Tiger Shroff Firing: ਮੁੰਬਈ ਦੀ ਅਦਾਲਤ ਨੇ ਸੋਮਵਾਰ ਨੂੰ ਅਦਾਕਾਰ ਟਾਈਗਰ ਸ਼ਰੌਫ ਨਾਲ ਸਬੰਧਤ ਗੋਲੀਬਾਰੀ ਮਾਮਲੇ ਵਿੱਚ ਚਾਰ ਮੁਲਜ਼ਮਾਂ ਨੂੰ 28 ਅਕਤੂਬਰ ਤੱਕ ਪੁਲੀਸ ਹਿਰਾਸਤ ਵਿੱਚ ਭੇਜ ਦਿੱਤਾ ਹੈ। ਇਨ੍ਹਾਂ ਦੀ ਪਛਾਣ ਕੁਨਾਲ, ਸੁਮਿਤ, ਰਾਧਾ ਅਤੇ ਬਬੀਤਾ ਵਜੋਂ ਹੋਈ ਹੈ। ਚਾਰਾਂ ਨੂੰ ਦੂਜੀ ਵਾਰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ।
ਬਚਾਅ ਪੱਖ ਦੇ ਵਕੀਲ ਅਜਿੰਕਿਆ ਮਿਰਗਲ ਮਧੂਕਰ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਪਹਿਲਾਂ ਤਿੰਨ ਦਿਨ ਦੀ ਟਰਾਂਜ਼ਿਟ ਹਿਰਾਸਤ ਵਿੱਚ ਰੱਖਿਆ ਗਿਆ ਸੀ, ਜਿਸ ਦੌਰਾਨ ਉਨ੍ਹਾਂ ਤੋਂ ਵਿਸਥਾਰ ਨਾਲ ਪੁੱਛ-ਪੜਤਾਲ ਕੀਤੀ ਗਈ। ਪੁਲੀਸ ਨੇ ਹੁਣ ਉਨ੍ਹਾਂ ਦੀ ਹਿਰਾਸਤ 31 ਅਕਤੂਬਰ ਤੱਕ ਵਧਾਉਣ ਦੀ ਮੰਗ ਕੀਤੀ ਸੀ, ਪਰ ਅਦਾਲਤ ਨੇ 28 ਅਕਤੂਬਰ ਤੱਕ ਹੀ ਹਿਰਾਸਤ ਦਿੱਤੀ। ਉਨ੍ਹਾਂ ਮੁਤਾਬਕ ਇਹ ਹਿਰਾਸਤ ਮੁੱਖ ਤੌਰ ’ਤੇ ਆਵਾਜ਼ ਦੇ ਨਮੂਨੇ ਲੈਣ ਲਈ ਦਿੱਤੀ ਗਈ ਹੈ।
ਮੁਲਜ਼ਮ ਸੁਮਿਤ ਦੇ ਵਕੀਲ ਵਿਕੇਸ਼ ਮਹਿਰਾ ਨੇ ਕਿਹਾ ਕਿ ਪੁਲੀਸ ਨੇ ਚਾਰ ਦਿਨ ਦੀ ਹੋਰ ਹਿਰਾਸਤ ਮੰਗੀ ਸੀ ਪਰ ਅਦਾਲਤ ਨੇ ਸਿਰਫ਼ ਦੋ ਦਿਨ ਦੀ ਮਨਜ਼ੂਰੀ ਦਿੱਤੀ। ਪੁਲੀਸ ਦਾ ਦੋਸ਼ ਹੈ ਕਿ ਸੁਮਿਤ ਹਥਿਆਰ ਲੈਣ ਲਈ ਕੁਨਾਲ ਨਾਲ ਅੰਮ੍ਰਿਤਸਰ ਗਿਆ ਸੀ। ਹਾਲਾਂਕਿ, ਵਕੀਲ ਨੇ ਦਾਅਵਾ ਕੀਤਾ ਕਿ ਪੁਲੀਸ ਕੋਲ ਇਸ ਗੱਲ ਦਾ ਕੋਈ ਠੋਸ ਸਬੂਤ ਨਹੀਂ ਹੈ ਕਿ ਸੁਮਿਤ ਅਸਲ ਵਿੱਚ ਹਥਿਆਰ ਲੈ ਕੇ ਆਇਆ ਸੀ।
ਤਿੰਨ ਹੋਰ ਮੁਲਜ਼ਮ ਵੀ ਪੁਲੀਸ ਹਿਰਾਸਤ ’ਚ
ਇਸੇ ਮਾਮਲੇ ਵਿੱਚ 23 ਅਕਤੂਬਰ ਨੂੰ ਅਦਾਲਤ ਨੇ ਤਿੰਨ ਹੋਰ ਮੁਲਜ਼ਮਾਂ ਅੰਕਿਤ ਖੱਟਰ, ਸਮੀਰ ਖੱਤਰੀ ਅਤੇ ਜਤਿਨ ਪੰਚਾਲ ਨੂੰ ਵੀ 28 ਅਕਤੂਬਰ ਤੱਕ ਪੁਲੀਸ ਹਿਰਾਸਤ ਵਿੱਚ ਭੇਜਿਆ ਸੀ। ਪੁਲੀਸ ਨੇ ਇਨ੍ਹਾਂ ਨੂੰ ਹਰਿਆਣਾ ਦੇ ਸੋਨੀਪਤ ਤੋਂ ਗ੍ਰਿਫ਼ਤਾਰ ਕੀਤਾ ਸੀ।
ਜਾਂਚ ਅਧਿਕਾਰੀ ਨੇ ਅਦਾਲਤ ਨੂੰ ਦੱਸਿਆ ਸੀ ਕਿ ਅੰਕਿਤ ਮੁੰਬਈ ਵਿੱਚ ਵਾਰਦਾਤ ਤੋਂ ਪਹਿਲਾਂ ਇਲਾਕੇ ਦੀ ਰੇਕੀ ਕਰਨ ਆਇਆ ਸੀ, ਸਮੀਰ ਦਾ ਅਨਿਲ ਪੰਡਿਤ ਨਾਲ ਸਿੱਧਾ ਸੰਪਰਕ ਸੀ ਅਤੇ ਜਤਿਨ ਨੇ ਕਥਿਤ ਤੌਰ ’ਤੇ ਅੰਕਿਤ ਤੇ ਸਮੀਰ ਲਈ ਹਥਿਆਰਾਂ ਦਾ ਪ੍ਰਬੰਧ ਕੀਤਾ ਸੀ। ਸਰਕਾਰੀ ਵਕੀਲ ਕ੍ਰਾਂਤੀ ਕੁੰਭਾਰ ਨੇ ਕਿਹਾ ਸੀ ਕਿ ਮਾਮਲੇ ਨਾਲ ਜੁੜੇ ਕਈ ਲੋੜੀਂਦੇ ਮੁਲਜ਼ਮ ਮਹਾਰਾਸ਼ਟਰ ਤੋਂ ਬਾਹਰ ਹਨ, ਇਸ ਲਈ ਜਾਂਚ ਲਈ ਹੋਰ ਸਮਾਂ ਚਾਹੀਦਾ ਹੈ।
ਹੋਟਲ ਦੀ ਸੀਸੀਟੀਵੀ ਫੁਟੇਜ ਵੀ ਜਾਂਚ ਦੇ ਘੇਰੇ ’ਚ
ਸਰਕਾਰੀ ਵਕੀਲ ਨੇ ਦੱਸਿਆ ਕਿ ਪੁਲੀਸ ਨੇ ਘਟਨਾ ਵਾਲੀ ਥਾਂ ਅਤੇ ਉਸ ਹੋਟਲ ਦੀ ਸੀਸੀਟੀਵੀ ਫੁਟੇਜ ਹਾਸਲ ਕੀਤੀ ਹੈ, ਜਿੱਥੇ ਮੁਲਜ਼ਮਾਂ ਵੱਲੋਂ ਕਥਿਤ ਤੌਰ ’ਤੇ ਗੋਲੀ ਚਲਾਉਣ ਦਾ ਅਭਿਆਸ ਕੀਤਾ ਗਿਆ ਸੀ। ਹੋਟਲ ਦਾ ਰਜਿਸਟਰ ਵੀ ਜ਼ਬਤ ਕੀਤਾ ਗਿਆ ਹੈ।
ਬਚਾਅ ਪੱਖ ਦੇ ਵਕੀਲ ਮਿਰਗਲ ਨੇ ਦਲੀਲ ਦਿੱਤੀ ਕਿ ਪੁਲੀਸ ਪਹਿਲਾਂ ਹੀ ਸੀਸੀਟੀਵੀ ਫੁਟੇਜ, ਹੋਟਲ ਦੇ ਰਜਿਸਟਰ ਅਤੇ ਹੋਰ ਸਬੂਤ ਹਾਸਲ ਕਰ ਚੁੱਕੀ ਹੈ, ਇਸ ਲਈ ਹੋਰ ਹਿਰਾਸਤ ਦੀ ਲੋੜ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹਾਲੇ ਤੱਕ ਹਥਿਆਰ ਬਰਾਮਦ ਨਹੀਂ ਹੋਇਆ। ਮੁਲਜ਼ਮਾਂ ਦੇ ਫੋਨ ਜ਼ਬਤ ਹੋਣ ਕਾਰਨ ਕਾਲਾਂ ਦੇ ਵੇਰਵਿਆਂ ਦੀ ਜਾਂਚ ਫੋਰੈਂਸਿਕ ਮਾਹਿਰਾਂ ਰਾਹੀਂ ਵੀ ਕੀਤੀ ਜਾ ਸਕਦੀ ਹੈ।
ਇਹ ਮਾਮਲਾ 18 ਅਕਤੂਬਰ ਨੂੰ ਸ਼ਾਮ ਕਰੀਬ ਸੱਤ ਵਜੇ ਮੁੰਬਈ ਦੇ ਜੂਹੂ ਇਲਾਕੇ ਵਿੱਚ ਹੋਈ ਗੋਲੀਬਾਰੀ ਨਾਲ ਸਬੰਧਤ ਹੈ। ਉਸ ਸਮੇਂ ਟਾਈਗਰ ਸ਼ਰੌਫ ਇੱਕ ਫੁਟਬਾਲ ਕਲੱਬ ਤੋਂ ਬਾਹਰ ਆ ਰਹੇ ਸਨ। ਉਹ ਇਸ ਘਟਨਾ ਵਿੱਚ ਵਾਲ-ਵਾਲ ਬਚ ਗਏ ਸਨ, ਜਦਕਿ ਉਨ੍ਹਾਂ ਦਾ ਡਰਾਈਵਰ ਜ਼ਖ਼ਮੀ ਹੋ ਗਿਆ ਸੀ।






