ਐਸ ਏ ਐਸ ਨਗਰ, 14 ਮਾਰਚ : ਅੱਜ ਗਮਾਡਾ ਦੀ ਟੀਮ ਵਲੋਂ ਜੇ ਈ ਵਰੁਣ ਕੁਮਾਰ ਅਤੇ ਮਾਣਿਕ ਬਾਂਸਲ ਦੀ ਅਗਵਾਈ ਵਿੱਚ ਮੁਹਾਲੀ ਦੇ ਪਿੰਡ ਝਾਮਪੁਰ ਅਤੇ ਤੀੜਾ ਵਿੱਚ ਅਣਅਧਿਕਾਰਤ ਉਸਾਰੀਆਂ ਨੂੰ ਢਾਹ ਦਿਤਾ ਗਿਆ।
ਗਮਾਡਾ ਦੀ ਰੈਗੂਲੇਟਰੀ ਬਰਾਂਚ ਦੇ ਐਸ ਡੀ ਓ ਹਰਪ੍ਰੀਤ ਸਿੰਘ ਨੇ ਦਸਿਆ ਕਿ ਗਮਾਡਾ ਦੀ ਟੀਮ ਵਲੋਂ ਝਾਮ ਪੁਰ ਵਿੱਚ ਵੱਖ ਵੱਖ ਬਣੀਆਂ ਕਾਲੋਨੀਆਂ ਵਿੱਚ ਕਰੀਬ 40 ਅਣਅਧਿਕਾਰਤ ਉਸਾਰੀਆਂ ਨੂੰ ਢਾਹ ਦਿਤਾ ਗਿਆ ਅਤੇ ਇਹਨਾਂ ਕਾਲੋਨੀਆਂ ਦਾ ਸੜਕਾਂ ਉਖਾੜ ਦਿਤੀਆਂ ਗਈਆਂ। ਇਸੇ ਤਰਾਂ ਗਮਾਡਾ ਦੀ ਟੀਮ ਵਲੋਂ ਕਾਰਵਾਈ ਕਰਦਿਆਂ ਪਿੰਡ ਤੀੜਾ ਦੀ ਇਕ ਅਣਅਧਿਕਾਰਤ ਕਾਲੋਨੀ ਵਿੱਚ ਬਣ ਰਹੀਆਂ 5 ਅਣਅਧਿਕਾਰਤ ਉਸਾਰੀਆਂ ਨੂੰ ਢਾਹ ਦਿਤਾ ਗਿਆ।
ਉਹਨਾਂ ਕਿਹਾ ਕਿ ਗਮਾਡਾ ਨੂੰ ਲਗਾਤਾਰ ਇਹਨਾਂ ਕਾਲੋਨੀਆਂ ਬਾਰੇ ਸ਼ਿਕਾਇਤਾਂ ਮਿਲ ਰਹੀਆਂ ਸਨ। ਪਿੰਡ ਝਾਮਪੁਰ ਦੇ ਕਈ ਬਿਲਡਰਾਂ ਅਤੇ ਕਾਲੋਨਾਈਜਰਾਂ ਖਿਲਾਫ ਪਿਛਲੇ ਸਮੇਂ ਦੌਰਾਨ ਗਮਾਡਾ ਵਲੋਂ ਮਾਮਲੇ ਵੀ ਦਰਜ ਕਰਵਾਏ ਗਏ ਸਨ, ਇਸਦੇ ਬਾਵਜੂਦ ਝਾਮਪੁਰ ਅਤੇ ਤੀੜਾ ਵਿਖੇ ਵੱਖ ਵੱਖ ਅਣਅਧਿਕਾਰਤ ਕਾਲੋਨੀਆਂ ਵਿੱਚ ਅਣਅਧਿਕਾਰਤ ਉਸਾਰੀਆਂ ਕੀਤੀਆਂ ਜਾ ਰਹੀਆਂ ਸਨ, ਜਿਹਨਾਂ ਨੂੰ ਗਮਾਡਾ ਦੀ ਟੀਮ ਵਲੋਂ ਢਾਹ ਦਿਤਾ ਗਿਆ ਹੈ। ਉਹਨਾਂ ਕਿਹਾ ਕਿ ਇਹਨਾਂ ਕਾਲੋਨਾਈਜਰਾਂ ਵਲੋਂ ਗਮਾਡਾ ਦੇ ਨਿਯਮਾਂ ਦੀ ਉਲੰਘਨਾ ਕਰਦਿਆਂ ਅਤੇ ਗਮਾਡਾ ਦੀ ਪ੍ਰਵਾਨਗੀ ਤੋਂ ਬਗੈਰ ਅਣਅਧਿਕਾਰਤ ਕਾਲੋਨੀਆਂ ਕੱਟ ਕੇ ਅਣਅਧਿਕਾਰਤ ਉਸਾਰੀਆਂ ਕੀਤੀਆਂ ਜਾ ਰਹੀਆਂ ਹਨ, ਜਿਹਨਾਂ ਨੂੰ ਕਿਸੇ ਵੀ ਸੂਰਤ ਵਿਚ ਬਖਸਿਆ ਨਹੀਂ ਜਾਵੇਗਾ ਅਤੇ ਗਮਾਡਾ ਦੀ ਕਾਰਵਾਈ ਲਗਾਤਾਰ ਜਾਰੀ ਰਹੇਗੀ।
ਜਿਕਰਯੋਗ ਹੈ ਕਿ ਬੇਸ਼ੱਕ ਗਮਾਡਾ ਵਲੋਂ ਵੱਖ ਵੱਖ ਕਾਲੋਨਾਈਜਰਾਂ ਵਿਰੁਧ ਪੁਲੀਸ ਕੋਲ ਮਾਮਲੇ ਵੀ ਦਰਜ ਕਰਵਾਏ ਗਏ ਸਨ, ਪਰ ਇਹਨਾਂ ਕਾਲੋਨਾਈਜਰਾਂ ਨੂੰ ਅਜਿਹੇ ਮਾਮਲਿਆਂ ਦਾ ਕੋਈ ਡਰ ਨਹੀਂ ਹੈ। ਇਹ ਮਾਮਲੇ ਬਲਂੌਗੀ ਥਾਣੇ ਵਿੱਚ ਪੰਜਾਬ ਅਪਾਰਟਮਂੈਟ ਅਂੈਡ ਪ੍ਰਾਪਰਟੀ ਐਕਟ ਅਧੀਨ ਮਾਮਲੇ ਦਰਜ ਕੀਤੇ ਗਏ ਸਨ ਜਿਹਨਾਂ ਵਿੱਚ ਇਹਨਾਂ ਕਾਲੋਨੀਨਾਈਜਰਾਂ ਵਲੋਂ ਜਮਾਨਤਾਂ ਲੈ ਲਈਆਂ ਗਈਆਂ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਝਾਮਪੁਰ ਗਰੀਨ ਜੋਨ ਏਰੀਆ ਵਿਚ ਪੈਂਦਾ ਹੈੇ, ਜਿਸ ਵਿੱਚ ਉਸਾਰੀਆਂ ਨਹੀਂ ਕੀਤੀਆਂ ਜਾ ਸਕਦੀਆਂ ਪਰ ਇਸਦੇ ਬਾਵਜੂਦ ਇਸ ਇਲਾਕੇ ਵਿੱਚ ਅਣਅਧਿਕਾਰਤ ਉਸਾਰੀਆਂ ਧੜੱਲੇ ਨਾਲ ਹੋ ਰਹੀਆਂ ਹਨ। ਇਹਨਾਂ ਕਾਲੋਨਾਈਜਰਾਂ ਵਲੋਂ ਗਮਾਡਾ ਦੇ ਨਿਯਮਾਂ ਅਤੇ ਕਾਰਵਾਈ ਦੀ ਪਰਵਾਹ ਕੀਤੇ ਬਿਨਾਂ ਅਣਅਧਿਕਾਰਤ ਉਸਾਰੀਆਂ ਕਰਵਾ ਕੇ ਉਥੇ ਲਂੈਟਰ ਪਾ ਕੇ ਉਥੇ ਲੋਕਾਂ ਦੀ ਰਿਹਾਇਸ਼ ਕਰਵਾਉਣ ਦੇ ਯਤਨ ਕੀਤੇ ਜਾਂਦੇ ਹਨ ਕਿਉਂਕਿ ਰਿਹਾਇਸੀ ਖੇਤਰ ਵਾਲੀਆਂ ਅਣਅਧਿਕਾਰਤ ਉਸਾਰੀਆਂ ਵਿੱਚ ਗਮਾਡਾ ਵਲੋਂ ਕਾਰਵਾਈ ਕਰਨ ਦਾ ਪ੍ਰੋਸੈਸ ਬਹੁਤ ਲੰਬਾ ਹੈ, ਜਿਸਦਾ ਫਾਇਦਾ ਇਹ ਕਾਲੋਨਾਈਜਰ ਉਠਾ ਰਹੇ ਹਨ।






