਿਆਪਕ ਵੀ ਕਿਸੇ ਬੱਚੇ ਨੂੰ ਡਾਂਟ ਦਿੰਦਾ ਹੈ, ਤਾਂ ਇਹ ਇੱਕ ਵੱਡਾ ਮੁੱਦਾ ਬਣ ਜਾਂਦਾ ਹੈ।”
“ਤਾਂ ਫਿਰ, ਸਟੇਜ ‘ਤੇ ਜਨਤਕ ਤੌਰ ‘ਤੇ ਅਜਿਹੇ ਨਾਮੀ ਕਲਾਕਾਰ ਨੂੰ ਝਿੜਕਣਾ ਅਤੇ ਬੇਇੱਜ਼ਤ ਕਰਨਾ ਕਿਵੇਂ ਜਾਇਜ਼ ਹੈ? ਮੇਰਾ ਮੰਨਣਾ ਹੈ ਕਿ ਮੁਆਫ਼ੀ ਬਣਦੀ ਹੈ। ਜ਼ਿੰਮੇਵਾਰ ਵਿਅਕਤੀ ਨੂੰ ਇਹ ਸਵੀਕਾਰ ਕਰਨਾ ਚਾਹੀਦਾ ਹੈ ਕਿ ਦਲੇਰ ਮਹਿੰਦੀ ਜੀ ਦੇ ਸ਼ਰਾਬ ਪੀਣ ਬਾਰੇ ਦੋਸ਼ ਗ਼ਲਤ ਸਨ ਅਤੇ ਉਨ੍ਹਾਂ ਨਾਲ ਕੀਤੇ ਗਏ ਸਲੂਕ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ। ਕੈਬਨਿਟ ਮੰਤਰੀ @SubodhUniyal1।”
ਇੱਕ ਫਾਲੋ-ਅਪ ਪੋਸਟ ਵਿੱਚ ਗਾਇਕ ਨੇ ਮਹਿੰਦੀ ਦੇ ਨਾਲ ਖੜ੍ਹੇ ਹੋਣ ਲਈ ਉਤਰਾਖੰਡ ਦੇ ਲੋਕਾਂ ਦਾ ਧੰਨਵਾਦ ਕੀਤਾ।
ਉਨ੍ਹਾਂ ਕਿਹਾ, “ਕਲਾਕਾਰਾਂ ਨੇ ਹਮੇਸ਼ਾ ਉਤਰਾਖੰਡ ਨੂੰ ਪਿਆਰ ਕੀਤਾ ਹੈ, ਪਰ ਜੇ ਸਿਆਸਤਦਾਨਾਂ ਵੱਲੋਂ ਕਲਾਕਾਰਾਂ ਦੀ ਬੇਇੱਜ਼ਤੀ ਕੀਤੀ ਜਾਂਦੀ ਹੈ, ਤਾਂ ਅਸੀਂ ਉੱਥੇ ਪ੍ਰਦਰਸ਼ਨ ਕਰਨ ਕਿਉਂ ਜਾਵਾਂਗੇ?”
ਮੀਕਾ ਨੇ ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਸਮਾਗਮ ਵਿੱਚ ਉਨਿਆਲ ਦੇ ਵਿਵਹਾਰ ਦੀ ਜਾਂਚ ਕਰਨ ਅਤੇ ਬਣਦੀ ਕਾਰਵਾਈ ਕਰਨ। ਉਨ੍ਹਾਂ ਅੱਗੇ ਕਿਹਾ, “ਕਲਾਕਾਰ ਸਤਿਕਾਰ ਅਤੇ ਇੱਜ਼ਤ ਦੇ ਹੱਕਦਾਰ ਹਨ।”
ਇਸ ਮਾਮਲੇ ਸਬੰਧੀ ਬੁੱਧਵਾਰ ਨੂੰ ਵਿਵਾਦ ਹੋਰ ਗਰਮਾਉਣ ਦੋਰਾਨ ਗਾਇਕਾਂ ਅਤੇ ਵਿਰੋਧੀ ਕਾਂਗਰਸ ਨੇ ਵੀ ਮੰਤਰੀ ਦੇ ਵਿਵਹਾਰ ਦੀ ਆਲੋਚਨਾ ਕੀਤੀ। ਹਾਲਾਂਕਿ ਉਤਰਾਖੰਡ ਦੇ ਜੰਗਲਾਤ ਮੰਤਰੀ ਸੁਬੋਧ ਉਨਿਆਲ ਆਪਣੇ ਬਿਆਨਾਂ ‘ਤੇ ਅਡੋਲ ਰਹੇ ਅਤੇ ਦਾਅਵਾ ਕੀਤਾ ਕਿ ਮਹਿੰਦੀ “ਕਿਸੇ ਨਸ਼ੀਲੇ ਪਦਾਰਥ ਦੇ ਪ੍ਰਭਾਵ ਹੇਠ” ਸਨ।
ਉਨ੍ਹਾਂ ਕਿਹਾ ਕਿ ਮਹਿੰਦੀ ਨੂੰ ਇੱਕ ਗਾਇਕ ਵਜੋਂ ਉਨ੍ਹਾਂ ਦੇ ਨਾਮ ਅਤੇ ਪ੍ਰਤਿਸ਼ਠਾ ਕਾਰਨ ਸੱਦਾ ਦਿੱਤਾ ਗਿਆ ਸੀ ਪਰ ਉਹ ਸਿਰਫ਼ ਮੂੰਹ ਹਿਲਾ ਰਹੇ ਸਨ (ਲਿਪਸਿੰਕਿੰਗ ਕਰ ਰਹੇ ਸਨ)।
ਉਨਿਆਲ ਨੇ ਕਿਹਾ, “… ਮੈਨੂੰ ਲੱਗਿਆ ਕਿ ਉਹ ਕੁਝ ਪਦਾਰਥਾਂ ਦੇ ਪ੍ਰਭਾਵ ਹੇਠ ਸਨ। ਹੁਣ ਉਨ੍ਹਾਂ ਪਦਾਰਥਾਂ ਨੇ ਉਨ੍ਹਾਂ ਨਾਲ ਕੀ ਕੀਤਾ, ਮੈਨੂੰ ਨਹੀਂ ਪਤਾ। ਜੇ ਇੰਨਾ ਵੱਡਾ ਕਲਾਕਾਰ ਠੀਕ ਮਹਿਸੂਸ ਨਹੀਂ ਕਰ ਰਿਹਾ ਹੈ, ਤਾਂ ਉਸਨੂੰ ਜਨਤਕ ਤੌਰ ‘ਤੇ ਇਹ ਦੱਸਣਾ ਚਾਹੀਦਾ ਹੈ ਕਿ ‘ਮੈਂ ਠੀਕ ਨਹੀਂ ਹਾਂ।’ ਉਨ੍ਹਾਂ ਨੂੰ ਇਸ ਸਮਾਗਮ ਵਿੱਚ ਪ੍ਰਦਰਸ਼ਨ ਕਰਨ ਤੋਂ ਨਾਂਹ ਕਰ ਦੇਣੀ ਚਾਹੀਦੀ ਸੀ।”
ਮੰਤਰੀ ਦੇ ਅਨੁਸਾਰ ਮਹਿੰਦੀ ਨੇ ਇਸ ਪ੍ਰਦਰਸ਼ਨ ਲਈ 35 ਲੱਖ ਰੁਪਏ ਚਾਰਜ ਕੀਤੇ ਸਨ। ਦੂਜੇ ਪਾਸੇ ਮੰਤਰੀ ਦੇ ਦਾਅਵੇ ਦਾ ਜਵਾਬ ਦਿੰਦੇ ਹੋਏ, ਮੀਕਾ ਨੇ ਉਨ੍ਹਾਂ ਨੂੰ ਇਸ ਦੀ ਰਸੀਦ ਪੇਸ਼ ਕਰਨ ਲਈ ਕਿਹਾ।
ਮੀਕਾ ਨੇ ਕਿਹਾ, “ਸਰ, ਕੀ ਤੁਸੀਂ 35 ਲੱਖ ਰੁਪਏ ਨਕਦ ਦਿੱਤੇ ਸਨ ਜਾਂ ਚੈੱਕ ਰਾਹੀਂ? ਜੇ ਤੁਹਾਡੇ ਕੋਲ ਭੁਗਤਾਨ ਦੀਆਂ ਰਸੀਦਾਂ ਹਨ, ਤਾਂ ਕਿਰਪਾ ਕਰਕੇ ਉਨ੍ਹਾਂ ਨੂੰ ਜਨਤਕ ਤੌਰ ‘ਤੇ ਸਾਂਝਾ ਕਰੋ ਤਾਂ ਜੋ ਹਰ ਕੋਈ ਸੱਚਾਈ ਜਾਣ ਸਕੇ। ਧੰਨਵਾਦ! @SubodhUniyal1” ਪੀਟੀਆਈ






