ਆਸਟਰੇਲੀਆ ਦੇ ਸਭ ਤੋਂ ਮਹਿੰਗੇ ਸ਼ਹਿਰ ਸਿਡਨੀ ਵਿੱਚ ਇੱਕ ਪਾਸੇ ਬੇਘਰ ਲੋਕਾਂ ਦੇ ਤੰਬੂ ਨਜ਼ਰ ਆ ਰਹੇ ਹਨ, ਦੂਜੇ ਪਾਸੇ ਲਾਰਡ ਮੇਅਰ ਕਲੋਵਰ ਮੂਰ ਵੱਲੋਂ ਟਾਊਨ ਹਾਲ ਸਾਹਮਣੇ 15 ਕਰੋੜ ਡਾਲਰ ਦੀ ਲਾਗਤ ਨਾਲ ਸ਼ਾਨਦਾਰ ਜਨਤਕ ਚੌਕ ਬਣਾਉਣ ਦੀ ਯੋਜਨਾ ਵਿਵਾਦਾਂ ਵਿੱਚ ਘਿਰ ਗਈ ਹੈ। ਲਗਭਗ 4,500 ਵਰਗ ਮੀਟਰ ਵਿੱਚ ਬਣਨ ਵਾਲੇ ਇਸ ਚੌਕ ਲਈ ਸੱਤ ਇਮਾਰਤਾਂ ਢਾਹੁਣ, 30 ਤੋਂ ਵੱਧ ਦਰੱਖ਼ਤ ਲਗਾਉਣ, ਫੁਹਾਰੇ ਅਤੇ ਬੈਠਣ ਦੀਆਂ ਸਹੂਲਤਾਂ ਬਣਾਉਣ ਦੀ ਤਜਵੀਜ਼ ਹੈ। ਪ੍ਰਾਜੈਕਟ ਸਾਲ 2031 ਤੱਕ ਮੁਕੰਮਲ ਕਰਨ ਦਾ ਟੀਚਾ ਹੈ।
ਉੱਧਰ, ਪਿਛਲੇ 50 ਸਾਲਾਂ ਤੋਂ ਲੋੜਵੰਦਾਂ ਦੀ ਸੇਵਾ ਕਰ ਰਹੇ ਪਾਦਰੀ ਬਿੱਲ ਕਰੂਜ਼ ਨੇ ਚਿਤਾਵਨੀ ਦਿੱਤੀ ਹੈ ਕਿ ਉਨ੍ਹਾਂ ਨੇ ਸਿਡਨੀ ਵਿੱਚ ਬੇਘਰੀ ਦਾ ਸੰਕਟ ਪਹਿਲਾਂ ਕਦੇ ਇੰਨਾ ਗੰਭੀਰ ਨਹੀਂ ਦੇਖਿਆ। ਸਰਕਾਰੀ ਅੰਕੜਿਆਂ ਅਨੁਸਾਰ ਸਾਲ 2026 ਦੌਰਾਨ ਨਿਊ ਸਾਊਥ ਵੇਲਜ਼ ਵਿੱਚ 2,308 ਵਿਅਕਤੀ ਖੁੱਲ੍ਹੇ ਅਸਮਾਨ ਹੇਠ ਸੌਂਦੇ ਮਿਲੇ, ਜੋ ਪਿਛਲੇ ਸਾਲ ਨਾਲੋਂ 5 ਫ਼ੀਸਦੀ ਵੱਧ ਹਨ। ਹਾਲਾਂਕਿ ਅੰਦਰੂਨੀ ਸਿਡਨੀ ਵਿੱਚ ਇਹ ਗਿਣਤੀ 346 ਤੋਂ ਘਟ ਕੇ 296 ਰਹੀ।
ਬਿਜ਼ਨਸ ਸਿਡਨੀ ਦੇ ਕਾਰਜਕਾਰੀ ਨਿਰਦੇਸ਼ਕ ਪਾਲ ਨਿਕੋਲਾਊ ਨੇ ਵੀ ਮਹਿੰਗਾਈ ਅਤੇ ਕਿਰਾਇਆਂ ਕਾਰਨ ਵਧ ਰਹੀ ਬੇਘਰੀ ਉੱਤੇ ਚਿੰਤਾ ਪ੍ਰਗਟਾਈ ਹੈ। ਦੂਜੇ ਪਾਸੇ ਸਮਾਜ ਸੇਵੀਆਂ ਨੇ ਸਵਾਲ ਕੀਤਾ ਹੈ ਕਿ ਸਿਡਨੀ ਨੂੰ ਪਹਿਲਾਂ ਖ਼ੂਬਸੂਰਤ ਚੌਕ ਚਾਹੀਦਾ ਹੈ ਜਾਂ ਬੇਘਰਾਂ ਦੇ ਸਿਰ ਉੱਤੇ ਛੱਤ?






