ਸਮਾਗਮ ਦੀ ਸ਼ੁਰੂਆਤ ਅਮਨ ਦਾਤੇਵਾਸੀਆ ਵੱਲੋਂ ਸੰਤ ਰਾਮ ਉਦਾਸੀ ਦੇ ਗੀਤ ਨਾਲ ਹੋਈ। ਟੀਚਰਜ਼ ਹੋਮ ਟਰੱਸਟ ਦੇ ਜਨਰਲ ਸਕੱਤਰ ਲਛਮਣ ਮਲੂਕਾ ਨੇ ਹਾਜ਼ਰੀਨ ਦਾ ਸਵਾਗਤ ਕੀਤਾ, ਜਦਕਿ ਸਭਾ ਦੇ ਪ੍ਰਧਾਨ ਜਸਪਾਲ ਮਾਨਖੇੜਾ ਨੇ ਸਮਾਗਮ ਦੀ ਰੂਪ-ਰੇਖਾ ਪੇਸ਼ ਕੀਤੀ। ਇਸ ਮੌਕੇ ਵਿਛੜੇ ਸਾਹਿਤਕਾਰਾਂ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ ਗਈ।
ਸਭਾ ਦੇ ਅਹੁਦੇਦਾਰ ਬਲਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਭੁਪਿੰਦਰ ਮਾਨ ਦੇ ਕਹਾਣੀ ਸੰਗ੍ਰਹਿ ‘ਹਵੇਲੀਆਂ’, ਡਾ. ਨਵਦੀਪ ਕੌਰ ਦੇ ਕਹਾਣੀ ਸੰਗ੍ਰਹਿ ‘ਅਹੇਲੀਆਂ’ ਸਮੇਤ ਵੱਖ-ਵੱਖ ਵਿਧਾਵਾਂ ਦੀਆਂ ਪੁਸਤਕਾਂ ਨੂੰ ਐਵਾਰਡਾਂ ਲਈ ਚੁਣਿਆ ਗਿਆ ਹੈ। ਸਨਮਾਨਿਤ ਹੋਣ ਵਾਲਿਆਂ ਵਿੱਚ ਕੁਲਬੀਰ ਮਲਿਕ, ਸੁਰੇਸ਼ ਹੰਸ ਅਤੇ ਮਲਕੀਤ ਸਿੰਘ ਮਛਾਣਾ ਵੀ ਸ਼ਾਮਲ ਸਨ।
ਇਸ ਮੌਕੇ ਡਾ. ਸੁਖਦੇਵ ਸਿੰਘ ਸਿਰਸਾ ਨੇ ਮਹਿੰਗਾਈ, ਨਸ਼ਿਆਂ ਅਤੇ ਵਧ ਰਹੀ ਫਿਰਕਾਪ੍ਰਸਤੀ ’ਤੇ ਚਿੰਤਾ ਪ੍ਰਗਟਾਈ ਅਤੇ ਲੋਕਾਂ ਨੂੰ ਆਪਣੇ ਹੱਕਾਂ ਲਈ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਡਾ. ਜੱਸਲ ਨੇ ਸਾਹਿਤਕਾਰਾਂ ਦੀਆਂ ਪ੍ਰਾਪਤੀਆਂ ਨੂੰ ਇਲਾਕੇ ਲਈ ਮਾਣ ਵਾਲੀ ਗੱਲ ਦੱਸਿਆ। ਮੰਚ ਸੰਚਾਲਨ ਸਭਾ ਦੇ ਜਨਰਲ ਸਕੱਤਰ ਰਣਜੀਤ ਗੌਰਵ ਨੇ ਕੀਤਾ। ਇਸ ਮੌਕੇ ਸੁਰਜੀਤ ਜੱਜ, ਡਾ. ਕੁਲਦੀਪ ਸਿੰਘ ਦੀਪ ਅਤੇ ਹਰਮੀਤ ਵਿਦਿਆਰਥੀ ਸਮੇਤ ਹੋਰ ਸਾਹਿਤ ਪ੍ਰੇਮੀ ਹਾਜ਼ਰ ਸਨ।






