ਨਵੀਂ ਦਿੱਲੀ, 23 ਫਰਵਰੀ – ਕੋਰੋਨਾ ਕਾਲ ਵਿੱਚ ਸਕੂਲਾਂ ਅਤੇ ਕਾਲਜਾਂ ਤੇ ਲਾਈਆਂ ਗਈਆਂ ਪਾਬੰਦੀਆਂ ਤੋਂ ਬਾਅਦ ਜਿੱਥੇ ਆਨਲਾਈਨ ਪ੍ਰੀਖਿਆਵਾਂ ਲੈਣ ਦਾ ਫ਼ੈਸਲਾ ਕੀਤਾ ਗਿਆ ਸੀ, ਉੱਥੇ ਹੀ 10ਵੀਂ ਅਤੇ 12ਵੀਂ ਬੋਰਡ ਦੇ ਸਾਰੇ ਇਮਤਿਹਾਨ ਆਫਲਾਈਨ (ਸਕੂਲ ਕੰਪਲੈਕਸ ਵਿੱਚ) ਲਏ ਜਾਣਗੇ। ਸੁਪਰੀਮ ਕੋਰਟ ਨੇ ਇਸ ਸਾਲ ਸੀ. ਬੀ. ਐੱਸ. ਈ. ਅਤੇ ਕਈ ਹੋਰ ਬੋਰਡਾਂ ਵੱਲੋਂ ਆਯੋਜਿਤ ਕੀਤੀਆਂ ਜਾਣ ਵਾਲੀਆਂ 10ਵੀਂ ਅਤੇ 12ਵੀਂ ਜਮਾਤ ਦੀਆਂ ਆਫਲਾਈਨ ਪ੍ਰੀਖਿਆਵਾ ਰੱਦ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਜਸਟਿਸ ਏ. ਐੱਮ. ਖਾਨਿਵਲਕਰ, ਜਸਟਿਸ ਦਿਨੇਸ਼ ਮਾਹੇਸ਼ਵਰੀ ਅਤੇ ਜਸਟਿਸ ਸੀ. ਟੀ. ਰਵੀਕੁਮਾਰ ਦੀ ਬੈਂਚ ਨੇ ਕਿਹਾ ਕਿ ਅਜਿਹੀਆਂ ਪਟੀਸ਼ਨਾਂ ਨਾਲ ਗਲਤ ਉਮੀਦਾਂ ਅਤੇ ਹਰ ਥਾਂ ਭਰਮ ਫ਼ੈਲਦਾ ਹੈ। ਬੈਂਚ ਨੇ ਕਿਹਾ ਕਿ ਇਸ ਨਾਲ ਨਾ ਸਿਰਫ਼ ਝੂਠੀਆਂ ਉਮੀਦਾਂ ਬੱਝਦੀਆਂ ਹਨ, ਬਲਕਿ ਇਮਤਿਹਾਨ ਦੀ ਤਿਆਰੀ ਕਰਨ ਵਾਲੇ ਵਿਦਿਆਰਥੀਆਂ ਵਿੱਚ ਵੀ ਭਰਮ ਦੀ ਸਥਿਤੀ ਪੈਦਾ ਹੁੰਦੀ ਹੈ।
ਪਟੀਸ਼ਨ ਵਿੱਚ ਸੀ. ਬੀ. ਐੱਸ. ਈ. ਅਤੇ ਹੋਰ ਸਿੱਖਿਆ ਬੋਰਡਾਂ ਨੂੰ ਹੋਰ ਮਾਧਿਅਮਾਂ ਨਾਲ ਇਮਤਿਹਾਨ ਲੈਣ ਦਾ ਨਿਰਦੇਸ਼ ਦੇਣ ਦੀ ਬੇਨਤੀ ਕੀਤੀ ਗਈ ਸੀ। ਸੀ. ਬੀ. ਐੱਸ. ਈ. ਅਤੇ ਹੋਰ ਸਿੱਖਿਆ ਬੋਰਡ ਨੇ 10ਵੀਂ ਅਤੇ 12ਵੀਂ ਲਈ ਆਫਲਾਈਨ ਪ੍ਰੀਖਿਆਵਾਂ ਕਰਾਉਣ ਦਾ ਪ੍ਰਸਤਾਵ ਦਿੱਤਾ ਹੈ। ਸੀ. ਬੀ. ਐੱਸ. ਈ. ਨੇ 10ਵੀਂ ਅਤੇ 12ਵੀਂ ਜਮਾਤਾਂ ਲਈ 26 ਅਪ੍ਰੈਲ ਨੂੰ ਬੋਰਡ ਇਮਤਿਹਾਨ ਕਰਾਉਣ ਦਾ ਫੈਸਲਾ ਕੀਤਾ ਹੈ।






