ਔਕਲੈਂਡ 22 ਫਰਵਰੀ, 2022:-ਬੀਤੀ 6 ਫਰਵਰੀ ਜਿਸ ਦਿਨ ਨਿਊਜ਼ੀਲੈਂਡ ਦੇ ਵਿਚ ਜਨਤਕ ਛੁੱਟੀ ਹੁੰਦੀ ਹੈ ਅਤੇ ਇਸ ਦੇਸ਼ ਦੇ ਮੂਲ ਮਾਓਰੀ ਲੋਕਾਂ ਅਤੇ ਬਿ੍ਰਟਿਸ਼ ਲੋਕਾਂ ਨਾਲ ਸੰਧੀ ਹੋਈ ਸੀ, ਵਾਲੇ ਦਿਨ ਤੋਂ ਦੇਸ਼ ਦੇ ਉਤਰੀ ਅਤੇ ਦੱਖਣੀ ਟਾਪੂ ਤੋਂ ਦੋ ਅਜਿਹੇ ਕਾਫਲੇ (ਕਨਵੋਏ) ਤੁਰੇ ਜਿਹੜੇ ਕੋਵਿਡ ਟੀਕਾਕਰਣ ਨੂੰ ਲਾਜ਼ਮੀ ਕਰਾਰ ਦਿੱਤੇ ਜਾਣ ਦਾ ਵਿਰੋਧ ਕਰ ਰਹੇ ਸਨ। ਇਹ ਕਾਫਲਾ ਬੜੇ ਤਰੀਕੇ ਨਾਲ ਵਧਾਇਆ ਗਿਆ ਅਤੇ 8 ਫਰਵਰੀ ਵਾਲੇ ਦਿਨ 1000 ਦੇ ਕਰੀਬ ਲੋਕ ਨਿਊਜ਼ੀਲੈਂਡ ਦੀ ਸੰਸਦ ਦੇ ਬਾਹਰ ਰੋਸ ਪ੍ਰਦਰਸ਼ਨ ਵਾਸਤੇ ਪਹੁੰਚ ਗਏ। ਇਨ੍ਹਾਂ ਲੋਕਾਂ ਨੇ ਤੰਬੂ ਲਾ ਲਏ, ਕਾਰਾਂ ਦੇ ਨਾਲ ਸੜਕਾਂ ਭਰ ਦਿੱਤੀਆਂ ਅਤੇ ਪੱਕੇ ਤੌਰ ਉਤੇ ਵਿਰੋਧ ਦੇ ਵਿਚ ਬੈਠ ਗਏ। ਸਰਕਾਰ ਅਤੇ ਪੁਲਿਸ ਨੇ ਕਈ ਤਰ੍ਹਾਂ ਨਾਲ ਉਨ੍ਹਾਂ ਨੂੰ ਉਥੋਂ ਚਲੇ ਜਾਣ ਲਈ ਕਿਹਾ, ਕਾਰਾਂ ਟੋਅ ਕਰਵਾਈਆਂ ਗਈਆਂ, ਗਿ੍ਰਫਤਾਰੀਆਂ ਹੋਈਆਂ, ਟਰੈਸ ਪਾਸ ਹੋਏ ਅਤੇ ਜ਼ੁਰਮਾਨੇ ਪਾਉਣ ਦੀਆਂ ਗੱਲਾਂ ਹੋਈਆਂ, ਪਰ ਇਹ ਲੋਕ ਟਸ ਤੋਂ ਮਸ ਨਹੀਂ ਹੋਏ।
ਅੱਜ ਇਕ ਵਾਰ ਸਥਿਤੀ ਅਜਿਹੀ ਆ ਗਈ ਹੈ ਕਿ ਸਰਕਾਰ ਨੂੰ ਫੌਜ ਸੱਦਣ ਤੱਕ ਦੀ ਨੌਬਤ ਆ ਗਈ ਹੈ। ਅੱਜ ਇਕ ਘਟਨਾ ਤੇਜ਼ਾਬ ਸੁੱਟੇ ਜਾਣ ਦੀ ਹੋਈ ਹੈ, ਜੋ ਕਿ ਕਿਸੀ ਪੁਲਿਸ ਅਫਸਰ ਵੱਲ ਸੁੱਟਿਆ ਗਿਆ ਅਤੇ ਇਕ ਕਾਰ ਨੇ ਲੋਕਾਂ ਨੂੰ ਦਰੜਨ ਦੀ ਕੋਸ਼ਿਸ਼ ਕੀਤੀ ਹੈ। ਤਿੰਨ ਪੁਲਿਸ ਵਾਲੇ ਵੀ ਇਸ ਘਟਨਾ ਦੇ ਵਿਚ ਜ਼ਖਮੀ ਹੋਏ ਹਨ। ਇਸ ਵੇਲੇ ਪੁਲਿਸ ਦੀ ਵੱਡੀ ਗਿਣਤੀ ਉਥੇ ਪਹੁੰਚ ਗਈ ਹੈ। ਪੁਲਿਸ ਦੇ ਹੱਥਾਂ ਵਿਚ ਸੋਟੀਆਂ ਅਤੇ ਐਂਟੀ ਰਾਇਟਸ ਸ਼ੀਲਡਾਂ (ਦੰਗਾ ਰੋਕੂ ਢਾਲਾਂ) ਹਨ।
ਵਰਨਣਯੋਗ ਹੈ ਕਿ ਨਿਊਜ਼ੀਲੈਂਡ ਦੇ ਵਿਚ ਵੱਖ-ਵੱਖ ਬਿਮਾਰੀਆਂ ਨੂੰ ਲੈ ਕੇ ਵੈਕਸੀਨੇਸ਼ਨ ਕਰਨ ਦਾ ਇਤਿਹਾਸ 1926 ਦਾ ਹੈ ਜਦੋਂ ਗਲਘੋਟੂ ਵਰਗੀ ਬਿਮਾਰੀ ਚੱਲੀ ਸੀ। ਇਤਿਹਾਸ ਦਸਦਾ ਹੈ ਕਿ 1951 ਦਾ ਵਾਟਰਫਰੰਟ ਵਿਵਾਦ ਨਿਊਜ਼ੀਲੈਂਡ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਉਦਯੋਗਿਕ ਟਕਰਾਅ ਸੀ। ਹਾਲਾਂਕਿ ਇਹ 1913 ਦੀ ਮਹਾਨ ਹੜਤਾਲ ਜਿੰਨਾ ਹਿੰਸਕ ਨਹੀਂ ਸੀ, ਜੋ ਲੰਬੇ ਸਮੇਂ ਤੱਕ 151 ਦਿਨ, ਫਰਵਰੀ ਤੋਂ ਜੁਲਾਈ ਤੱਕ ਚੱਲੀ ਸੀ- ਅਤੇ ਇਸ ਵਿੱਚ ਬਹੁਤ ਮਜ਼ਦੂਰ ਸ਼ਾਮਲ ਹੋਏ। ਉਸ ਵੇਲੇ ਦੇਸ਼ ਦੀ ਸਿਰਫ਼ 20 ਲੱਖ ਤੋਂ ਘੱਟ ਆਬਾਦੀ ਵਿੱਚੋਂ 22,000 ਵਾਟਰਸਾਈਡ ਵਰਕਰ (ਵੈਰਫਾਈਜ਼) ਅਤੇ ਹੋਰ ਯੂਨੀਅਨਿਸਟ ਕੰਮ ਛੱਡ ਕੇ ਬੈਠੇ ਸਨ।





