ਨਵੀਂ ਦਿੱਲੀ,7 ਮਾਰਚ – ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਅੱਜ ਸ਼ੁਰੂਆਤੀ ਕਾਰੋਬਾਰ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਤੇਜ਼ੀ ਦੇਖਣ ਨੂੰ ਮਿਲੀ। ਐਮ ਸੀ ਐਸ ਤੇ, 5 ਅਪ੍ਰੈਲ, 2022 ਨੂੰ ਡਿਲੀਵਰੀ ਲਈ ਸੋਨਾ ਅੱਜ ਸਵੇਰੇ 1.99 ਫੀਸਦੀ ਜਾਂ 1044 ਰੁਪਏ ਦੇ ਉਛਾਲ ਨਾਲ 53,603 ਰੁਪਏ ਪ੍ਰਤੀ 10 ਗ੍ਰਾਮ ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਇਸ ਤੋਂ ਇਲਾਵਾ 3 ਜੂਨ, 2022 ਦੀ ਡਿਲੀਵਰੀ ਲਈ ਸੋਨਾ ਇਸ ਸਮੇਂ 2.08 ਫੀਸਦੀ ਜਾਂ 1104 ਰੁਪਏ ਦੇ ਉਛਾਲ ਨਾਲ 54,070 ਰੁਪਏ ਪ੍ਰਤੀ 10 ਗ੍ਰਾਮ ਤੇ ਕਾਰੋਬਾਰ ਕਰਦਾ ਦੇਖਿਆ ਗਿਆ।
ਸੋਨੇ ਦੇ ਨਾਲ-ਨਾਲ ਚਾਂਦੀ ਦੀਆਂ ਕੀਮਤਾਂ ਵਿੱਚ ਵੀ ਸੋਮਵਾਰ ਨੂੰ ਭਾਰੀ ਵਾਧਾ ਦੇਖਣ ਨੂੰ ਮਿਲਿਆ ਹੈ। ਐਮ ਸੀ ਐਸ ਤੇ ਸ਼ੁਰੂਆਤੀ ਵਪਾਰ ਵਿੱਚ, 5 ਮਈ, 2022 ਨੂੰ ਡਿਲੀਵਰੀ ਲਈ ਚਾਂਦੀ 2.48 ਫੀਸਦੀ ਜਾਂ 1717 ਰੁਪਏ ਵਧ ਕੇ 70,877 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਕਾਰੋਬਾਰ ਕਰਦੀ ਨਜ਼ਰ ਆਈ।
ਵਿਸ਼ਵ ਪੱਧਰ ਤੇ ਵੀ ਅੱਜ ਸੋਨੇ ਅਤੇ ਚਾਂਦੀ ਦੀ ਕੀਮਤ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਬਲੂਮਬਰਗ ਦੇ ਅਨੁਸਾਰ, ਅੱਜ ਸਵੇਰੇ ਕਾਮੈਕਸ ਤੇ ਸੋਨੇ ਦੀ ਗਲੋਬਲ ਫਿਊਚਰਜ਼ ਕੀਮਤ 1.47 ਫੀਸਦੀ (29 ਡਾਲਰ) ਵਧ ਕੇ 1995.60 ਡਾਲਰ ਪ੍ਰਤੀ ਔਂਸ ਤੇ ਵਪਾਰ ਕਰਦੀ ਦਿਖਾਈ ਦਿੱਤੀ। ਇਸ ਦੇ ਨਾਲ ਹੀ ਅੱਜ ਕਾਮੈਕਸ ਤੇ ਚਾਂਦੀ ਦੀ ਗਲੋਬਲ ਫਿਊਚਰਜ਼ ਕੀਮਤ 1.13 ਫੀਸਦੀ (0.29 ਡਾਲਰ) ਦੇ ਵਾਧੇ ਨਾਲ 26.08 ਡਾਲਰ ਪ੍ਰਤੀ ਔਂਸ ਤੇ ਕਾਰੋਬਾਰ ਕਰਦੀ ਨਜ਼ਰ ਆਈ।






