ਮਲੇਰਕੋਟਲਾ 04 ਮਾਰਚ ,2022 – ਡਿਪਟੀ ਕਮਿਸ਼ਨਰ ਸ੍ਰੀਮਤੀ ਮਾਧਵੀ ਕਟਾਰੀਆ ਨੇ ਕਿਹਾ ਕਿ ਪਲਾਸਟਿਕ ਦੀ ਵਰਤੋਂ ਸਾਡੇ ਜ਼ਿਲ੍ਹੇ ਵਿੱਚ ਬੇਤਹਾਸ਼ਾ ਵੱਧ ਗਈ ਹੈ। ਇਹ ਵਾਤਾਵਰਣ ਨੂੰ ਗੰਧਲਾ ਕਰਨ ਦੇ ਨਾਲ ਹੀ ਸਿਹਤ ਸਬੰਧੀ ਸਮੱਸਿਆਵਾਂ ਵੀ ਪੈਦਾ ਕਰ ਰਹੀ ਹੈ। ਪਸ਼ੂ ਧਨ ਪਲਾਸਟਿਕ ਨੂੰ ਨਿਗਲ ਕੇ ਬਿਮਾਰ ਹੋ ਰਿਹਾ ਹੈ ਅਤੇ ਨਾਲੀਆਂ ਅਤੇ ਡਰੇਨੇਜ ਵਿਵਸਥਾ ਨਕਾਰਾ ਹੋ ਰਹੀ ਹੈ। ਇਕ ਹੱਦ ਤੱਕ ਤਾਂ ਪਲਾਸਟਿਕ ਦੀ ਵਰਤੋਂ ਠੀਕ ਹੈ, ਪਰ ਵਧੇਰੇ ਮਾਤਰਾ ਵਿੱਚ ਪ੍ਰਯੋਗ ਸਮਾਜ ਲਈ ਬਹੁਤ ਹਾਨੀਕਾਰਕ ਹੈ ਜਦੋਂ ਇਸ ਨੂੰ ਕੂੜੇ ਵਿੱਚ ਸੁੱਟ ਦਿੱਤਾ ਜਾਂਦਾ ਹੈ ਤਾਂ ਇਸ ਨਾਲ ਵਾਤਾਵਰਣ ‘ਤੇ ਬਹੁਤ ਮਾੜਾ ਅਸਰ ਪੈਂਦਾ ਹੈ। ਇਹ ਸਮੱਸਿਆ ਦਿਨੋਂ ਦਿਨ ਵਧਦੀ ਜਾ ਰਹੀ ਹੈ। ਪਲਾਸਟਿਕ ਨੂੰ ਸਾਡੇ ਵਾਤਾਵਰਣ ਤੋਂ ਦੂਰ ਕਰਨ ਲਈ ਇਸ ‘ਤੇ ਪਾਬੰਦੀ ਸਬੰਧੀ ਕਦਮ ਚੁੱਕਣ ਦੀ ਲੋੜ ਹੈ। ਆਉਂਦੇ ਦਿਨਾਂ ਵਿੱਚ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਮਲੇਰਕੋਟਲਾ ਨੂੰ ਪੂਰੀ ਤਰ੍ਹਾਂ ਪਲਾਸਟਿਕ ਮੁਕਤ ਕਰਨ ਦਾ ਉਪਰਾਲਾ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪਲਾਸਟਿਕ ਦੀ ਘੱਟ ਤੋਂ ਘੱਟ ਵਰਤੋਂ ਕਰਨ ਅਤੇ ਬਜ਼ਾਰ ਜਾਣ ਵੇਲੇ ਘਰੋਂ ਵਾਤਾਵਰਣ ਪੱਖੀ ਥੈਲੇ ਲੈ ਕੇ ਜਾਣਾ ਯਕੀਨੀ ਬਣਾਉਣ । ਸਭ ਦੇ ਸਾਥ ਨਾਲ ਸ਼ਹਿਰ ਦੀ ਫ਼ਿਜ਼ਾ ਅਤੇ ਦਿੱਖ ਦੋਹਾਂ ਨੂੰ ਬਿਹਤਰ ਕੀਤਾ ਜਾ ਸਕੇਗਾ। ਲੋਕਾਂ ਨੂੰ ਪਲਾਸਟਿਕ ਤੇ ਪੋਲੀਥਿਨ ਪ੍ਰਤੀ ਜਾਗਰੂਕ ਕਰਦੇ ਹੋਏ ਉਨ੍ਹਾਂ ਕਿਹਾ ਕਿ ਜੁਟ/ ਕੱਪੜੇ ਦੇ ਥੈਲੇ ਦੀ ਵਰਤੋਂ ਕਰਨ ਨਾਲ ਵਾਤਾਵਰਨ ਨੂੰ ਸਿਹਤਮੰਦ ਰੱਖਣ ‘ਚ ਸਹਿਯੋਗ ਮਿਲਦਾ ਹੈ। ਪਲਾਸਟਿਕ ਤੇ ਪੋਲੀਥਿਨ ਜਿੱਥੇ ਸਿਹਤ ਲਈ ਠੀਕ ਨਹੀਂ ਹੁੰਦੇ, ਉੱਥੇ ਉਨ੍ਹਾਂ ‘ਚ ਕੋਈ ਵੀ ਚੀਜ਼ ਲੈ ਕੇ ਜਾਣ ਨਾਲ ਉਨ੍ਹਾਂ ‘ਚ ਮੌਜੂਦ ਕੈਮੀਕਲ ਸਰਗਰਮ ਹੋ ਜਾਂਦੇ ਹਨ, ਜੋ ਸਿਹਤ ਲਈ ਹਾਨੀਕਾਰਕ ਹੁੰਦੇ ਹਨ। ਪਲਾਸਟਿਕ ਦੇ ਲਿਫ਼ਾਫ਼ੇ ਗਲਦੇ ਨਹੀਂ ਉਨ੍ਹਾਂ ਨੂੰ ਖ਼ਤਮ ਕਰਨਾ ਅੱਜ ਦੇ ਸਮੇਂ ਦਾ ਵੱਡਾ ਚੈਲੇਜ ਹੈ ਉਨ੍ਹਾਂ ਕਿਹਾ ਕਿ ਜੁਟ/ ਕੱਪੜੇ ਦੇ ਥੈਲਿਆਂ ਨਾਲ ਵਾਤਾਵਰਨ ‘ਤੇ ਕੋਈ ਪ੍ਰਭਾਵ ਨਹੀਂ ਪੈਂਦਾ ਤੇ ਮਨੁੱਖੀ ਸਿਹਤ ਲਈ ਵੀ ਠੀਕ ਰਹਿੰਦਾ ਹੈ। ਇਸ ਲਈ ਜਿਵੇਂ ਸਾਡੇ ਬਜ਼ੁਰਗ ਥੈਲਿਆਂ ਦੀ ਵਰਤੋਂ ਕਰਦੇ ਸੀ, ਸਾਨੂੰ ਸਭ ਨੂੰ ਵੀ ਉਸੇ ਤਰ੍ਹਾਂ ਵਰਤੋਂ ਕਰਨੀ ਚਾਹੀਦੀ ਹੈ।
ਜ਼ਿਲ੍ਹੇ ਨੂੰ ‘ਪਲਾਸਟਿਕ ਮੁਕਤ’, ਕਰਨ ਲਈ ਦੁਕਾਨਦਾਰਾਂ ਨੂੰ ਅਪੀਲ ਕਰਦਿਆ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਕਿਸੇ ਵੀ ਪਾਬੰਦੀਸ਼ੁਦਾ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਨ। ਉਪਰੋਕਤ ਅਨੁਸਾਰ ਕਾਰਵਾਈ ਦੀ ਪਾਲਣਾ ਯਕੀਨੀ ਬਣਾਉਣ ਲਈ ਲੋਕਾਂ ਅਤੇ ਕਾਰੋਬਾਰੀਆਂ ਦੇ ਸਹਿਯੋਗ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ੧੦ ਮਾਰਚ ਉਪਰੰਤ ਜੇਕਰ ਕੋਈ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਉਲੀਕੀ ਜਾਵੇਗੀ । ੧੦ ਮਾਰਚ ਤੱਕ ਦਾ ਸਮਾਂ ਲੋਕਾਂ ਅਤੇ ਕਾਰੋਬਾਰੀਆਂ ਨੂੰ ਯੋਗ ਉਪਰਾਲੇ ਕਰਨ ਲਈ ਦਿੱਤਾ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਪਲਾਸਟਿਕ ਵਿਕ੍ਰੇਤਾਵਾਂ ਕਿਹਾ ਕਿ ਉਹ ਸਰਕਾਰ ਵਲੋਂ ਤਹੀਸੁਦਾ ਮਿਆਰ ਦੇ ਪਲਾਸਟਿਕ ਦਾ ਸਮਾਨ ਲਿਫ਼ਾਫ਼ੇ ਆਦਿ ਵੇਚਣ। ਜੇਕਰ ਕੋਈ ਦੁਕਾਨਦਾਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪਲਸਾਟਿਕ ਦਾ ਸਮਾਨ ਵੇਚਦਾ ਪਾਇਆ ਗਿਆ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗਾ ।
ਉਨ੍ਹਾਂ ਹੋਰ ਕਿਹਾ ਕਿ ਸਿੰਗਲ ਯੂਜ਼ ਪਲਾਸਟਿਕ ਕਟਲਰੀ ਪਲੇਟ, ਕੱਪ, ਕਟੋਰੇ, ਕਾਂਟੇ, ਚਾਕੂ, ਚਮਚ, ਥਰਮਲ/ਸਟੀਰੋਫੋਮ ਕਟਲਰੀ ਪਲੇਟ, ਕੱਪ, ਕਟੋਰੇ, ਸਿੰਗਲ ਯੂਜ਼ ਪਲਾਸਟਿਕ ਕਨਟੇਨਰ ਬਾਊਲ, ਟਰੇਅ, ਗਲਾਸ, ਲਿਡਸ, ਪ੍ਰਦੂਸਣ ਕੰਟਰੋਲ ਵਲੋਂ ਨਿਰਧਾਰਿਤ ਮਾਈਕਰੋਨ ਤੋਂ ਵੱਧ ਦੇ ਲਿਫ਼ਾਫ਼ੇ,ਬੈਗ, ਸੀਲਬੰਦ ਗਲਾਸ ਅਤੇ ਪਲਾਸਟਿਕ ਮਿਨਰਲ ਵਾਟਰ ਥੈਲੀਆਂ ਵਰਤਣ ਤੋਂ ਗੁਰੇਜ਼ ਕਰਨ ।






