ਐਸ ਏ ਐਸ ਨਗਰ, 14 ਮਾਰਚ : ਪੰਜਾਬ ਵਿੱਚ ਚੋਣ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਤੋਂ ਬਾਅਦ ਨਵੀਂ ਆਪ ਸਰਕਾਰ ਦਾ ਗਠਨ ਹੋ ਰਿਹਾ ਹੈ। ਇਸ ਸਮੇਂ ਜਿਥੇ ਸਰਕਾਰ ਦੇ ਗਠਨ ਲਈ ਜੰਗੀ ਪੱਧਰ ਤੇ ਤਿਆਰੀਆਂ ਚਲ ਰਹੀਆਂ ਹਨ, ਉਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਹੁੰ ਚੁਕ ਸਮਾਗਮ ਲਈ ਵੀ ਪ੍ਰਸ਼ਾਸਨ ਵਲੋਂ ਪੂਰਾ ਜੋਰ ਲਗਾ ਦਿਤਾ ਗਿਆ ਹੈ।
ਦੂਜੇ ਪਾਸੇ ਆਮ ਲੋਕਾਂ ਤੋਂ ਲੈ ਕੇ ਵੱਖ ਵੱਖ ਸਿਆਸੀ ਆਗੂਆਂ ਵਿਚ ਇਸ ਗਲ ਦੀ ਚਰਚਾ ਹੋ ਰਹੀ ਹੈ ਕਿ ਪੰਜਾਬ ਦੀ ਨਵੀਂ ਸਰਕਾਰ ਪੰਜਾਬੀਆਂ ਦੀਆਂ ਉਮੀਦਾਂ ਤੇ ਕਿੰਨਾ ਕੁ ਖਰਾ ਉਤਰੇਗੀ। ਇਸ ਸਮੇਂ ਸਭ ਦੀਆਂ ਨਜਰਾਂ ਆਪ ਸਰਕਾਰ ਦੇ ਗਠਨ ਵੱਲ ਲਂੱਗੀਆਂ ਹੋਈਆਂ ਹਨ, ਲੋਕ ਇਸ ਗੱਲ ਦਾ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ ਕਿ ਭਗਵੰਤ ਮਾਨ ਵਲੋਂ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਣ ਤੋਂ ਬਾਅਦ ਹੋਰ ਕਿਹੜੇ 16 ਵਿਧਾਇਕਾਂ ਨੂੰ ਮੰਤਰੀ ਅਹੁਦੇ ਦੀ ਜਿੰਮੇਵਾਰੀ ਦਿੱਤੀ ਜਾਂਦੀ ਹੈ।
ਕੁਝ ਸਿਆਸੀ ਆਗੂਆਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ ਕਈ ਵਿਧਾਇਕ ਤਾਂ ਅਜਿਹੇ ਹਨ ਜਿਹਨਾਂ ਨੂੰ ਲੋਕ ਚੰਗੀ ਤਰ੍ਹਾਂ ਜਾਣਦੇ ਤਕ ਨਹੀਂ ਹਨ ਪਰ ਆਮ ਆਦਮੀ ਪਾਰਟੀ ਦੀ ਚੱਲੀ ਸੁਨਾਮੀ ਕਾਰਨ ਉਹ ਵੀ ਜਿੱਤ ਗਏ ਹਨ ਅਤੇ ਇਹਨਾਂ ਵਿੱਚੋਂ ਕੁੱਝ ਮੰਤਰੀ ਵੀ ਬਣ ਸਕਦੇ ਹਨ।
ਪੰਜਾਬ ਦੀ ਨਵੀਂ ਸਰਕਾਰ ਅੱਗੇ ਕਈ ਚੁਣੌਤੀਆਂ ਮੂੰਹ ਅੱਡੀ ਖੜੀਆਂ ਹਨ। ਸਭ ਤੋਂ ਵੱਡੀ ਸਮੱਸਿਆ ਬੇਰੁਜਗਾਰੀ ਦੀ ਹੈ। ਹਾਲਾਂਕਿ ਭਗਵੰਤ ਮਾਨ ਖੁਦ ਇਹ ਦਾਅਵਾ ਕਰ ਰਹੇ ਹਨ ਕਿ ਪੰਜਾਬ ਵਿੱਚ ਬੇਰੁਜਗਾਰਾਂ ਨੂ ੰਵੱਡੇ ਪੱਧਰ ਤੇ ਨੌਕਰੀਆਂ ਦਿਤੀਆਂ ਜਾਣਗੀਆਂ ਅਤੇ ਸਿਖਿਆ ਦੇ ਖੇਤਰ ਵਿੱਚ ਅਜਿਹਾ ਸੁਧਾਰ ਕੀਤਾ ਜਾਵੇਗਾ ਤਾਂ ਕਿ ਵਿਦਿਆਰਥੀ ਆਂ ਨੂੰ ਸਿਖਿਆ ਪ੍ਰਾਪਤ ਕਰਨ ਅਤੇ ਨੌਜਵਾਨਾਂ ਨੂੰ ਰੁਜਗਾਰ ਲਈ ਵਿਦੇਸ਼ ਨਾ ਜਾਣਾ ਪਵੇ। ਇਸ ਤੋਂ ਇਲਾਵਾ ਨਸ਼ਾ, ਮਹਿੰਗਾਈ ਤੇ ਹੋਰ ਅਜਿਹੀਆਂ ਕਈ ਸਮੱਸਿਆਵਾਂ ਹਨ, ਜਿਹਨਾਂ ਦੇ ਹਲ ਲਈ ਸਮੂਹ ਪੰਜਾਬੀ ਹੁਣ ਨਵੀਂ ਬਣ ਰਹੀ ਆਪ ਸਰਕਾਰ ਵੱਲ ਵੇਖ ਰਹੇ ਹਨ।
ਆਮ ਪੰਜਾਬੀਆਂ ਨੂੰ ਆਸ ਹੈ ਕਿ ਦਹਾਕਿਆਂ ਤੋਂ ਲਮਕਦੇ ਆ ਰਹੇ ਉਹਨਾਂ ਦੇ ਮਸਲੇ ਸ਼ਾਇਦ ਹੁਣ ਬਣ ਰਹੀ ਆਪ ਸਰਕਾਰ ਹਲ ਕਰਨ ਵਿੱਚ ਕਾਮਯਾਬ ਹੋ ਜਾਵੇ। ਇਹ ਤਾਂ ਹੁਣ ਆਉਣ ਵਾਲਾ ਸਮਾਂ ਦਸੇਗਾ ਕਿ ਪੰਜਾਬ ਦੀ ਨਵੀਂ ਬਣ ਰਹੀ ਆਪ ਸਰਕਾਰ ਪੰਜਾਬੀਆਂ ਦੀਆਂ ਉਮੀਦਾਂ ਤੇ ਕਿੰਨਾ ਕੁ ਖਰਾ ਉਤਰਦੀ ਹੈ।






