ਨਵੀਂ ਦਿੱਲੀ, 31 ਮਾਰਚ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਪਾਰਟੀ ਦੇ ਕਈ ਹੋਰ ਸਾਂਸਦਾਂ ਨੇ ਪਾਰਟੀ ਦੀ ‘ਮਹਿੰਗਾਈ ਮੁਕਤ ਭਾਰਤ’ ਮੁਹਿੰਮ ਤਹਿਤ ਪੈਟਰੋਲ, ਡੀਜ਼ਲ, ਰਸੋਈ ਗੈਸ ਅਤੇ ਸੀ. ਐੱਨ. ਜੀ. ਦੀਆਂ ਕੀਮਤਾਂ ਵਿੱਚ ਵਾਧੇ ਖ਼ਿਲਾਫ਼ ਸੰਸਦ ਦੇ ਨੇੜੇ ਧਰਨਾ ਦਿੱਤਾ। ਇਸ ਮੌਕੇ ਰਾਹੁਲ ਗਾਂਧੀ ਨੇ ਕਿਹਾ ਕਿ ਸਰਕਾਰ ਨੂੰ ਪੈਟਰੋਲੀਅਮ ਉਤਪਾਦਾਂ ਦੀਆਂ ਕੀਮਤਾਂ ਨੂੰ ਤੈਅ ਕਰਨਾ ਚਾਹੀਦਾ ਹੈ ਅਤੇ ਕਿਸੇ ਵੀ ਤਰ੍ਹਾਂ ਦਾ ਵਾਧਾ ਨਹੀਂ ਕਰਨਾ ਚਾਹੀਦਾ ਕਿਉਂਕਿ ਮਹਿੰਗਾਈ ਦੀ ਸਭ ਤੋਂ ਜ਼ਿਆਦਾ ਮਾਰ ਗਰੀਬਾਂ ਅਤੇ ਮੱਧ ਵਰਗ ਦੇ ਲੋਕਾਂ ਤੇ ਪੈ ਰਹੀ ਹੈ।
ਪਾਰਟੀ ਸਾਂਸਦਾਂ ਨੇ ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਸ਼ੁਰੂ ਹੋਣ ਤੋਂ ਕਰੀਬ ਡੇਢ ਘੰਟਾ ਪਹਿਲਾਂ ਵਿਜੇ ਚੌਂਕ ਤੇ ਕਾਂਗਰਸ ਦੀ ‘ਮਹਿੰਗਾਈ ਮੁਕਤ ਭਾਰਤ’ ਮੁਹਿੰਮ ਤਹਿਤ ਧਰਨਾ ਦਿੱਤਾ। ਇਸ ਵਿੱਚ ਰਾਹੁਲ ਗਾਂਧੀ ਤੋਂ ਇਲਾਵਾ ਲੋਕ ਸਭਾ ਵਿੱਚ ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ, ਰਾਜ ਸਭਾ ਵਿੱਚ ਨੇਤਾ ਪ੍ਰਤੀਪੱਖ ਮੱਲਿਕਾਰਜੁਨ ਖੜਗੇ, ਕਾਂਗਰਸ ਦੇ ਸੰਗਠਨ ਸਕੱਤਰ ਕੇ. ਸੀ. ਵੇਣੁਗੋਪਾਲ ਅਤੇ ਕਈ ਹੋਰ ਸਾਂਸਦ ਸ਼ਾਮਿਲ ਹੋਏ। ਕਾਂਗਰਸ ਸਾਂਸਦਾਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ।
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਾਂਗਰਸ ਦੇ ਹੋਰ ਨੇਤਾਵਾਂ ਦੇ ਨਾਲ ਮਹਿੰਗਾਈ ਅਤੇ ਵਧਦੀਆਂ ਪੈਟਰੋਲ-ਡੀਜ਼ਲ ਅਤੇ ਗੈਸ ਦੀਆਂ ਕੀਮਤਾਂ ਖ਼ਿਲਾਫ਼ ਪ੍ਰਦਰਸ਼ਨ ਕਰਕੇ ਸਿਲੰਡਰ ਅਤੇ ਮੋਟਰਸਾਈਕਲ ਤੇ ਫੁੱਲਾਂ ਦੇ ਹਾਰ ਚੜ੍ਹਾਏ।
ਰਾਹੁਲ ਗਾਂਧੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮਹਿੰਗਾਈ, ਖਾਸ ਕਰਕੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਖ਼ਿਲਾਫ਼ ਕਾਂਗਰਸ ਪਾਰਟੀ ਪੂਰੇ ਦੇਸ਼ ਵਿੱਚ ਵਿਰੋਧ ਪ੍ਰਦਰਸ਼ਨ ਕਰ ਰਹੀ ਹੈ। ਪਿਛਲੇ 10 ਦਿਨਾਂ ਵਿੱਚ 9 ਵਾਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਾਈਆਂ ਗਈਆਂ ਹਨ। ਸਰਕਾਰ ਇਸ ਵਾਧੇ ਨਾਲ ਹਜ਼ਾਰਾਂ-ਕਰੋੜਾਂ ਰੁਪਏ ਕਮਾ ਰਹੀ ਹੈ। ਇਸ ਦਾ ਸਭ ਤੋਂ ਜ਼ਿਆਦਾ ਅਸਰ ਗਰੀਬਾਂ ਅਤੇ ਮੱਧ ਵਰਗ ਦੇ ਲੋਕਾਂ ਤੇ ਪੈਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਾਡੀ ਮੰਗ ਹੈ ਕਿ ਸਰਕਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਤੈਅ ਕਰੇ ਅਤੇ ਕੀਮਤਾਂ ਵਧਾਉਣਾ ਬੰਦ ਕਰੇ।
ਕਾਂਗਰਸ ਨੇਤਾ ਨੇ ਦੋਸ਼ ਲਗਾਇਆ ਕਿ ਰਸੋਈ ਗੈਸ ਸਿਲੰਡਰ ਦੀ ਕੀਮਤ ਦੁੱਗਣੀ ਹੋ ਗਈ ਹੈ। ਦਿੱਲੀ ਵਿੱਚ ਹੁਣ ਪੈਟਰੋਲ ਦੀ ਕੀਮਤ 102 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਸਰਕਾਰ ਸਿਰਫ ਇੱਕ ਚੀਜ਼ ਕਰ ਰਹੀ ਹੈ- ਗਰੀਬਾਂ ਦੀ ਜੇਬ ਵਿੱਚੋਂ ਪੈਸੇ ਕੱਢੋ ਅਤੇ ਦੋ-ਤਿੰਨ ਵੱਡੇ ਉਦਯੋਗਪਤੀਆਂ ਨੂੰ ਫਾਇਦਾ ਪਹੁੰਚਾਓ।
ਜ਼ਿਕਰਯੋਗ ਹੈ ਕਿ ਕਾਂਗਰਸ ਦੇ ਜਨਰਲ ਸਕੱਤਰਾਂ ਅਤੇ ਸੂਬਾ ਇੰਚਾਰਜਾਂ ਦੀ ਬੀਤੇ ਸ਼ਨੀਵਾਰ ਨੂੰ ਹੋਈ ਬੈਠਕ ਵਿੱਚ ਫੈਸਲਾ ਲਿਆ ਗਿਆ ਸੀ ਕਿ ਪੈਟਰੋਲ, ਡੀਜ਼ਲ, ਰਸੋਈ ਗੈਸ ਅਤੇ ਕਈ ਖਾਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਵਾਧੇ ਨੂੰ ਲੈ ਕੇ ਸਰਕਾਰ ਨੂੰ ਘੇਰਣ ਲਈ ਪਾਰਟੀ 31 ਮਾਰਚ ਤੋਂ ਤਿੰਨ ਪੜਾਵਾਂ ਵਿੱਚ ‘ਮਹਿੰਗਾਈ ਮੁਕਤ ਭਾਰਤ’ ਵਿੱਚ ਮੁਹਿੰਮ ਚਲਾਏਗੀ। ਇਹ ਮੁਹਿੰਮ 7 ਅਪ੍ਰੈਲ ਤਕ ਚੱਲੇਗੀ।






