ਛੱਤੀਸਗੜ੍ਹ, 5 ਮਾਰਚ -ਛੱੜੀਸਗੜ੍ਹ ਦੇ ਅੰਬਿਕਾਪੁਰ ਜ਼ਿਲ੍ਹੇ ਵਿੱਚ ਇੱਕ ਨਾਬਾਲਗ ਪੁੱਤਰ ਵੱਲੋਂ ਆਪਣੇ ਮਾਪਿਆਂ ਦਾ ਕਤਲ ਕਰ ਕੇ ਉਨ੍ਹਾਂ ਦੀਆਂ ਲਾਸ਼ਾਂ ਘਰ ਵਿੱਚ ਹੀ ਦਫ਼ਨਾ ਦਿੱਤੀ। ਮਾਮਲੇ ਦੀ ਜਾਣਕਾਰੀ ਮਿਲਦੇ ਹੀ ਪੁਲੀਸ ਅਤੇ ਫੋਰੈਂਸਿਕ ਵਿਭਾਗ ਦੀ ਟੀਮ ਮੌਕੇ ਤੇ ਪਹੁੰਚੀ ਅਤੇ ਜਾਂਚ ਵਿੱਚ ਜੁੱਟ ਗਈ। ਪੁਲੀਸ ਨੇ ਨਾਬਾਲਗ ਦੋਸ਼ੀ ਦੀ ਨਿਸ਼ਾਨਦੇਹੀ ਤੇ ਜ਼ਮੀਨ ਵਿੱਚ ਦਫਨਾਈਆਂ ਲਾਸ਼ਾਂ ਨੂੰ ਕੱਢਿਆ। ਪੁਲੀਸ ਅਨੁਸਾਰ ਘਰ ਵਿੱਚ ਜੈਰਾਮ ਸਿੰਘ (50) ਆਪਣੀ ਪਤਨੀ ਅਤੇ ਦੋ ਪੁੱਤਰਾਂ ਨਾਲ ਰਹਿੰਦੇ ਸਨ। ਉਨ੍ਹਾਂ ਦਾ ਪੁੱਤਰ ਕੰਮ ਦੇ ਸਿਲਸਿਲੇ ਵਿੱਚ ਘਰ ਤੋਂ ਬਾਹਰ ਗਿਆ ਹੋਇਆ ਸੀ। ਇਸ ਦੌਰਾਨ ਮਾਤਾ-ਪਿਤਾ ਦੀ ਛੋਟੇ ਪੁੱਤਰ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ। ਬਹਿਸ ਇਸ ਹੱਦ ਤਕ ਵੱਧ ਗਈ ਕਿ ਪੁੱਤਰ ਨੇ ਤੇਜ਼ਧਾਰ ਹਥਿਆਰ ਨਾਲ ਦੋਵਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਇਸ ਤੋਂ ਬਾਅਦ ਉਸ ਨੇ ਘਰ ਦੇ ਇੱਕ ਕਮਰੇ ਵਿੱਚ ਦੋਵਾਂ ਦੀਆਂ ਲਾਸ਼ਾਂ ਨੂੰ ਦਫ਼ਨਾ ਦਿੱਤਾ। ਪੁੱਤਰ ਨੇ ਉਸੇ ਥਾਂ ਤੇ ਖਾਣਾ ਵੀ ਬਣਾਇਆ ਅਤੇ ਖਾਧਾ ਵੀ। ਘਟਨਾ ਦੀ ਭਿਣਕ ਜਦੋਂ ਨਾਬਾਲਗ ਦੇ ਜੀਜਾ ਨੂੰ ਲੱਗੀ ਤਾਂ ਉਨ੍ਹਾਂ ਨੇ ਤੁਰੰਤ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ। ਪੁਲੀਸ ਨੇ ਮੌਕੇ ਤੇ ਪਹੁੰਚ ਕੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕੱਢਿਆ ਅਤੇ ਪੋਸਟਮਾਰਟਮ ਲਈ ਭੇਜਿਆ। ਪੁਲੀਸ ਨੇ ਨਾਬਾਲਗ ਮੁੰਡੇ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਪੁਲੀਸ ਅਨੁਸਾਰ ਮ੍ਰਿਤਕਾਂ ਦੇ ਜੁਆਈ ਨੇ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ। ਫ਼ਿਲਹਾਲ ਦੋਸ਼ੀ ਨਾਬਾਲਗ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਮ੍ਰਿਤਕ ਮਾਪਿਆਂ ਦੇ ਵੱਡੇ ਪੁੱਤਰ ਨੇ ਦੱਸਿਆ ਕਿ ਉਹ ਘਟਨਾ ਦੇ ਸਮੇਂ ਘਰ ਵਿੱਚ ਨਹੀਂ ਸੀ, ਉਸ ਨੂੰ ਵੀ ਜਾਣਕਾਰੀ ਫੋਨ ਤੇ ਜੀਜਾ ਨੇ ਦਿੱਤੀ।






