ਪਿਛਲੇ ਇੱਕ ਹਫ਼ਤੇ ਦੌਰਾਨ ਪਾਕਿਸਤਾਨ ਦੇ ਸਰਹੱਦੀ ਖੇਤਰਾਂ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਹੋਏ ਤਿੰਨ ਗੁਣਾ ਵਾਧੇ ਕਾਰਨ ਸਰਹੱਦ ਪਾਰ ਹਵਾ ਦੀ ਗੁਣਵੱਤਾ ਗੰਭੀਰ ਪੱਧਰ ’ਤੇ ਪਹੁੰਚ ਗਈ ਹੈ। ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਖੇਤਾਂ ਵਿੱਚ ਲੱਗ ਰਹੀ ਅੱਗ ਦਾ ਸਭ ਤੋਂ ਮਾਰੂ ਅਸਰ ਲਾਹੌਰ ਸ਼ਹਿਰ ’ਤੇ ਪੈ ਰਿਹਾ ਹੈ, ਜਿੱਥੇ ਏਅਰ ਕੁਆਲਿਟੀ ਇੰਡੈਕਸ (AQI) 200 ਨੂੰ ਪਾਰ ਕਰ ਚੁੱਕਾ ਹੈ। ਇਸ ਦੇ ਉਲਟ ਭਾਰਤੀ ਪੰਜਾਬ ਦੇ ਸਰਹੱਦੀ ਸ਼ਹਿਰ ਅੰਮ੍ਰਿਤਸਰ ਵਿੱਚ ਇਹ ਸੂਚਕ ਅੰਕ ਲਗਭਗ 153 ਦਰਜ ਕੀਤਾ ਗਿਆ ਹੈ, ਜੋ ਦਰਸਾਉਂਦਾ ਹੈ ਕਿ ਪਾਕਿਸਤਾਨ ਵਾਲੇ ਪਾਸੇ ਹਵਾ ਜ਼ਿਆਦਾ ਜ਼ਹਿਰੀਲੀ ਹੋ ਚੁੱਕੀ ਹੈ।
ਪੀਜੀਆਈਐੱਮਈਆਰ ਚੰਡੀਗੜ੍ਹ ਦੇ ਕਮਿਊਨਿਟੀ ਮੈਡੀਸਨ ਅਤੇ ਸਕੂਲ ਆਫ਼ ਪਬਲਿਕ ਹੈਲਥ ਵਿਭਾਗ ਦੇ ਪ੍ਰੋਫੈਸਰ ਡਾ. ਰਵਿੰਦਰ ਖਾਈਵਾਲ (ਜੋ ਕੇਂਦਰੀ ਸਿਹਤ ਮੰਤਰਾਲੇ ਦੇ ਜਲਵਾਯੂ ਤਬਦੀਲੀ ਸੈਂਟਰ ਦੇ ਨੋਡਲ ਅਫ਼ਸਰ ਵੀ ਹਨ) ਨੇ ਸੈਟੇਲਾਈਟ ਅੰਕੜਿਆਂ ਦੇ ਹਵਾਲੇ ਨਾਲ ਦੱਸਿਆ ਕਿ ਪਿਛਲੇ ਸੱਤ ਦਿਨਾਂ ਵਿੱਚ ਪਾਕਿਸਤਾਨੀ ਪੰਜਾਬ ਅਤੇ ਭਾਰਤੀ ਪੰਜਾਬ ਦਰਮਿਆਨ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਵੱਡਾ ਪਾੜਾ ਸਾਹਮਣੇ ਆਇਆ ਹੈ। ਸੈਟੇਲਾਈਟ ਰਿਕਾਰਡ ਮੁਤਾਬਕ ਪਿਛਲੇ ਇੱਕ ਹਫ਼ਤੇ ਦੌਰਾਨ ਪਾਕਿਸਤਾਨ ਵਿੱਚ ਖੇਤਾਂ ਨੂੰ ਅੱਗ ਲਾਉਣ ਦੇ 3,328 ਮਾਮਲੇ ਸਾਹਮਣੇ ਆਏ ਹਨ, ਜਦਕਿ ਇਸੇ ਅਰਸੇ ਦੌਰਾਨ ਭਾਰਤੀ ਪੰਜਾਬ ਵਿੱਚ ਇਹ ਗਿਣਤੀ ਮਹਿਜ਼ 1,031 ਰਹੀ ਹੈ। ਉਨ੍ਹਾਂ ਦੱਸਿਆ ਕਿ ਕੂੜਾ ਸਾੜਨ ਅਤੇ ਉਸਾਰੀ ਕਾਰਜਾਂ ਤੋਂ ਉੱਡਦੀ ਧੂੜ ਵਰਗੇ ਸਥਾਨਕ ਕਾਰਨਾਂ ਦੇ ਨਾਲ-ਨਾਲ ਪਾਕਿਸਤਾਨ ਵਿੱਚ ਲੱਗ ਰਹੀ ਅੱਗ ਦਾ ਧੂੰਆਂ ਵੀ ਅੰਮ੍ਰਿਤਸਰ, ਲੁਧਿਆਣਾ, ਜਲੰਧਰ ਅਤੇ ਪਟਿਆਲਾ ਸਮੇਤ ਪੰਜਾਬ ਤੇ ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿੱਚ ਹਵਾ ਨੂੰ ਖ਼ਰਾਬ ਕਰ ਰਿਹਾ ਹੈ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਫਿਜ਼ਿਕਸ ਵਿਭਾਗ ਦੇ ਸਹਾਇਕ ਪ੍ਰੋਫੈਸਰ ਅਤੇ ‘ਇਸਰੋ-ਜੀਬੀਪੀ ਏਆਰਐੱਫਆਈ ਰਿਸਰਚ ਪ੍ਰੋਜੈਕਟ’ ਦੇ ਮੁੱਖ ਜਾਂਚਕਾਰ ਡਾ. ਕਰਮਜੀਤ ਸਿੰਘ ਧਾਲੀਵਾਲ ਨੇ ਵਿਗਿਆਨਕ ਪਹਿਲੂ ਸਾਂਝਾ ਕਰਦਿਆਂ ਦੱਸਿਆ ਕਿ ਭਾਰਤ ਵੱਲ ਆਉਣ ਤੋਂ ਪਹਿਲਾਂ ਪਰਾਲੀ ਦਾ ਇਹ ਧੂੰਆਂ ਸਭ ਤੋਂ ਵੱਧ ਪਾਕਿਸਤਾਨ ਦੇ ਆਪਣੇ ਨਾਗਰਿਕਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਨਵੰਬਰ ਮਹੀਨੇ ਦੌਰਾਨ ਉੱਤਰੀ ਭਾਰਤ ਵਿੱਚ ਹਵਾਵਾਂ ਦੀ ਰਫ਼ਤਾਰ ਬਹੁਤ ਧੀਮੀ ਅਤੇ ਬਦਲਵੀਂ ਹੋ ਜਾਂਦੀ ਹੈ। ਰਾਤ ਅਤੇ ਸਵੇਰ ਵੇਲੇ ਹਵਾਵਾਂ ਸ਼ਾਂਤ ਰਹਿਣ ਕਾਰਨ ਪ੍ਰਦੂਸ਼ਕ ਧਰਤੀ ਦੀ ਸਤ੍ਵਾ ਦੇ ਨੇੜੇ ਹੀ ਜੰਮ ਜਾਂਦੇ ਹਨ, ਜਿਸ ਕਾਰਨ ਸਿੰਧੂ-ਗੰਗਾ ਮੈਦਾਨੀ ਖੇਤਰ ਵਿੱਚ ਧੁੰਦ ਅਤੇ ਧੂੰਏਂ (ਸਮੌਗ) ਦੀ ਮੋਟੀ ਚਾਦਰ ਬਣ ਜਾਂਦੀ ਹੈ।
ਸੂਬੇ ਵਿੱਚ ਝੋਨੇ ਦੀ ਰਹਿੰਦ-ਖੂੰਹਦ ਦੇ ਸੁਚੱਜੇ ਪ੍ਰਬੰਧਨ ਲਈ ਮੋਹਰੀ ਭੂਮਿਕਾ ਨਿਭਾਉਣ ਵਾਲੇ ਸੁਖਬੀਰ ਸਿੰਘ ਧਾਲੀਵਾਲ ਅਨੁਸਾਰ ਪਿਛਲੇ ਦਿਨੀਂ ਪੱਛਮੀ ਗੜਬੜੀ ਕਾਰਨ ਹੋਈ ਬੇਮੌਸਮੀ ਬਾਰਿਸ਼ ਨੇ ਝੋਨੇ ਦੀ ਵਾਢੀ ਨੂੰ ਲੇਟ ਕਰ ਦਿੱਤਾ ਹੈ, ਜਿਸ ਕਾਰਨ ਕਿਸਾਨਾਂ ਸਿਰ ਕਣਕ ਦੀ ਬਿਜਾਈ ਤੋਂ ਪਹਿਲਾਂ ਖੇਤ ਖ਼ਾਲੀ ਕਰਨ ਦਾ ਭਾਰੀ ਦਬਾਅ ਬਣ ਗਿਆ ਹੈ। ਖੇਤੀ ਮਾਹਿਰਾਂ ਦਾ ਮੰਨਣਾ ਹੈ ਕਿ ਨਵੰਬਰ ਦਾ ਪਹਿਲਾ ਪੰਦਰਵਾੜਾ ਕਣਕ ਦੀ ਬਿਜਾਈ ਲਈ ਸਭ ਤੋਂ ਢੁਕਵਾਂ ਮੰਨਿਆ ਜਾਂਦਾ ਹੈ, ਜਿਸ ਕਾਰਨ ਦੀਵਾਲੀ ਦੇ ਆਸ-ਪਾਸ ਖੇਤਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਹੋਰ ਵਾਧਾ ਹੋਣ ਦਾ ਖ਼ਦਸ਼ਾ ਹੈ।
ਸੈਟੇਲਾਈਟ ਅੰਕੜਿਆਂ ਦੀ ਇੱਕ ਝਲਕ:
ਪਾਕਿਸਤਾਨ ਵਿੱਚ 26 ਅਕਤੂਬਰ ਨੂੰ 216, 27 ਅਕਤੂਬਰ ਨੂੰ 253, 28 ਅਕਤੂਬਰ ਨੂੰ 364, 29 ਅਕਤੂਬਰ ਨੂੰ 673, 30 ਅਕਤੂਬਰ ਨੂੰ 650, 31 ਅਕਤੂਬਰ ਨੂੰ 411, 1 ਨਵੰਬਰ ਨੂੰ 447 ਅਤੇ 2 ਨਵੰਬਰ ਨੂੰ 314 ਮਾਮਲੇ ਦਰਜ ਹੋਏ (ਕੁੱਲ = 3,328)। ਇਸ ਦੇ ਮੁਕਾਬਲੇ ਭਾਰਤੀ ਪੰਜਾਬ ਵਿੱਚ 26 ਅਕਤੂਬਰ ਨੂੰ 103, 27 ਅਕਤੂਬਰ ਨੂੰ 33, 28 ਅਕਤੂਬਰ ਨੂੰ 96, 29 ਅਕਤੂਬਰ ਨੂੰ 194, 30 ਅਕਤੂਬਰ ਨੂੰ 40, 31 ਅਕਤੂਬਰ ਨੂੰ 292, 1 ਨਵੰਬਰ ਨੂੰ 175 ਅਤੇ 2 ਨਵੰਬਰ ਨੂੰ 98 ਮਾਮਲੇ (ਕੁੱਲ = 1,031) ਸਾਹਮਣੇ ਆਏ ਹਨ।






