ਰਾਜ ਸਭਾ ‘ਚ ਅੱਗੇ ਭਾਜਪਾ ਮਜ਼ਬੂਤ ਨਹੀਂ ਰਹੇਗੀ ਤਾਂ ਵਿਵਾਦਤ ਬਿੱਲ ਪਾਸ ਕਰਵਾਉਣਾ ਹੋਵੇਗਾ ਮੁਸ਼ਕਿਲ
ਕੋਟਕਪੂਰਾ 5 ਮਾਰਚ 2022 – ਜਿਸ ਤਰਾਂ ਬੀਜੇਪੀ ਨੇ ਤਿੰਨ ਖੇਤੀ ਬਿੱਲ ਪਾਸ ਕਰਵਾਕੇ ਦੇਸ਼ ਭਰ ਦੇ ਕਿਸਾਨਾਂ ਨੂੰ ਇਕ ਸਾਲ ਤੋਂ ਵੀ ਵੱਧ ਲੰਬੇ ਚਲੇ ਅੰਦੋਲਨ ਵੱਲ ਧੱਕ ਦਿੱਤਾ ਸੀ। ਹੁਣ ਉਸੇ ਤਰ੍ਹਾਂ ਕਿਸੇ ਬਿੱਲ ਨੂੰ ਰਾਜ ਸਭਾ ਵਿੱਚ ਪਾਸ ਕਰਵਾਉਣਾ ਭਾਜਪਾ ਲਈ ਔਖਾ ਕੰਮ ਹੋਣ ਵਾਲਾ ਹੈ।
ਮੌਜੂਦਾ ਭਾਜਪਾ ਸਰਕਾਰ ਨੂੰ ਸੰਵਿਧਾਨ ਦੀ ਧਾਰਾ 370 ਵਿੱਚ ਸੋਧ, ਜੰਮੂ-ਕਸ਼ਮੀਰ ਦੀ ਵੰਡ, ਤਿੰਨ ਤਲਾਕ ਨੂੰ ਸਜ਼ਾਯੋਗ ਅਪਰਾਧ ਬਣਾਉਣ, ਨਾਗਰਿਕਤਾ ਕਾਨੂੰਨ ਵਿੱਚ ਸੋਧ, ਕਿਰਤ ਕਾਨੂੰਨ, ਖੇਤੀਬਾੜੀ ਆਦਿ ਨਾਲ ਸਬੰਧਤ ਕਈ ਵਿਵਾਦਤ ਬਿੱਲ ਪਾਸ ਕਰਵਾਉਣ ਲਈ ਕਰਾਉਣ ਲਈ ਬੀਜੂ ਜਨਤਾ ਦਲ, ਤੇਲੰਗਾਨਾ,ਰਾਸ਼ਟਰ ਸਮਿਤੀ ਅਤੇ ਵਾਈਐਸਆਰ ਕਾਂਗਰਸ ਵਰਗੀਆਂ ਖੇਤਰੀ ਪਾਰਟੀਆਂ ਦੀ ਮਦਦ ਲੈਣੀ ਪਈ।
ਭਾਰਤੀ ਜਨਤਾ ਪਾਰਟੀ (ਭਾਜਪਾ) ਕੋਲ ਸੰਸਦ ਦੇ ਹੇਠਲੇ ਸਦਨ, ਲੋਕ ਸਭਾ ਵਿੱਚ ਆਪਣੇ ਦਮ ‘ਤੇ ਬਹੁਮਤ ਹੈ, ਪਰ ਉਪਰਲੇ ਸਦਨ ਵਿੱਚ ਭਾਜਪਾ ਦੀ ਸਥਿਤੀ ਅਜਿਹੀ ਨਹੀਂ ਰਹੀ ਹੈ। ਗੱਲ ਸਿਰਫ਼ ਭਾਜਪਾ ਦੀ ਹੀ ਨਹੀਂ, ਪਿਛਲੇ ਤੀਹ ਸਾਲਾਂ ਤੋਂ ਰਾਜ ਸਭਾ ਵਿੱਚ ਕਿਸੇ ਵੀ ਪਾਰਟੀ ਕੋਲ ਬਹੁਮਤ ਨਹੀਂ ਹੈ।
ਭਾਜਪਾ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਕੋਲ ਇਸ ਵੇਲੇ ਰਾਜ ਸਭਾ ਦੀਆਂ 114 ਸੀਟਾਂ ਹਨ, ਜਿਨ੍ਹਾਂ ਵਿੱਚੋਂ ਭਾਜਪਾ ਕੋਲ 97, ਜੇਡੀਯੂ ਕੋਲ 5, ਏ.ਆਈ.ਡੀ.ਐਮ.ਕੇ. ਕੋਲ 5, ਆਜ਼ਾਦ ਕੋਲ 1 ਅਤੇ ਛੋਟੀਆਂ ਪਾਰਟੀਆਂ ਕੋਲ 6 ਸੀਟਾਂ ਹਨ, ਪਰ ਜਲਦੀ ਹੀ ਇਹ ਸਥਿਤੀ ਬਦਲਣ ਜਾ ਰਹੀ ਹੈ। ਰਾਜ ਸਭਾ ਦੀਆਂ 70 ਸੀਟਾਂ ਲਈ ਅਪ੍ਰੈਲ ਤੋਂ ਅਗਸਤ ਤੱਕ ਚੋਣਾਂ ਹੋਣੀਆਂ ਹਨ।
ਜਿਸਦੇ ਚਲਦੇ ਭਾਜਪਾ ਲਈ 5 ਸੀਟਾਂ, ਏਆਈਏਡੀਐਮਕੇ ਲਈ 1 ਸੀਟ ਅਤੇ ਆਜ਼ਾਦ ਉਮੀਦਵਾਰਾਂ ਲਈ 1 ਸੀਟ ਘੱਟ ਜਾਵੇਗੀ। ਇਸ ਤੋਂ ਬਾਅਦ ਨੰਬਰ ਫੋਰਸ 114 ਤੋਂ ਘੱਟ ਕੇ 107 ‘ਤੇ ਆ ਜਾਵੇਗੀ। ਅਜਿਹੇ ‘ਚ ਜੇਕਰ ਸਹਿਯੋਗੀ ਪਾਰਟੀਆਂ ਅੱਖਾਂ ਦਿਖਾਉਂਦੀਆਂ ਹਨ ਅਤੇ ਬੀਜੇਡੀ, ਵਾਈਐੱਸਆਰ ਕਾਂਗਰਸ ਦਾ ਸਮਰਥਨ ਨਹੀਂ ਮਿਲਦਾ ਤਾਂ ਭਾਜਪਾ ਲਈ ਰਾਜ ਸਭਾ ‘ਚ ਬਿੱਲ ਪਾਸ ਕਰਵਾਉਣਾ ਬਹੁਤ ਮੁਸ਼ਕਲ ਹੋ ਜਾਵੇਗਾ।
ਇਸ ਤੋਂ ਇਲਾਵਾ ਜੇਕਰ ਪੰਜਾਬ, ਉਤਰਾਖੰਡ ਅਤੇ ਯੂਪੀ ਵਿੱਚ ਸੀਟਾਂ ਘੱਟ ਜਾਂਦੀਆਂ ਹਨ ਤਾਂ ਰਾਜ ਸਭਾ ਵਿੱਚ ਭਾਜਪਾ ਦੇ ਸੰਸਦ ਮੈਂਬਰਾਂ ਦੀ ਗਿਣਤੀ ਹੋਰ ਵੀ ਘੱਟ ਸਕਦੀ ਹੈ। ਕਿਉਂਕਿ ਇਨ੍ਹਾਂ ਰਾਜਾਂ ਵਿੱਚ ਰਾਜ ਸਭਾ ਦੀਆਂ 19 ਸੀਟਾਂ ਹਨ। ਇੱਥੇ ਤਸਵੀਰ 10 ਮਾਰਚ 2022 ਤੋਂ ਬਾਅਦ ਸਪੱਸ਼ਟ ਹੋ ਜਾਵੇਗੀ।
ਚਾਹ ਦੇ ਕੱਪ ‘ਚ ਸਿਆਸੀ ਤੂਫਾਨ ਖੜ੍ਹਾ ਕਰਕੇ ਕੇਂਦਰ ਦੀ ਅਟਲ ਬਿਹਾਰੀ ਵਾਜਪਾਈ ਸਰਕਾਰ ਨੂੰ ਇਕ ਵੋਟ ਨਾਲ ਡੇਗਣ ਵਾਲੇ ਸੁਬਰਾਮਨੀਅਮ ਸਵਾਮੀ ਵੀ ਰਾਜ ਸਭਾ ਛੱਡਣਗੇ। ਕਿਹਾ ਜਾ ਰਿਹਾ ਹੈ ਕਿ ਇਸਦੇ ਨਾਲ ਹੀ ਉਹ ਭਾਜਪਾ ਤੋਂ ਵੀ ਵੱਖ ਹੋ ਜਾਣਗੇ।
ਕੇਂਦਰ ਸਰਕਾਰ ‘ਤੇ ਲੰਬੇ ਸਮੇਂ ਤੋਂ ਹਮਲਾਵਰ ਰਹੇ ਸਵਾਮੀ ਦਾ ਰਾਜ ਸਭਾ ਤੋਂ ਕਾਰਜਕਾਲ 24 ਅਪ੍ਰੈਲ ਨੂੰ ਖਤਮ ਹੋਣ ਜਾ ਰਿਹਾ ਹੈ। ਜਿਸ ਤਰ੍ਹਾਂ ਉਨ੍ਹਾਂ ਨੇ ਪਿਛਲੇ ਸਮੇਂ ‘ਚ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ, ਉਸ ਨਾਲ ਉਨ੍ਹਾਂ ਦੇ ਮੁੜ ਚੁਣੇ ਜਾਣ ਦੀਆਂ ਸੰਭਾਵਨਾਵਾਂ ਨਾਮੁਮਕਿਨ ਹਨ। ਭਾਜਪਾ ਦੇ ਉੱਚ ਸੂਤਰਾਂ ਅਨੁਸਾਰ ਉਨ੍ਹਾਂ ਨੂੰ ਨਾ ਤਾਂ ਹੁਣ ਨਾਮਜ਼ਦ ਕੀਤਾ ਜਾਵੇਗਾ ਅਤੇ ਨਾ ਹੀ ਉਨ੍ਹਾਂ ਨੂੰ ਕਿਸੇ ਹੋਰ ਸੂਬੇ ਤੋਂ ਰਾਜ ਸਭਾ ਭੇਜਿਆ ਜਾਵੇਗਾ।
ਭਾਜਪਾ ਦੇ ਨਾਲ-ਨਾਲ ਕਾਂਗਰਸ ਦੇ ਕਈ ਦਿੱਗਜ਼ ਆਗੂ ਵੀ ਰਾਜ ਸਭਾ ਤੋਂ ਆਪਣਾ ਕਾਰਜਕਾਲ ਪੂਰਾ ਕਰਨ ਜਾ ਰਹੇ ਹਨ। ਇਸ ਵਿੱਚ ਕਾਂਗਰਸ ਦੇ ਬਾਗੀ ਗਰੁੱਪ ਜੀ-23 ਵਿੱਚ ਸ਼ਾਮਲ ਆਗੂ ਆਨੰਦ ਸ਼ਰਮਾ, ਕਪਿਲ ਸਿੱਬਲ, ਕੇਰਲਾ ਤੋਂ ਏ ਕੇ ਐਂਟਨੀ ਅਤੇ ਪੰਜਾਬ ਤੋਂ ਅੰਬਿਕਾ ਸੋਨੀ ਸ਼ਾਮਲ ਹਨ। ਪੰਜਾਬ ਤੋਂ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦਾ ਕਾਰਜਕਾਲ ਵੀ ਖਤਮ ਹੋਣ ਜਾ ਰਿਹਾ ਹੈ। ਇਨ੍ਹਾਂ ਆਗੂਆਂ ਦੇ ਮੁੜ ਨਾਮਜ਼ਦ ਹੋਣ ਦੀ ਵੀ ਸੰਭਾਵਨਾ ਨਹੀਂ ਹੈ ਅਤੇ ਇਸ ਦੇ ਕਾਰਨ ਵੀ ਹਨ।
ਰਾਜਸਥਾਨ ਚ ਭਾਜਪਾ ਦੇ ਚਾਰ ਰਾਜ ਸਭਾ ਸਾਂਸਦਾਂ ਓਮ ਪ੍ਰਕਾਸ਼ ਮਾਥੁਰ, ਰਾਮ ਕੁਮਾਰ ਵਰਮਾ, ਹਰਸ਼ਵਰਧਨ ਸਿੰਘ ਅਤੇ ਅਲਫੋਂਸ ਦਾ ਕਾਰਜਕਾਲ 4 ਜੁਲਾਈ ਨੂੰ ਖਤਮ ਹੋ ਰਿਹਾ ਹੈ।
ਹੁਣ ਸੂਬੇ ‘ਚ ਕਾਂਗਰਸ ਦੀ ਸਰਕਾਰ ਹੈ। ਅਜਿਹੇ ‘ਚ ਕਾਂਗਰਸ ਦੇ ਖਾਤੇ ‘ਚ 2 ਅਤੇ ਭਾਜਪਾ ਦੇ ਖਾਤੇ ‘ਚ ਸਿਰਫ ਇਕ ਸੀਟ ਜਾਵੇਗੀ, ਜਦਕਿ ਚੌਥੀ ਸੀਟ ਲਈ ਕਾਂਗਰਸ ਅਤੇ ਭਾਜਪਾ ਵਿਚਾਲੇ ਸਖਤ ਟੱਕਰ ਹੋ ਸਕਦੀ ਹੈ। ਜੇਕਰ ਵੋਟ ਪ੍ਰਬੰਧਨ ਵਿੱਚ ਮੁਹਾਰਤ ਰੱਖਣ ਵਾਲੇ ਅਸ਼ੋਕ ਗਹਿਲੋਤ ਆਪਣੇ ਗਣਿਤ ਵਿੱਚ ਕਾਮਯਾਬ ਹੋ ਜਾਂਦੇ ਹਨ ਤਾਂ ਭਾਜਪਾ ਨੂੰ ਇੱਥੇ ਸਿਰਫ਼ ਇੱਕ ਸੀਟ ਨਾਲ ਹੀ ਸੰਤੁਸ਼ਟ ਹੋਣਾ ਪੈ ਸਕਦਾ ਹੈ।






