ਨਿਊਯਾਰਕ, 4 ਅਪ੍ਰੈਲ – ਅਮਰੀਕਾ ਵਿਖੇ ਨਿਊਯਾਰਕ ਦੇ ਰਿਚਮੰਡ ਹਿੱਲ ਕਵੀਨਜ਼ ਵਿੱਚ ਗੁਰੂ ਘਰ ਸਿੱਖ ਕਲਚਰਲ ਸੋਸਾਇਟੀ ਦੇ ਰਸਤੇ ਤੇ ਬੀਤੇ ਦਿਨ ਸਵੇਰ ਨੂੰ ਇੱਕ ਬਜ਼ੁਰਗ ਸਿੱਖ ਨਿਰਮਲ ਸਿੰਘ ਤੇ ਹਮਲਾ ਕੀਤਾ ਗਿਆ। ਇਹ ਹਮਲਾ ਉਦੋਂ ਕੀਤਾ ਗਿਆ ਜਦੋਂ ਉਹ ਪੈਦਲ ਹੀ ਜਾ ਰਿਹਾ ਸੀ। ਕਿਸੇ ਅਣਪਛਾਤੇ ਵਿਅਕਤੀ ਨੇ ਪਿੱਛੇ ਤੋਂ ਆ ਕੇ ਉਸ ਦੇ ਮੂੰਹ ਤੇ ਮਾਰਿਆ। ਇਸ ਸੰਬੰਧ ਵਿੱਚ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਦੁ ਪਬਲਿਕ ਪਾਲਿਸੀ ਦੇ ਚੇਅਰਮੈਨ ਹਰਪ੍ਰੀਤ ਸਿੰਘ ਤੂਰ ਨੇ ਪੀੜਤ ਦਾ ਅੰਗਰੇਜ਼ੀ ਵਿਚ ਅਨੁਵਾਦ ਕੀਤਾ ਕਿਉਂਕਿ ਪੀੜ੍ਹਤ ਬਜ਼ੁਰਗ ਨਿਰਮਲ ਸਿੰਘ ਨੂੰ ਅੰਗਰੇਜ਼ੀ ਨਹੀਂ ਆਉਂਦੀ।
ਨਿਰਮਲ ਸਿੰਘ ਬੀਤੀ ਸਵੇਰੇ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਵੱਲ ਨੂੰ ਜਾ ਰਿਹਾ ਸੀ, ਜਦੋਂ ਇੱਕ ਵਿਅਕਤੀ ਨੇ ਉਸ ਦੇ ਕੋਲ ਆ ਕੇ ਉਸ ਦੇ ਨੱਕ ਤੇ ਮੁੱਕਾ ਮਾਰਿਆ, ਜਿਸ ਕਾਰਨ ਉਹ ਜ਼ਮੀਨ ਤੇ ਡਿੱਗ ਗਿਆ। ਤੂਰ ਦਾ ਮੰਨਣਾ ਹੈ ਕਿ 70 ਸਾਲ ਦੀ ਉਮਰ ਦੇ ਬਜ਼ੁਰਗ ਤੇ ਉਸ ਦੀ ਦਿੱਖ ਕਾਰਨ ਹਮਲਾ ਹੋਇਆ ਹੈ। ਸਿਰਫ਼ ਇਸ ਲਈ ਕਿ ਸਿੱਖ ਵੱਖਰੇ ਦਿਖਾਈ ਦਿੰਦੇ ਹਨ। ਤੂਰ ਨੇ ਕਿਹਾ ਕਿ ਇਹ ਹਰ ਕਿਸੇ ਤੇ ਇੰਕ ਹਮਲਾ ਹੈ, ਨਾ ਕਿ ਸਿਰਫ਼ ਉਸ ਵਿਅਕਤੀ ਤੇ ਅਤੇ ਇਸ ਨੂੰ ਰੋਕਣਾ ਚਾਹੀਦਾ ਹੈ। ਪੀੜਤ ਨਿਰਮਲ ਸਿੰਘ 95ਵੇਂ ਐਵੇਨਿਊ ਅਤੇ ਲੇਫਰਟਸ ਬੁਲੇਵਾਰਡ ਰਿਚਮੰਡ ਹਿੱਲ (ਕਵੀਨਜ) ਨੇੜੇ ਸਵੇਰੇ 7:00 ਵਜੇ ਦੇ ਕਰੀਬ ਉਸ ਇਲਾਕੇ ਤੁਰਕੇ ਜਾ ਰਿਹਾ ਸੀ ਜਿੱਥੇ ਹਮਲਾ ਹੋਇਆ ਸੀ। ਇਹ ਥਾਂ ਦੱਖਣੀ ਰਿਚਮੰਡ ਹਿੱਲ ਦਾ ਇਲਾਕਾ ਹੈ ਜੋ ਗੁਰੂ ਘਰ ਸਿੱਖ ਕਲਚਰਲ ਸੁਸਾਇਟੀ ਤੋਂ ਥੋੜ੍ਹੀ ਦੂਰੀ ਤੇ ਹੈ, ਜਿੱਥੇ ਉਹ ਇਸ ਸਮੇਂ ਰਹਿ ਰਿਹਾ ਹੈ।
ਪੀੜ੍ਹਤ ਬਜ਼ੁਰਗ ਜੋ ਕੈਨੇਡਾ ਤੋਂ ਸਿਰਫ਼ ਦੋ ਕੁ ਹਫ਼ਤੇ ਪਹਿਲਾਂ ਨਿਊਯਾਰਕ ਆਇਆ ਸੀ ਅਤੇ ਇਹ ਪਹਿਲੀ ਵਾਰ ਹੈ ਜਦੋਂ ਉਹ ਨਿਊਯਾਰਕ ਆ ਗਿਆ। ਚੇਅਰਮੈਨ ਤੂਰ ਨੇ ਕਿਹਾ ਕਿ ਸਾਡੇ ਚਾਚੇ, ਸਾਡੇ ਮਾਤਾ-ਪਿਤਾ, ਉਹ ਗੁਰੂ ਘਰ ਵਿੱਚ ਅਰਦਾਸ ਕਰਨ ਲਈ ਆ ਰਹੇ ਹਨ ਅਤੇ ਹੁਣ ਉਹ ਡਰ ਮਹਿਸੂਸ ਕਰ ਰਹੇ ਹਨ। ਸ਼ਹਿਰ ਦੇ ਮਨੁੱਖੀ ਅਧਿਕਾਰਾਂ ਦੇ ਕਮਿਸ਼ਨਰ ਸਿੱਖ ਆਗੂ ਗੁਰਦੇਵ ਸਿੰਘ ਕੰਗ ਨੇ ਕਿਹਾ ਕਿ ਪਤਾ ਨਹੀਂ ਇਸ ਤਰ੍ਹਾਂ ਦੀ ਸਥਿਤੀ ਦਾ ਸ਼ਿਕਾਰ ਕੌਣ ਹੋਵੇਗਾ। ਕੰਗ ਨੇ ਇਸ ਸੰਬੰਧ ਵਿੱਚ ਮੇਅਰ ਐਰਿਕ ਐਡਮਜ਼ ਅਤੇ ਐੱਨ. ਵਾਈ. ਪੀ. ਡੀ. ਦੇ ਕਮਿਸ਼ਨਰ ਕੀਚੈਂਟ ਸੇਵੇਲ ਨੂੰ ਇਸ ਮਾਮਲੇ ਦੀ ਜਾਂਚ ਕਰਨ ਲਈ ਬੁਲਾਇਆ ਹੈ। ਇਸ ਖੇਤਰ ਵਿੱਚ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਅਜਿਹਾ ਹੋਇਆ ਹੈ। ਅਸੀਂ ਹਰ ਰੋਜ਼ ਘੱਟ ਗਿਣਤੀਆਂ ਦੇ ਲੋਕਾਂ ਤੇ ਹਮਲੇ ਦੇਖਦੇ ਹਾਂ ਅਤੇ ਇਸ ਨੂੰ ਰੋਕਣਾ ਚਾਹੀਦਾ ਹੈ। ਤੂਰ ਨੇ ਕਿਹਾ ਸਾਨੂੰ ਉਮੀਦ ਹੈ ਕਿ ਹਮਲੇ ਦੀ ਜਾਂਚ ਨਫ਼ਰਤੀ ਅਪਰਾਧ ਵਜੋਂ ਕੀਤੀ ਜਾਵੇਗੀ ਅਤੇ ਦੋਸ਼ੀ ਵਿਅਕਤੀ ਜਲਦੀ ਫੜਿਆ ਜਾਵੇਗਾ।





