ਸਾਬਕਾ ਮੰਤਰੀ ਅਤੇ ਸੀਨੀਅਰ ਡੀ.ਐੱਮ.ਕੇ. ਆਗੂ ਅਨਬਿਲ ਮਹੇਸ਼ ਪੋਯਾਮੋਝੀ ਨੂੰ ਸੈਂਟਰਲ ਕਰਾਈਮ ਬਰਾਂਚ (ਸੀਸੀਬੀ) ਨੇ ਸੋਮਵਾਰ ਨੂੰ ਨਿੱਜੀ ਸਕੂਲਾਂ ਨੂੰ ਮਾਨਤਾ ਅਤੇ ਹੋਰ ਕਾਨੂੰਨੀ ਪ੍ਰਵਾਨਗੀਆਂ ਦਿਵਾਉਣ ਬਦਲੇ 100 ਕਰੋੜ ਰੁਪਏ ਦੀ ਕਥਿਤ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਇਹ ਗ੍ਰਿਫ਼ਤਾਰੀ ਮਦਰਾਸ ਹਾਈ ਕੋਰਟ ਵੱਲੋਂ ਉਨ੍ਹਾਂ ਦੀ ਅਗਾਊਂ ਜ਼ਮਾਨਤ ਅਰਜ਼ੀ ਰੱਦ ਕੀਤੇ ਜਾਣ ਤੋਂ ਕੁਝ ਹੀ ਘੰਟਿਆਂ ਬਾਅਦ ਚੇਨੱਈ ਦੇ ਅਮੀਂਜੀਕਰਾਈ ਸਥਿਤ ਇੱਕ ਅਪਾਰਟਮੈਂਟ ਤੋਂ ਕੀਤੀ ਗਈ।
ਜਾਂਚ ਏਜੰਸੀ ਅਨੁਸਾਰ ਸਰਕਾਰੀ ਪ੍ਰਵਾਨਗੀਆਂ ਦਿਵਾਉਣ ਦੇ ਬਹਾਨੇ ਲਗਭਗ 177 ਪ੍ਰਾਈਵੇਟ ਸਕੂਲਾਂ ਤੋਂ 100 ਕਰੋੜ ਰੁਪਏ ਤੋਂ ਵੱਧ ਦੀ ਰਕਮ ਕਥਿਤ ਤੌਰ ‘ਤੇ ‘ਪਾਰਟੀ ਫੰਡ’ ਦੇ ਨਾਂ ‘ਤੇ ਇਕੱਠੀ ਕੀਤੀ ਗਈ ਸੀ। ਡਿਜੀਟਲ ਉਪਕਰਨਾਂ ਤੋਂ ਬਰਾਮਦ ਸਬੂਤਾਂ ਅਤੇ ਗਵਾਹਾਂ ਦੇ ਬਿਆਨਾਂ ਦੇ ਆਧਾਰ ’ਤੇ ਸਾਬਕਾ ਮੰਤਰੀ ਦੀ ਭ੍ਰਿਸ਼ਟਾਚਾਰ ਵਿੱਚ ਸ਼ਮੂਲੀਅਤ ਸਾਹਮਣੇ ਆਉਣ ਮਗਰੋਂ ਉਨ੍ਹਾਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ (ਪੀਸੀ ਐਕਟ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਹਾਲਾਂਕਿ, ਮਹੇਸ਼ ਨੇ ਆਪਣੇ ਉੱਪਰ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਹੈ।
ਇਹ ਕੇਸ ਤਾਮਿਲਨਾਡੂ ਦੀ ਪ੍ਰਾਈਵੇਟ ਸਕੂਲ ਐਸੋਸੀਏਸ਼ਨਾਂ ਦੇ ਫੈਡਰੇਸ਼ਨ ਦੇ ਸਕੱਤਰ ਡੀ.ਸੀ. ਇਲੰਗੋਵਨ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਸੀ। ਉਨ੍ਹਾਂ ਦੋਸ਼ ਲਾਇਆ ਸੀ ਕਿ ਸਕੂਲਾਂ ਦੀ ਸਥਾਈ ਮਾਨਤਾ, ਅੱਪਗਰੇਡੇਸ਼ਨ ਅਤੇ ਟਾਊਨ ਐਂਡ ਕੰਟਰੀ ਪਲਾਨਿੰਗ ਡਾਇਰੈਕਟੋਰੇਟ (DTCP) ਦੀਆਂ ਮਨਜ਼ੂਰੀਆਂ ਬਦਲੇ ਇਹ ਮੋਟੀ ਰਕਮ ਵਸੂਲੀ ਗਈ। ਇਸ ਮਾਮਲੇ ਵਿੱਚ ਪ੍ਰਾਈਵੇਟ ਸਕੂਲਜ਼ ਐਸੋਸੀਏਸ਼ਨ ਦੇ ਪ੍ਰਧਾਨ ਬੀ.ਟੀ. ਅਰਸਾਕੁਮਾਰ ਅਤੇ ਸਾਬਕਾ ਮੰਤਰੀ ਦੇ ਕਰੀਬੀ ਤੇ ਸਾਬਕਾ ਵਿਧਾਇਕ ਮੁਥੂਕੁਮਾਰ ਦੀ ਭੂਮਿਕਾ ਵੀ ਜਾਂਚ ਦੇ ਘੇਰੇ ਵਿੱਚ ਹੈ। ਸੀਸੀਬੀ ਪਹਿਲਾਂ ਹੀ ਅਰਸਾਕੁਮਾਰ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਪੁਲੀਸ ਨੇ ਜਾਂਚ ਦੇ ਹਿੱਸੇ ਵਜੋਂ ਚੇਨੱਈ ਅਤੇ ਤਿਰੂਚੀ ਸਮੇਤ ਕਈ ਥਾਵਾਂ ’ਤੇ ਛਾਪੇਮਾਰੀ ਵੀ ਕੀਤੀ ਹੈ।
ਦੂਜੇ ਪਾਸੇ, ਵਿਰੋਧੀ ਧਿਰ ਡੀ.ਐੱਮ.ਕੇ. ਨੇ ਸੱਤਾਧਾਰੀ ਟੀ.ਵੀ.ਕੇ. ਸਰਕਾਰ ’ਤੇ ਸਿਆਸੀ ਬਦਲਾਖੋਰੀ ਤਹਿਤ ਕੇਂਦਰੀ ਅਤੇ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰਕੇ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਲਾਇਆ ਹੈ।






