ਚੰਡੀਗੜ੍ਹ, 07 ਮਾਰਚ 2022- ਸ਼ਹਿਰ ਚੰਡੀਗੜ੍ਹ ਦੀ ‘ਸਿਟੀ ਬਿਊਟੀਫੁੱਲ’ ਵਜੋਂ ਲੋਪ ਹੋਈ ਮਾਨਤਾ ਨੂੰ ਮੁੜ ਸਥਾਪਿਤ ਕਰਨ ਦੇ ਉਦੇਸ਼ ਨਾਲ ਅੱਗੇ ਆਈ ਐਨ.ਜੀ.ਓ ਚੰਡੀਗੜ੍ਹ ਵੈਲਫੇਅਰ ਟਰੱਸਟ ਵੱਲੋਂ ਨਗਰ ਨਿਗਮ ਦੇ ਸਹਿਯੋਗ ਨਾਲ ਸ਼ਹਿਰ ਵਾਸੀਆਂ ਨੂੰ ਸਵੱਛਤਾ ਪ੍ਰਤੀ ਜਾਗਰੂਕ ਕਰਨ ਲਈ ਅੱਜ ਵਿਸ਼ੇਸ਼ ਜਾਗਰੂਕਤਾ ਮੁਹਿੰਮ ਦਾ ਆਗ਼ਾਜ਼ ਕੀਤਾ ਗਿਆ। ‘ਸਵੱਛਤਾ ਦੀ ਕੜੀ ਟੂਟ ਨਾ ਜਾਏ-ਏਕ ਬੀ ਗਰ ਛੂਟ ਨਾ ਜਾਏ’ ਦੇ ਬੈਨਰ ਹੇਠ ਮਹੀਨਾ ਭਰ ਚੱਲਣ ਵਾਲੀ ਜਾਗਰੂਕਤਾ ਮੁਹਿੰਮ ਨੂੰ ਅੱਜ ਨਗਰ ਨਿਗਮ ਦੀ ਮੇਅਰ ਸ਼੍ਰੀਮਤੀ ਸਰਬਜੀਤ ਕੌਰ ਵੱਲੋਂ ਸੈਕਟਰ 17 ਤੋਂ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਚੰਡੀਗੜ੍ਹ ਵੈਲਫੇਅਰ ਟਰੱਸਟ ਦੇ ਸੰਸਥਾਪਕ ਸ. ਸਤਨਾਮ ਸਿੰਘ ਸੰਧੂ, ਸੀਨੀਅਰ ਡਿਪਟੀ ਮੇਅਰ ਸ਼੍ਰੀ ਦਲੀਪ ਸ਼ਰਮਾ ਅਤੇ ਨਗਰ ਨਿਗਮ ਕਮਿਸ਼ਨਰ ਅਨਿੰਦਿਤਾ ਮਿਤਰਾ (ਆਈ.ਏ.ਐਸ), ਡਿਪਟੀ ਮੇਅਰ ਸ਼੍ਰੀ ਅਨੂਪ ਗੁਪਤਾ ਅਤੇ ਜੁਆਇੰਟ ਕਮਿਸ਼ਨਰ ਸ਼੍ਰੀਮਤੀ ਸ਼ਾਲਿਨੀ ਚੇਤਲ ਉਚੇਚੇ ਤੌਰ ’ਤੇ ਹਾਜ਼ਰ ਸਨ।ਜ਼ਿਕਰਯੋਗ ਹੈ ਕਿ ਇਹ ਮੁਹਿੰਮ ਪੂਰੇ ਸ਼ਹਿਰ ਵਿੱਚ ਇੱਕ ਮਹੀਨੇ ਲਈ 7 ਮਾਰਚ ਤੋਂ 7 ਅਪ੍ਰੈਲ 2022 ਤੱਕ ਚੱਲੇਗੀ, ਜਿਸ ਦੌਰਾਨ ਸ਼ਹਿਰ ਵਾਸੀਆਂ ਨੂੰ ਸਾਫ਼ ਸਫ਼ਾਈ ਪ੍ਰਤੀ ਜਾਣੂ ਕਰਵਾਉਣ ਦੇ ਨਾਲ-ਨਾਲ ਸਵੱਛ ਭਾਰਤ ਅਭਿਆਨ ਪ੍ਰਤੀ ਨਾਗਰਿਕਾਂ ਦੀਆਂ ਜ਼ੁੰਮੇਵਾਰੀਆਂ ਬਾਰੇ ਚੇਤੰਨ ਕੀਤਾ ਜਾਵੇਗਾ।
ਇਸ ਮੁਹਿੰਮ ਵਿੱਚ 1 ਹਜ਼ਾਰ ਤੋਂ ਵੱਧ ਵਲੰਟੀਅਰਾਂ ਦੇ ਸਹਿਯੋਗ ਨਾਲ ਸ਼ਹਿਰ ਚੰਡੀਗੜ੍ਹ ਦੇ ਸਮੁੱਚੇ ਸੈਕਟਰਾਂ, ਉਦਯੋਗਿਕ ਖੇਤਰਾਂ ਸਮੇਤ ਸਾਰੇ ਪਿੰਡਾਂ ਤੱਕ ਪਹੁੰਚ ਬਣਾਈ ਜਾਵੇਗੀ। ਇਸ ਮੁਹਿੰਮ ਦੌਰਾਨ ਵਲੰਟੀਅਰਾਂ ਵੱਲੋਂ ਸ਼ਹਿਰ ਵਾਸੀਆਂ ਨੂੰ ਸਵੱਛਤਾ ਪ੍ਰਤੀ ਉਨ੍ਹਾਂ ਦੇ ਮੁੱਢਲੇ ਫਰਜ਼ਾਂ, ਜ਼ੁੰਮੇਵਾਰੀਆਂ ਪ੍ਰਤੀ ਜਾਣੂ ਕਰਵਾਇਆ ਜਾਵੇਗਾ।ਟਰੱਸਟ ਵੱਲੋਂ ਨਗਰ ਨਿਗਮ ਦੇ ਸਹਿਯੋਗ ਨਾਲ ਸਮੁੱਚੇ ਸ਼ਹਿਰ ਨੂੰ ਗੰਦਗੀ ਤੋਂ ਮੁਕਤ ਕਰਨ ਦਾ ਬੀੜਾ ਚੁੱਕਿਆ ਗਿਆ ਹੈ, ਜਿਸ ’ਚ ਆਪਣੀ ਜ਼ੁੰਮੇਵਾਰੀ ਪ੍ਰਤੀ ਚੇਤੰਨ ਹੁੰਦਿਆਂ ਸ਼ਹਿਰ ਵਾਸੀ ਮੁੱਖ ਭੂਮਿਕਾ ਨਿਭਾਉਣਗੇ।ਸਵੱਛਤਾ ਮੁਹਿੰਮ ਦੇ ਮਾਧਿਅਮ ਰਾਹੀਂ ਸ਼ਹਿਰ ਵਾਸੀਆਂ ਨੂੰ ਗਲੀਆਂ, ਨਾਲੀਆਂ, ਮੁਹੱਲਿਆਂ ਤੋਂ ਇਲਾਵਾ ਦਫ਼ਤਰਾਂ, ਅਦਾਰਿਆਂ, ਪਾਣੀ ਦੀਆਂ ਟੈਂਕੀਆਂ, ਸਕੂਲਾਂ ਦੇ ਪਖਾਨਿਆਂ, ਹਸਪਤਾਲਾਂ, ਜਨਤਕ ਸਥਾਨਾਂ, ਪਾਰਕਾਂ, ਬੱਸ ਅੱਡਿਆਂ ਅਤੇ ਹੋਰ ਥਾਵਾਂ ’ਤੇ ਸਾਫ਼-ਸਫ਼ਾਈ ਬਰਕਰਾਰ ਰੱਖਣ ਲਈ ਜਾਗਰੂਕ ਕੀਤਾ ਜਾਵੇਗਾ। ਜਾਗਰੂਕਤਾ ਮੁਹਿੰਮ ਦੌਰਾਨ ਘਰੇਲੂ ਪੱਧਰ ’ਤੇ ਗਿੱਲੇ, ਸੁੱਕੇ, ਖ਼ਤਰਨਾਕ ਅਤੇ ਸੈਨੇਟਰੀ ਕੂੜੇ ਨੂੰ ਵੱਖ-ਵੱਖ ਕਰਨ ਦੀ ਲੋੜ ’ਤੇ ਜ਼ੋਰ ਦੇਣ ਸਬੰਧੀ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।
ਇਸ ਮੌਕੇ ਗੱਲਬਾਤ ਕਰਦਿਆਂ ਨਿਗਮ ਦੀ ਮੇਅਰ ਸਰਬਜੀਤ ਕੌਰ ਨੇ ਕਿਹਾ ਕਿ ਸਵੱਛਤਾ ਸਰਵੇਖਣ 2022 ’ਚ ਚੰਡੀਗੜ੍ਹ ਦੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਲਈ ਨਗਰ ਨਿਗਮ ਵੱਲੋਂ ਹਰ ਸੰਭਵ ਯਤਨ ਕੀਤੇ ਜਾਣਗੇ। ਚੰਡੀਗੜ੍ਹ ਵੈਲਫੇਅਰ ਟਰੱਸਟ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਮੁਹਿੰਮ ਸਵੱਛਤਾ ਸਰਵੇਖਣ ’ਚ ਸ਼ਹਿਰ ਦੀ ‘ਸਿਟੀ ਬਿਊਟੀਫੁੱਲ’ ਵਜੋਂ ਬਣੀ ਮਾਨਤਾ ਨੂੰ ਮੁੜ ਤੋਂ ਕਾਇਮ ਕਰਨ ’ਚ ਮੁੱਖ ਭੂਮਿਕਾ ਨਿਭਾਏਗੀ।ਉਨ੍ਹਾਂ ਕਿਹਾ ਕਿ ਟਰੱਸਟ ਦੇ ਸਹਿਯੋਗ ਨਾਲ ਭਵਿੱਖ ’ਚ ਅਜਿਹੀਆਂ ਮੁਹਿੰਮਾਂ ਦੇ ਮਾਧਿਅਮ ਰਾਹੀਂ ਸ਼ਹਿਰ ਵਿੱਚ 100 ਫ਼ੀਸਦੀ ਸਾਫ਼-ਸਫ਼ਾਈ ਅਤੇ ਕੂੜਾ ਪ੍ਰਬੰਧਨ ਦੇ ਟੀਚਿਆਂ ਦੀ ਪ੍ਰਾਪਤੀ ਨੂੰ ਯਕੀਨੀ ਬਣਾਇਆ ਜਾਵੇਗਾ।
ਇਸ ਮੌਕੇ ਨਗਰ ਨਿਗਮ ਕਮਿਸ਼ਨਰ ਅਨਿੰਦਿਤਾ ਮਿਤਰਾ (ਆਈ.ਏ.ਐਸ) ਨੇ ਚੰਡੀਗੜ੍ਹ ਵੈਲਫੇਅਰ ਟਰੱਸਟ ਦੀ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਾਗਰੂਕਤਾ ਮੁਹਿੰਮ ਨਾਲ ਨਗਰ ਨਿਗਮ ਦੀ ਸ਼ਹਿਰ ਨੂੰ ਗੰਦਗੀ ਤੋਂ ਮੁਕਤ ਬਣਾਉਣ ਪ੍ਰਤੀ ਪ੍ਰਗਟਾਈ ਵਚਨਬੱਧਤਾ ਨੂੰ ਹੁੰਗਾਰਾ ਮਿਲੇਗਾ।ਉਨ੍ਹਾਂ ਕਿਹਾ ਕਿ ਸ਼ਹਿਰ ਦੀ ਨੁਹਾਰ ਬਦਲਣ ਲਈ ਸਮੂਹਿਕ ਇਕਜੁੱਟਤਾ ਕਾਇਮ ਕਰਦੇ ਹੋਏ ਹਰ ਇੱਕ ਨਾਗਰਿਕ ਨੂੰ ਸਵੱਛਤਾ ਮੁਹਿੰਮ ਨੂੰ ਸਫ਼ਲ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਸਿਟੀ ਬਿਊਟੀਫੁੱਲ ਨੂੰ ਸਵੱਛ ਅਤੇ ਸੁੰਦਰ ਬਣਾਉਣ ਲਈ ਜੁੜੇ ਵੱਡੀ ਗਿਣਤੀ ਨੌਜਵਾਨਾਂ ਦੀ ਤਰ੍ਹਾਂ ਸ਼ਹਿਰ ਦੇ ਹੋਰ ਵੀ ਨੌਜਵਾਨ ਵੀ ਅੱਗੇ ਆਉਣ।






