ਸ੍ਰੀ ਮੁਕਤਸਰ ਸਾਹਿਬ, 29ਮਾਰਚ2022: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਗੁਲਾਬੀ ਸੁੰਡੀ ਕਾਰਨ ਖਰਾਬ ਨਰਮੇ ਦਾ ਕਿਸਾਨਾਂ ਤੇ ਖੇਤ ਮਜਦੂਰਾਂ ਨੂੰ ਮੁਆਵਜਾ ਦੇਣ ਦੀ ਮੰਗ ਨੂੰ ਮੁੱਛ ਦਾ ਸਵਾਲ ਬਣਾ ਲਿਆ ਹੈ। ਨਾਇਬ ਤਹਿਸੀਲਦਾਰ ਦਫਤਰ ਦਾ ਘਿਰਾਓ ਕਰੀ ਬੈਠੇ ਕਿਸਾਨਾਂ ਤੇ ਮਜਦੂਰਾਂ ਉਤੇ ਭਾਰੀ ਪੁਲਿਸ ਫੋਰਸ ਵੱਲੋਂ ਲਾਠੀਚਾਰਜ ਕਰਕੇ ਅੱਧੀ ਦਰਜਨ ਕਿਸਾਨਾਂ ਤੇ ਮਜਦੂਰਾਂ ਨੂੰ ਜਖਮੀ ਕਰਨ ਤੇ ਉਲਟ ਕਿਸਾਨ ਮਜਦੂਰ ਆਗੂਆਂ ਖਿਲਾਫ ਸੰਗੀਨ ਧਾਰਾਵਾਂ ਤਹਿਤ ਦਰਜ ਮੁਕੱਦਮੇ ਤੋਂ ਬਾਅਦ ਮਲੋਟ ਡੱਬਵਾਲੀ ਕੌਮੀ ਮਾਰਗ ਜਾਮ ਕਰਨ ਮੌਕੇ ਕਿਸਾਨ ਆਗੂਆਂ ਨੇ 30 ਮਾਰਚ ਨੂੰ ਡਿਪਟੀ ਕਮਿਸ਼ਨਰ ਦਫਤਰ ਅੱਗੇ ਪੁੱਜਣ ਦਾ ਸੱਦਾ ਦਿੱਤਾ ਜਿੱਥੇ ਅਣਮਿਥੇ ਸਮੇਂ ਲਈ ਧਰਨਾ ਲਾਇਆ ਜਾਣਾ ਹੈ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲ੍ਹਾ ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ ਨੇ ਕਿਹਾ ਕਿ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਜਿਲ੍ਹਾ ਬਠਿੰਡਾ ਦੇ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ,ਮੋਠੂ ਸਿੰਘ ਕੋਟੜਾ, ਲੰਬੀ ਬਲਾਕ ਦੇ ਪ੍ਰਧਾਨ ਗੁਰਪਾਸ਼ ਸਿੰਘ, ਹਰਬੰਸ ਸਿੰਘ ਕੋਟਲੀ, ਭੁਪਿੰਦਰ ਸਿੰਘ ਚੰਨੂ , ਮਲਕੀਤ ਸਿੰਘ ਗੱਗੜ,ਹਰਪਾਲ ਸਿੰਘ ਕਿੱਲਿਆਂਵਾਲੀ ਤੋਂ ਇਲਾਵਾ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸਨ ਦੇ ਆਗੂ ਮਨਜਿੰਦਰ ਸਿੰਘ ਸਰਾਂ ਮਹਿਲਾ ਕਿਸਾਨ ਆਗੂ ਮਾਲਣ ਕੌਰ ਤੇ ਸੁਖਜੀਤ ਕੌਰ ਅਤੇ ਮਹਿਲਾ ਮਜਦੂਰ ਆਗੂ ਗੁਰਮੇਲ ਕੌਰ ਤੇ ਤਾਰਾਵੰਤੀ ਸਮੇਤ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕੀਤਾ।
ਉਹਨਾਂ ਦੋਸ਼ ਲਾਇਆ ਕਿ ਜਿਲ੍ਹਾ ਮੁਕਤਸਰ ਦੇ ਕਿਸਾਨ ਤੇ ਖੇਤ ਮਜਦੂਰ ਨਰਮਾ ਖਰਾਬੇ ਦਾ ਐਲਾਨ ਕੀਤਾ ਮੁਆਵਜਾ ਹਾਸਲ ਕਰਨ ਲਈ ਕਈ ਮਹੀਨਿਆਂ ਤੋਂ ਅਧਿਕਾਰੀਆਂ ਦੀ ਬੇਰੁਖੀ ਕਾਰਨ ਦਫਤਰਾਂ ‘ਚ ਖਾਕ ਛਾਣ ਰਹੇ ਹਨ। ਪਰ ਕਿਸੇ ਵੀ ਕਿਸਾਨ ਮਜਦੂਰ ਨੂੰ ਅਜੇ ਤੱਕ ਇੱਕ ਧੇਲਾ ਵੀ ਨਹੀਂ ਦਿੱਤਾ ਗਿਆ । ਉਹਨਾਂ ਦੋਸ਼ ਲਾਇਆ ਕਿ ਪਹਿਲਾਂ 7ਫਰਵਰੀ ਨੂੰ ਨਾਇਬ ਤਹਿਸੀਲਦਾਰ ਦਫਤਰ ਲੰਬੀ ਵਿਖੇ ਕੀਤੇ ਪ੍ਰਦਰਸ਼ਨ ਦੌਰਾਨ ਏ ਡੀ ਸੀ ਨੇ ਇੱਕ ਹਫਤੇ ‘ਚ ਮੁਆਵਜਾ ਦੇਣ ਦਾ ਭਰੋਸਾ ਦਿੱਤਾ ਸੀ ਜੋ ਪੂਰਾ ਨਹੀਂ ਹੋਇਆ । ਉਨ੍ਹਾਂ ਕਿਹਾ ਕਿ 28 ਮਾਰਚ ਨੂੰ ਉਹਨਾਂ ਵੱਲੋਂ ਨਾਇਬ ਤਹਿਸੀਲਦਾਰ ਦਫਤਰ ਅੱਗੇ ਦਿਨ ਭਰ ਧਰਨਾ ਦੇਣ ਦੇ ਬਾਵਜੂਦ ਵੀ ਕਿਸੇ ਅਧਿਕਾਰੀ ਨੇ ਕੋਈ ਸੁਣਵਾਈ ਨਹੀਂ ਕੀਤੀ ਜਿਸ ਕਾਰਨ ਉਹਨਾਂ ਨੂੰ ਘਿਰਾਓ ਕਰਨ ਲਈ ਮਜਬੂਰ ਹੋਣਾ ਪਿਆ।
ਉਹਨਾਂ ਦੋਸ਼ ਲਾਇਆ ਕਿ ਦੇਰ ਰਾਤ ਪੁਲਿਸ ਵੱਲੋਂ ਲਾਠੀਚਾਰਜ ਤੋਂ ਇਲਾਵਾ ਨਾਇਬ ਤਹਿਸੀਲਦਾਰ ਦੇ ਅਮਲੇ ਨੇ ਵੀ ਮਜਦੂਰਾਂ ਕਿਸਾਨਾਂ ’ਤੇ ਹਮਲਾ ਕੀਤਾ ਜਿਸ ਦੌਰਾਨ 7 ਜਣੇ ਜਖਮੀ ਹੋਏ ਹਨ। ਉਹਨਾਂ ਆਖਿਆ ਕਿ ਪਹਿਲੀਆਂ ਸਰਕਾਰਾਂ ਵਾਂਗ ਮੌਜੂਦਾ ਸਰਕਾਰ ਨੇ ਵੀ ਕਿਸਾਨਾਂ ਮਜਦੂਰਾਂ ’ਤੇ ਲਾਠੀਚਾਰਜ ਕਰਨ ਤੋਂ ਇਲਾਵਾ ਮੁਕੱਦਮਾ ਵੀ ਉਹਨਾਂ ਖਿਲਾਫ ਹੀ ਦਰਜ ਕੀਤਾ ਹੈ ਜਿਸਤੋਂ ਸਾਫ ਹੈ ਸਿਰਫ ਰਾਜ ਕਰਨ ਵਾਲੀ ਪਾਰਟੀ ਹੀ ਬਦਲੀ ਹੈ ਜਾਲਮ ਦਸਤੂਰ ਉਵੇਂ ਜਿਵੇਂ ਕਾਇਮ ਹੈ। ਉਹਨਾਂ ਕਿਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਐਲਾਨ ਸੀ ਕਿ ਵਿਧਾਇਕ ਲੋਕਾਂ ਕੋਲ ਜਾਣਗੇ ਪਰ ਅਫਸੋਸ ਕਿ ਹਲਕੇ ਦੇ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਨੇ ਨਾਂ ਧਰਨੇ ‘ਤੇ ਬੈਠੇ ਕਿਸਾਨਾਂ ਦੀ ਸਾਰ ਲਈ ਤੇ ਨਾਂ ਲਾਠੀਚਾਰਜ ਤੋਂ ਬਾਅਦ ਉਹਨਾਂ ਦੀ ਬਾਤ ਪੁੱਛੀ ਹੈ।
ਉਹਨਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਕਿ ਉਹ ਖੁਦ ਦਖਲ ਦੇਕੇ ਕਿਸਾਨਾਂ ਮਜਦੂਰਾਂ ਨਾਲ ਇਨਸਾਫ ਕਰਨ । ਕਿਸਾਨ ਆਗੂਆਂ ਨੇ ਪਟਵਾਰੀਆਂ ਵੱਲੋਂ ਉਹਨਾਂ ਨੂੰ ਬੰਦੀ ਬਣਾਉਣ ਦੇ ਦੋਸ਼ਾਂ ਨੂੰ ਨਿਰ ਅਧਾਰ ਕਰਾਰ ਦਿੰਦਿਆਂ ਕਿਹਾ ਕਿ ਉਹਨਾਂ ਨੇ ਕਿਸੇ ਨੂੰ ਬੰਦੀ ਨਹੀ ਬਣਾਇਆ ਸਿਰਫ ਨਾਇਬ ਤਹਿਸੀਲਦਾਰ ਦਾ ਹੀ ਘਿਰਾਓ ਕੀਤਾ ਸੀ ਅਤੇ ਬਾਕੀ ਸਭਨਾਂ ਮੁਲਾਜਮਾਂ ਨੂੰ ਘਰ ਜਾਣ ਦੀ ਆਗਿਆ ਦੇ ਦਿੱਤੀ ਸੀ ਪਰ ਉਹਨਾਂ ਖੁਦ ਜਾਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਮੌਕੇ ਜਿਲ੍ਹਾ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨੇ ਸੜਕ ਜਾਮ ਕਰੀ ਬੈਠੇ ਲੋਕਾਂ ਦੇ ਇਕੱਠ ‘ਚ ਪਹੁੰਚ ਕੇ ਇਨਸਾਫ ਦਾ ਭਰੋਸਾ ਦਿੱਤਾ ਅਤੇ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ ਵੀ ਹਾਸਲ ਕੀਤਾ। ਇਸ ਮੌਕੇ ਕਿਸਾਨ ਆਗੂ ਮਲਕੀਤ ਸਿੰਘ ਗੱਗੜ, ਕੁਲਵੰਤ ਰਾਏ,ਖੇਤ ਮਜਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਗੁਰਜੰਟ ਸਿੰਘ ਸਾਉਕੇ ਤੇ ਤਰਸੇਮ ਸਿੰਘ ਖੁੰਡੇ ਹਲਾਲ ਤੋਂ ਇਲਾਵਾ ਗੁਰਤੇਜ ਸਿੰਘ ਖੁੱਡੀਆਂ ਆਦਿ ਆਗੂ ਵੀ ਮੌਜੂਦ ਸਨ।
ਧਰਨਕਾਰੀਆਂ ਦੀਆਂ ਮੰਗਾਂ
ਇਸ ਮੌਕੇ ਬੁਲਾਰਿਆਂ ਨੇ ਕਿਸਾਨਾਂ ਮਜਦੂਰਾਂ ‘ਤੇ ਲਾਠੀਚਾਰਜ ਦੇ ਦੋਸ਼ੀ ਅਧਿਕਾਰੀਆਂ ‘ਤੇ ਮੁਕੱਦਮਾ ਦਰਜ ਕਰਨ, ਮਜਦੂਰਾਂ ਕਿਸਾਨਾਂ ‘ਤੇ ਦਰਜ ਕੇਸ ਵਾਪਸ ਲੈਣ, ਗੁਲਾਬੀ ਸੁੰਡੀ ਕਾਰਨ ਖਰਾਬ ਹੋਏ ਨਰਮੇ ਦਾ ਕਿਸਾਨਾਂ ਤੇ ਖੇਤ ਮਜਦੂਰਾਂ ਨੂੰ ਤੁਰੰਤ ਮੁਆਵਜਾ ਦੇਣ , ਮੁਆਵਜਾ ਸੂਚੀ ਚੋਂ ਬਾਹਰ ਰਹਿੰਦੇ ਯੋਗ ਕਿਸਾਨਾਂ ਦੀ ਸ਼ਨਾਖਤ ਕਰਨ ਲਈ ਪਿੰਡ ਪੱਧਰ ‘ਤੇ ਜਨਤਕ ਸੁਣਵਾਈ ਕਰਵਾਉਣ ਅਤੇ ਨਰਮਾ ਚੁਗਾਵਿਆਂ ਦੀ ਸ਼ਨਾਖਤ ਲਈ ਪਿੰਡ ਪੱਧਰ ‘ਤੇ ਇਜਲਾਸ ਕਰਕੇ ਤੁਰੰਤ ਮੁਆਵਜਾ ਦੇਣ ਦੀ ਮੰਗ ਕੀਤੀ।






