ਮਾਸਕੋ, 24 ਫਰਵਰੀ -ਰੂਸ ਦੀਆਂ ਫੌਜ਼ਾਂ ਵਲੋਂ ਅੱਜ ਯੂਕਰੇਨ ਤੇ ਹਮਲਾ ਕਰ ਦਿਤਾ ਗਿਆ। ਰੂਸ ਵਲੋਂ ਯਕਰੇਨ ਤੇ ਕੀਤੇ ਗਏ ਹਮਲੇ ਕਾਰਨ ਅੱਜ ਸਵੇਰੇ ਯੂਕਰੇਨ ਦੇ ਕੀਵ, ਖਾਰਕਿਵ, ਓਡੇਸਾ ਅਤੇ ਹੋਰ ਸ਼ਹਿਰਾਂ ਵਿਚ ਜ਼ੋਰਦਾਰ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ। ਰੂਸ ਵਲੋਂ ਕੀਤੇ ਗਏ ਹਮਲੇ ਵਿੱਚ 40 ਤੋਂ ਵੱਧ ਯੂਕਰੇਨੀ ਫੌਜੀ ਅਤੇ ਨਾਗਰਿਕ ਮਾਰੇ ਗਏ ਹਨ ਅਤੇ ਅਨੇਕਾਂ ਜਖਮੀ ਹੋ ਗਏ।
ਰੂਸ ਦੇ ਹਮਲੇ ਮਗਰੋਂ ਯੂਕ੍ਰੇਨ ਦੀ ਫ਼ੌਜ ਰੂਸੀ ਹਥਿਆਰਬੰਦ ਬਲਾਂ ਦੀਆਂ ਕਾਰਵਾਈਆਂ ਦਾ ਢੁਕਵਾਂ ਜਵਾਬ ਦੇ ਰਹੀ ਹੈ ਅਤੇ ਉਸ ਨੇ ਖੇਤਰ ਵਿਚ ਹਮਲਾਵਰਾਂ ਦੇ 5 ਜਹਾਜ਼ਾਂ ਅਤੇ 1 ਹੈਲੀਕਾਪਟਰ ਨੂੰ ਨਿਸ਼ਾਨਾ ਬਣਾਇਆ। ਫ਼ੌਜੀ ਆਪਣੀ ਥਾਂ ਤੇ ਕਾਇਮ ਹਨ ਅਤੇ ਦੁਸ਼ਮਣ ਪੱਖ ਨੂੰ ਜਵਾਬੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਤੋਂ ਪਹਿਲਾਂ ਅੱਜ ਸਵੇਰੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ਵਿੱਚ ਵਿਸ਼ੇਸ਼ ਫੌਜੀ ਕਾਰਵਾਈ ਸ਼ੁਰੂ ਕਰਨ ਦਾ ਹੁਕਮ ਦਿੰਦਿਆਂ ਦੂਜੇ ਦੇਸ਼ਾਂ ਨੂੰ ਚਿਤਾਵਨੀ ਦਿੱਤੀ ਕਿ ਰੂਸੀ ਕਾਰਵਾਈ ਵਿੱਚ ਟੰਗ ਨਾ ਅੜਾਉਣ ਤੇ ਜੇ ਅਜਿਹਾ ਕਰਨ ਦੀ ਕੋਸ਼ਿਸ਼ ਵੀ ਕੀਤੀ ਤਾਂ ਇਸ ਦੇ ਅਜਿਹੇ ਨਤੀਜੇ ਹੋਣਗੇ ਜਿਹੜੇ ਉਨ੍ਹਾਂ ਨੇ ਪਹਿਲਾਂ ਕਦੇ ਨਹੀਂ ਦੇਖੇ ਹੋਣਗੇ। ਪੁਤਿਨ ਨੇ ਕਿਹਾ ਕਿ ਇਹ ਕਰਵਾਈ ਨਾਗਰਿਕਾਂ ਦੀ ਸੁਰੱਖਿਆ ਲਈ ਜ਼ਰੂਰੀ ਹੈ। ਟੀਵੀ ਸੰਬੋਧਨ ਵਿੱਚ ਪੁਤਿਨ ਨੇ ਕਿਹਾ ਕਿ ਨਾਟੋ ਆਪਹੁਦਰੀਆਂ ਕਰਕੇ ਰੂਸੀ ਸੁਰੱਖਿਆ ਨੂੰ ਟਿੱਚ ਸਮਝ ਰਿਹਾ ਹੈ। ਯੂਕਰੇਨ ਵੱਲੋਂ ਰੂਸ ਨੂੰ ਖਤਰੇ ਕਾਰਨ ਇਹ ਕਾਰਵਾਈ ਕੀਤੀ ਜਾ ਰਹੀ ਹੈ। ਉਸ ਦਾ ਮਕਸਦ ਯੂਕਰੇਨ ਤੇ ਕਬਜ਼ਾ ਕਰਨਾ ਨਹੀਂ ਹੈ।
ਇਸ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਰੂਸੀ ਹਮਲਾ ਪਹਿਲਾਂ ਤੋਂ ਹੀ ਤੈਅ ਸੀ। ਅੱਜ ਰੂਸ ਵਿਰੁੱਧ ਹੋਰ ਪਾਬੰਦੀਆਂ ਦਾ ਐਲਾਨ ਕੀਤਾ ਜਾ ਸਕਦਾ ਹੈ। ਰੂਸ ਦੁਆਰਾ ਪੂਰੀ ਤਾਕਤ ਨਾਲ ਕੀਤੇ ਗਏ ਇਸ ਹਮਲੇ ਦੇ ਨਤੀਜੇ ਵਜੋਂ ਜਾਨ ਅਤੇ ਮਾਲ ਦਾ ਕਾਫ਼ੀ ਨੁਕਸਾਨ ਹੋ ਸਕਦਾ ਹੈ ਅਤੇ ਨਤੀਜੇ ਵਜੋਂ ਯੂਕਰੇਨ ਦੀ ਚੁਣੀ ਹੋਈ ਸਰਕਾਰ ਦਾ ਤਖਤਾ ਪਲਟ ਸਕਦਾ ਹੈ। ਇਸ ਦੌਰਾਨ ਰੂਸ ਤੇ ਵਿਸ਼ਵਵਿਆਪੀ ਪਾਬੰਦੀਆਂ ਲੱਗ ਸਕਦੀਆਂ ਹਨ, ਜਿਸ ਨਾਲ ਯੂਰਪ ਨੂੰ ਊਰਜਾ ਸਮੱਗਰੀ ਦੀ ਸਪਲਾਈ ਤੇ ਅਸਰ ਪੈ ਸਕਦਾ ਹੈ ਅਤੇ ਵਿਸ਼ਵ ਵਿੱਤੀ ਬਾਜ਼ਾਰ ਤੇ ਵੀ ਗੰਭੀਰ ਪ੍ਰਭਾਵ ਪੈ ਸਕਦਾ ਹੈ।
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਫੌਜੀ ਕਾਰਵਾਈ ਦੇ ਐਲਾਨ ਤੋਂ ਬਾਅਦ ਯੂਕ੍ਰੇਨ ਦੇ ਰਾਸ਼ਟਰਪਤੀ ਨੇ ਦੇਸ਼ ਵਿੱਚ ‘ਮਾਰਸ਼ਲ ਲਾਅ’ ਦਾ ਐਲਾਨ ਕੀਤਾ ਹੈ ਅਤੇ ਨਾਗਰਿਕਾਂ ਨੂੰ ਨਾ ਘਬਰਾਉਣ ਦੀ ਅਪੀਲ ਕੀਤੀ ਹੈ। ਉਥੇ ਹੀ ਦੁਨੀਆਂ ਦੇ ਕਈ ਦੇਸ਼ਾਂ ਦੇ ਨੇਤਾਵਾਂ ਨੇ ਰੂਸੀ ਹਮਲੇ ਦੀ ਨਿੰਦਾ ਕੀਤੀ।
ਜਿਕਰਯੋਗ ਹੈ ਕਿ ਬੁੱਧਵਾਰ ਦੇਰ ਰਾਤ ਨੂੰ ਯੂਕ੍ਰੇਨ ਦੀ ਸਥਿਤੀ ਤੇ 15 ਮੈਂਬਰ ਦੇਸ਼ਾਂ ਦੀ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਐਮਰਜੈਂਸੀ ਬੈਠਕ ਬੁਲਾਈ ਸੀ। ਰੂਸ ਅਤੇ ਯੂਕ੍ਰੇਨ ਵਿਚਾਲੇ ਤਣਾਅ ਨੂੰ ਲੈ ਕੇ ਇਸ ਹਫ਼ਤੇ ਬੁਲਾਈ ਗਈ ਇਹ ਦੂਜੀ ਅਤੇ 31 ਜਨਵਰੀ ਤੋਂ ਬਾਅਦ ਚੌਥੀ ਬੈਠਕ ਹੈ। ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਯੂਕ੍ਰੇਨ ਵਿੱਚ ਫੌਜ ਨਾ ਭੇਜਣ ਅਤੇ ਸ਼ਾਂਤੀ ਨਾਲ ਮੁੱਦੇ ਨੂੰ ਹੱਲ ਕਰਨ ਦੀ ਅਪੀਲ ਕੀਤੀ ਹੈ।





