ਐਸ ਏ ਐਸ ਨਗਰ, 10 ਮਾਰਚ -ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਪੰਜਾਬ ਅਗੇਂਸਟ ਕੁਰਪਸ਼ਨ ਸੰਸਥਾ ਦੇ ਪ੍ਰਧਾਨ ਸਤਨਾਮ ਦਾਊਂ ਨੇ ਕਿਹਾ ਹੈ ਕਿ ਪੰਜਾਬ ਦੀ ਜਨਤਾ ਵਲੋਂ ਭ੍ਰਿਸ਼ਟਾਚਾਰ, ਮਾਫੀਏ ਵਿਰੁੱਧ ਚਲਾਈ ਮੁਹਿੰਮ ਰੰਗ ਲਿਆਈ ਹੈ ਅਤੇ ਜਨਤਾ ਨੇ ਇਸ ਮਾਫੀਏ ਨੂੰ ਸਰਕਾਰ ਤੋਂ ਲਾਂਭੇ ਕਰਕੇ ਘਰੇ ਬਿਠਾ ਦਿੱਤਾ ਹੈ।
ਅੱਜ ਇਥੋਂ ਜਾਰੀ ਇਕ ਬਿਆਨ ਵਿੱਚ ਪੰਜਾਬ ਅਗੇਂਸਟ ਕੁਰੱਪਸ਼ਨ ਸੰਸਥਾ ਦੇ ਪ੍ਰਧਾਨ ਸਤਨਾਮ ਦਾਊਂ ਅਤੇ ਸਾਬਕਾ ਸਿਵਲ ਸਰਜਨ ਅਤੇ ਪੰਜਾਬ ਅਗੇਂਸਟ ਕੁਰੱਪਸ਼ਨ ਦੇ ਚੇਅਰਮੈਨ ਡਾ. ਦਲੇਰ ਸਿੰਘ ਮੁਲਤਾਨੀ ਨੇ ਕਿਹਾ ਕਿ ਗਰੀਬ ਲੋਕਾਂ ਨੂੰ ਸਰਕਾਰ ਵੱਲੋਂ ਸਸਤੇ ਘਰ ਦੇਣ ਦੇ ਕਾਨੂੰਨ ਨੂੰ ਹੀ ਅੱਖੋਂ ਪਰੋਂਖੇ ਕਰਕੇ ਭੂ ਮਾਫੀਏ ਦੇ ਹੱਕ ਵਿੱਚ ਨਿਤਰਨ ਕਰਕੇ ਹੀ ਪੰਜਾਬ ਅਗੇਂਸਟ ਕੁਰੱਪਸ਼ਨ ਦੀ ਸ਼ੁਰੂਆਤ ਹੋਈ ਸੀ। ਈ. ਡਬਲਯੂ. ਐੱਸ. ਸਕੀਮ ਜਿਸ ਦੇ ਤਹਿਤ ਪੰਜਾਬ ਦੇ 10 ਲੱਖ ਪਰਿਵਾਰਾਂ ਨੂੰ ਸਸਤੇ ਮਕਾਨ ਦੇਣੇ ਸਨ, ਦਾ ਘਪਲਾ ਸਾਮ੍ਹਣੇ ਨੰਗਾਂ ਹੋਣ ਤੋਂ ਬਾਅਦ ਸੰਸਥਾ ਵੱਲੋਂ ਇਹ ਮਾਮਲਾ ਮਾਣਯੋਗ ਹਾਈਕੋਰਟ ਅਤੇ ਪਾਰਲੀਮੈਂਟ ਵਿੱਚ ਲਿਜਾ ਕੇ ਸਰਕਾਰ ਤੇ ਦਬਾਓ ਪਾਇਆ।
ਉਹਨਾਂ ਕਿਹਾ ਕਿ ਸੰਸਥਾ ਵਲੋਂ ਭ੍ਰਿਸ਼ਟਾਚਾਰ, ਸਕੂਲ ਮਾਫੀਏ, ਭੂ-ਮਾਫੀਏ, ਮੈਡੀਕਲ ਮਾਫੀਏ ਅਤੇ ਇਮੀਗ੍ਰੇਸ਼ਨ ਮਾਫੀਏ ਵਿਰੁੱਧ ਚਲਾਈ ਗਈ ਮੁਹਿੰਮ ਦੌਰਾਨ ਉਦੋਂ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਅਤੇ ਹੋਰ ਮੰਤਰੀਆਂ ਵੱਲੋਂ ਖਰੜ ਅਤੇ ਮੁਹਾਲੀ ਹਲਕੇ ਦੇ ਪਿੰਡਾਂ ਦੀਆਂ ਜਮੀਨਾਂ ਦੱਬਣ ਦੇ ਘਪਲੇ ਨੂੰ ਨੰਗਾ ਕੀਤਾ ਗਿਆ। ਇਸ ਦੇ ਨਾਲ ਨਾਲ ਪੰਜਾਬ ਸਰਕਾਰ ਇਨ੍ਹਾਂ ਮੰਤਰੀਆਂ ਵੱਲੋਂ ਪਿੰਡਾਂ ਦੀਆਂ ਪੰਚਾਇਤੀ ਜਮੀਨਾਂ ਨੂੰ ਹੜੱਪਣ ਲਈ ਬਣਵਾਈ ਗਈ 33 ਸਾਲਾ ਲੀਜ ਪਾਲਸੀ ਦਾ ਵਿਰੋਧ ਕੀਤਾ ਗਿਆ।
ਉਹਨਾਂ ਕਿਹਾ ਕਿ ਜਾਗਰੂਕਤਾ ਅਤੇ ਸੰਘਰਸ਼ ਕਾਰਨ ਸਾਰੇ ਪੰਜਾਬ ਵਿੱਚ ਹੀ ਇਸ ਮਾਫੀਏ ਖਿਲਾਫ ਹਵਾ ਚੱਲ ਪਈ ਸੀ, ਜਿਸ ਦਾ ਵੱਡਾ ਅਸਰ ਸਾਰੇ ਪੰਜਾਬ ਵਿੱਚ ਹੀ ਹੋਇਆ ਹੈ। ਉਹਨਾਂ ਕਿਹਾ ਕਿ ਆਉਣ ਵਾਲੀ ਸਰਕਾਰ ਦੇ ਸਹਿਯੋਗ ਨਾਲ ਖਰੜ ਇਲਾਕੇ ਵਿੱਚ ਸ਼ਹੀਦ ਕਾਂਸ਼ੀ ਰਾਮ ਯਾਦਗਾਰੀ ਕਾਲਜ ਅਤੇ ਹੋਰ ਗਦਰੀ ਬਾਬਿਆਂ ਦੇ ਯਾਦਗਾਰੀ ਕਾਲਜ ਬਚਾਉਣ, ਪੰਜਾਬ ਦੀਆਂ ਕੀਮਤੀ ਪੰਚਾਇਤੀ ਜਮੀਨਾਂ ਨੂੰ ਬਚਾਉਣ ਲਈ ਸਰਕਾਰ ਦੇ 33 ਸਾਲਾ ਲੀਜ ਵਾਲੇ ਕਾਲੇ ਕਾਨੂੰਨ ਨੂੰ ਰੱਦ ਕਰਾਉਣ, ਗਰੀਬ 10 ਲੱਖ ਲੋਕਾਂ ਨੂੰ ਸਸਤੇ ਘਰ ਦਿਵਾਉਣ, ਇਮੀਗ੍ਰੇਸ਼ਨ ਮਾਫੀਏ ਦੇ ਭ੍ਰਿਸ਼ਟਾਚਾਰ ਨੂੰ ਹਟਾਉਣ ਲਈ, ਭੂ ਮਾਫੀਏ ਵਿਰੁੱਧ, ਸਿੱਖਿਆ ਅਤੇ ਸਿਹਤ ਮਾਫੀਏ ਵਿਰੁਧ ਮੁਹਿੰਮ ਨੂੰ ਹੋਰ ਤੇਜੀ ਨਾਲ ਚਲਾਇਆ ਜਾਵੇਗਾ।






