ਪਰਵਿੰਦਰ ਸਿੰਘ ਝੋਟਾ ਨੂੰ ਇਨਸਾਫ਼ ਦਿਵਾਉਣ ਲਈ ਚੱਲ ਰਹੇ ਮੋਰਚੇ ਦੌਰਾਨ ਐਕਸ਼ਨ ਕਮੇਟੀ ਨੇ 31 ਅਕਤੂਬਰ ਨੂੰ ਪੰਜਾਬ ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਅੱਗੇ 24 ਘੰਟੇ ਦੇ ਰੋਸ ਧਰਨੇ ਦੇਣ ਦਾ ਫ਼ੈਸਲਾ ਕੀਤਾ ਹੈ। ਸਾਰੀਆਂ ਮੰਗਾਂ ਮਨਵਾਉਣ ਅਤੇ ਸਾਥੀਆਂ ਦੀ ਰਿਹਾਈ ਲਈ ਉਲੀਕੇ ਇਸ ਪ੍ਰੋਗਰਾਮ ਸਬੰਧੀ ਕਮੇਟੀ ਆਗੂਆਂ ਨੇ ਕਿਹਾ ਕਿ ਸਰਕਾਰ ਜਿੰਨਾ ਮਰਜ਼ੀ ਜਬਰ ਕਰ ਲਵੇ, ਹੁਣ ਪੰਜਾਬ ਦੇ ਲੋਕ ਨਸ਼ਿਆਂ ਵਿਰੁੱਧ ਫੈਸਲਾਕੁੰਨ ਲੜਾਈ ਲੜਨਗੇ।
ਆਗੂਆਂ ਨੇ ਕਿਹਾ ਕਿ ਇਸ ਤੋਂ ਪਹਿਲਾਂ 30 ਅਕਤੂਬਰ ਨੂੰ ਪੰਜਾਬ ਦੀਆਂ ਕਿਸਾਨ, ਮਜ਼ਦੂਰ, ਮੁਲਾਜ਼ਮ, ਵਿਦਿਆਰਥੀ ਅਤੇ ਹੋਰ ਸੰਘਰਸ਼ਸ਼ੀਲ ਜਥੇਬੰਦੀਆਂ ਦੀ ਹੰਗਾਮੀ ਮੀਟਿੰਗ ਹੋਵੇਗੀ। ਮੀਟਿੰਗ ਵਿੱਚ ਸਾਂਝੇ ਸੰਘਰਸ਼ ਨੂੰ ਅੱਗੇ ਵਧਾਉਣ ਅਤੇ ਧਰਨਿਆਂ ਦੀਆਂ ਤਿਆਰੀਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਇਸ ਦੌਰਾਨ ਜਥੇਬੰਦੀਆਂ ਵਿਚਾਲੇ ਤਾਲਮੇਲ ਮਜ਼ਬੂਤ ਕਰਨ ਅਤੇ ਅਗਲੇ ਐਕਸ਼ਨ ਦੀ ਰੂਪ-ਰੇਖਾ ਉਲੀਕਣ ’ਤੇ ਚਰਚਾ ਹੋਵੇਗੀ।
ਐਕਸ਼ਨ ਕਮੇਟੀ ਨੇ ਸਪੱਸ਼ਟ ਕੀਤਾ ਕਿ ਕਮੇਟੀ ਅਤੇ ਜਥੇਬੰਦੀਆਂ ਦੇ ਆਗੂਆਂ ਦੀ ਰਿਹਾਈ ਤੱਕ ਸਰਕਾਰ ਨਾਲ ਕੋਈ ਗੱਲਬਾਤ ਨਹੀਂ ਕੀਤੀ ਜਾਵੇਗੀ। ਸਾਥੀਆਂ ਦੀ ਰਿਹਾਈ ਨੂੰ ਗੱਲਬਾਤ ਦੀ ਮੁੱਢਲੀ ਸ਼ਰਤ ਰੱਖਦਿਆਂ ਆਗੂਆਂ ਨੇ ਕਿਹਾ ਕਿ ਸਾਰੀਆਂ ਮੰਗਾਂ ਦੀ ਪੂਰਤੀ ਲਈ ਸੰਘਰਸ਼ ਜਾਰੀ ਰਹੇਗਾ।
ਇਸ ਮੌਕੇ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਫ਼ੌਜੀ, ਪਤਨੀ ਮਨਪ੍ਰੀਤ ਕੌਰ, ਐਕਸ਼ਨ ਕਮੇਟੀ ਦੇ ਆਗੂ ਬੋਘ ਸਿੰਘ ਮਾਨਸਾ, ਐਡਵੋਕੇਟ ਕੁਲਵਿੰਦਰ ਸਿੰਘ ਉੱਡਤ, ਕ੍ਰਿਸ਼ਨ ਚੌਹਾਨ, ਗੁਰਜੰਟ ਸਿੰਘ, ਸੁਖਵਿੰਦਰ ਸਿੰਘ ਔਲਖ, ਗਗਨਦੀਪ ਸਿਰਸੀਵਾਲਾ, ਅਮਨ ਪਟਵਾਰੀ, ਭਾਨਾ ਸਿੱਧੂ, ਰੂਬੀ ਮਾਨਸਾ, ਜਸਵੀਰ ਕੌਰ ਨੱਤ, ਭਗਵੰਤ ਸਮਾਓਂ, ਨਿਰਮਲ ਸਿੰਘ ਝੰਡੂਕੇ, ਮਹਿੰਦਰ ਸਿੰਘ ਭੈਣੀ, ਮਾਨਿਕ ਗੋਇਲ, ਸੁਰਜੀਤ ਸਿੰਘ ਫੂਲ, ਚਮਕੌਰ ਸਿੰਘ ਮੂਸਾ, ਧੰਨਾ ਮੱਲ ਗੋਇਲ, ਲਖਵਿੰਦਰ ਸਿੰਘ ਮੂਸਾ, ਸੁਰੇਸ਼ ਨੰਦਗੜ੍ਹੀਆ, ਮਨਦੀਪ ਸਿੰਘ ਗੋਰਾ, ਗੁਰਪ੍ਰੀਤ ਸਿੰਘ ਝੱਬਰ, ਗੁਰਮੁਖ ਸਿੰਘ, ਮੰਗਾ ਸਿੰਘ, ਸਿਕੰਦਰ ਸਿੰਘ ਖ਼ਾਲਸਾ, ਭਜਨ ਘੁੰਮਣ ਅਤੇ ਤਰਸੇਮ ਸਿੰਘ ਗੋਬਿੰਦਪੁਰਾ ਹਾਜ਼ਰ ਸਨ।





