ਵਾਸ਼ਿੰਗਟਨ, 31 ਮਾਰਚ- ਅਮਰੀਕਾ ਨੇ ਰੂਸੀ ਫੌਜ ਦੇ ਹਮਲਿਆਂ ਦਾ ਸਾਹਮਣਾ ਕਰ ਰਹੇ ਯੂਕ੍ਰੇਨ ਨੂੰ 50 ਕਰੋੜ ਡਾਲਰ ਦੀ ਵਾਧੂ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ 55 ਮਿੰਟ ਤੱਕ ਫੋਨ ਤੇ ਗੱਲਬਾਤ ਕੀਤੀ। ਇਸ ਦੌਰਾਨ ਬਾਈਡੇਨ ਨੇ ਉਨ੍ਹਾਂ ਨੂੰ ਕਿਹਾ ਕਿ (ਯੂਕ੍ਰੇਨ ਨੂੰ) ਵਾਧੂ ਮਦਦ ਜਲਦ ਪਹੁੰਚਾਈ ਜਾਵੇਗੀ।
ਵ੍ਹਾਈਟ ਹਾਊਸ ਮੁਤਾਬਕ, ਦੋਵਾਂ ਨੇਤਾਵਾਂ ਨੇ ਯੂਕ੍ਰੇਨ ਨੂੰ ਪਹਿਲੀ ਦਿੱਤੀ ਜਾ ਰਹੀ ਸੁਰੱਖਿਆ ਸਹਾਇਤਾ ਅਤੇ ਹਾਲਾਤ ਦੇ ਬਾਰੇ ਵਿੱਚ ਚਰਚਾ ਕੀਤੀ। ਜ਼ੇਲੇਂਸਕੀ ਨੇ ਬਾਈਡੇਨ ਪ੍ਰਸ਼ਾਸਨ ਅਤੇ ਹੋਰ ਪੱਛਮੀ ਦੇਸ਼ਾਂ ਨੂੰ ਯੂਕ੍ਰੇਨ ਨੂੰ ਫੌਜੀ ਲੜਾਕੂ ਜਹਾਜ਼ ਪ੍ਰਦਾਨ ਕਰਨ ਦੀ ਅਪੀਲ ਕੀਤੀ ਹੈ। ਹਾਲਾਂਕਿ, ਅਮਰੀਕਾ ਅਤੇ ਉੱਤਰ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਹੋਰ ਦੇਸ਼ ਹੁਣ ਤੱਕ ਉਸ ਬੇਨਤੀ ਨੂੰ ਸਵੀਕਾਰ ਕਰਨ ਦੇ ਚਾਹਵਾਨ ਨਹੀਂ ਹਨ ਕਿਉਂਕਿ ਇਸ ਨਾਲ ਜੰਗ ਦਾ ਦਾਇਰਾ ਹੋਰ ਫੈਲ ਸਕਦਾ ਹੈ।






