ਵੈਲਿੰਗਟਨ, 21 ਮਾਰਚ – ਨਿਊਜ਼ੀਲੈਂਡ ਦੇ ਤੱਟ ਤੇ ਤੂਫਾਨੀ ਮੌਸਮ ਕਾਰਨ ਮੱਛੀਆਂ ਫੜਨ ਵਾਲੀ ਕਿਸ਼ਤੀ ਡੁੱਬਣ ਕਾਰਨ 4 ਵਿਅਕਤੀਆਂ ਦੀ ਮੌਤ ਹੋ ਗਈ ਅਤੇ 1 ਵਿਅਕਤੀ ਲਾਪਤਾ ਹੈ। ਕਿਸ਼ਤੀ ਵਿੱਚ ਕਰੀਬ 10 ਵਿਅਕਤੀ ਸਵਾਰ ਸਨ।
ਪੁਲੀਸ ਨੇ ਦੱਸਿਆ ਕਿ ਉੱਤਰੀ ਕੇਪ ਵਿੱਚ ਬੀਤੀ ਰਾਤ ਨੂੰ ਉੱਤਰੀ ਤੱਟ ਤੇ ਵਾਪਰੇ ਇਸ ਹਾਦਸੇ ਵਿੱਚ 5 ਵਿਅਕਤੀਆਂ ਨੂੰ ਬਚਾ ਲਿਆ ਗਿਆ ਹੈ।
ਸਵੇਰੇ ਹੈਲੀਕਾਪਟਰ ਦੀ ਮਦਦ ਨਾਲ 2 ਲਾਸ਼ਾਂ ਨੂੰ ਪਾਣੀ ਵਿੱਚੋਂ ਬਾਹਰ ਕੱਢਿਆ ਗਿਆ। 2 ਲਾਸ਼ਾਂ ਕਿਸ਼ਤੀ ਰਾਹੀਂ ਚਲਾਏ ਗਏ ਤਲਾਸ਼ੀ ਅਭਿਆਨ ਵਿੱਚ ਬਰਾਮਦ ਹੋਈਆਂ। ਪੁਲੀਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਲਾਪਤਾ ਵਿਅਕਤੀ ਦਾ ਪਤਾ ਲਗਾਉਣ ਲਈ ਜਲ, ਜ਼ਮੀਨੀ ਅਤੇ ਹਵਾਈ ਸੇਵਾਵਾਂ ਰਾਹੀਂ ਖੋਜ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਬਚਾਏ ਗਏ 5 ਵਿਅਕਤੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੈ।





