ਅੰਮ੍ਰਿਤਸਰ, 3 ਮਾਰਚ -ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਦੀ ਜੇਲ੍ਹ ਵਿੱਚ ਅਚਾਨਕ ਸਿਹਤ ਖ਼ਰਾਬ ਹੋਣ ਦੀ ਖਬਰ ਹੈ। ਸਿਹਤ ਖ਼ਰਾਬ ਹੋਣ ਕਾਰਨ ਹਨੀ ਨੂੰ ਅੱਜ ਅੰਮ੍ਰਿਤਸਰ ਦੇ ਸ੍ਰੀ ਗੁਰੂ ਨਾਨਕ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ ਗਿਆ ਹੈ। ਇਸ ਮੌਕੇ ਭਾਰੀ ਗਿਣਤੀ ਵਿੱਚ ਪੁਲੀਸ ਫੋਰਸ ਤਾਇਨਾਤ ਕੀਤੀ ਗਈ।
ਕਰੋੜਾਂ ਰੁਪਏ ਦੀ ਬਰਾਮਦਗੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਭੁਪਿੰਦਰ ਸਿੰਘ ਹਨੀ ਨੂੰ ਈ ਡੀ ਵਲੋਂ ਪਹਿਲਾਂ ਰਿਮਾਂਡ ਤੋਂ ਲੈਣ ਤੋਂ ਬਾਅਦ ਰਿਮਾਂਡ ਖਤਮ ਹੋਣ ਤੇ ਨਿਆਂਇਕ ਹਿਰਾਸਤ ਵਿੱਚ ਕਪੂਰਥਲਾ ਜੇਲ੍ਹ ਭੇਜ ਦਿੱਤਾ ਗਿਆ ਸੀ। ਇਸ ਦੌਰਾਨ ਦਿਲ ਵਿੱਚ ਅਚਾਨਕ ਦਰਦ ਮਹਿਸੂਸ ਹੋਣ ਕਰਕੇ ਹਨੀ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿੱਚ ਲਿਜਾਇਆ ਗਿਆ, ਜਿਥੇ ਉਸ ਦੇ ਟੈਸਟ ਲਏ ਗਏ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਦੇ ਘਰ ਕੁਝ ਸਮਾਂ ਪਹਿਲਾਂ ਈ.ਡੀ ਵਲੋਂ ਛਾਪੇਮਾਰੀ ਕੀਤੀ ਗਈ ਸੀ। ਛਾਪੇਮਾਰੀ ਦੌਰਾਨ ਹਨੀ ਦੇ ਘਰ ਵਿੱਚੋਂ ਕਰੋੜਾਂ ਰੁਪਏ ਦੀ ਨਕਦੀ, ਸੋਨਾ ਅਤੇ ਇਕ ਕੀਮਤੀ ਘੜੀ ਬਰਾਮਦ ਕੀਤੀ ਗਈ ਸੀ, ਜਿਸ ਦੇ ਸਬੰਧ ਵਿੱਚ ਉਸ ਨੂੰ ਜੇਲ੍ਹ ਵਿੱਚ ਬੰਦ ਕੀਤਾ ਗਿਆ ਹੈ।






