ਫਿਰੋਜ਼ਾਬਾਦ, 6 ਅਪੈ੍ਰਲ-ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਜ਼ਿਲ੍ਹੇ ਦੇ ਏਕਾ ਖੇਤਰ ਵਿੱਚ ਆਪਸੀ ਝਗੜੇ ਮਗਰੋਂ ਪਤੀ-ਪਤਨੀ ਨੇ ਨਹਿਰ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਐੱਸ. ਪੀ. ਅਖਿਲੇਸ਼ ਨਾਰਾਇਣ ਨੇ ਦੱਸਿਆ ਕਿ ਜਸਰਾਨਾ ਖੇਤਰ ਦੇ ਨਗਲਾ ਖੇਮਕਰਣ ਵਾਸੀ 42 ਸਾਲਾ ਅਸ਼ੋਕ ਕੁਮਾਰ ਆਪਣੀ ਪਤਨੀ ਗੁੱਡੀ ਦੇਵੀ ਨਾਲ ਏਟਾ ਜ਼ਿਲ੍ਹੇ ਦੇ ਮਦੀਪੁਰ ਪਿੰਡ ਸਥਿਤ ਆਪਣੇ ਸਹੁਰੇ ਪਰਤ ਰਹੇ ਸਨ।
ਰਸਤੇ ਵਿੱਚ ਏਕਾ ਇਲਾਕੇ ਵਿੱਚ ਪੈਂਦੀ ਨਹਿਰ ਨੇੜੇ ਦੋਹਾਂ ਵਿਚਾਲੇ ਝਗੜਾ ਹੋ ਗਿਆ, ਜਿਸ ਤੋਂ ਦੁਖੀ ਹੋ ਕੇ ਪਤੀ ਅਸ਼ੋਕ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ। ਪਤੀ ਨੂੰ ਛਾਲ ਮਾਰਦੇ ਵੇਖ ਕੇ ਪਤਨੀ ਗੁੱਡੀ ਨੇ ਵੀ ਨਹਿਰ ਵਿੱਚ ਛਾਲ ਮਾਰ ਦਿੱਤੀ। ਐੱਸ. ਪੀ. ਨਾਰਾਇਣ ਮੁਤਾਬਕ ਪਿੰਡ ਵਾਸੀਆਂ ਨੇ ਗੋਤਾਖੋਰਾਂ ਦੀ ਮਦਦ ਨਾਲ ਦੋਵਾਂ ਲਾਸ਼ਾਂ ਨੂੰ ਕੱਢ ਕੇ ਪੁਲੀਸ ਨੂੰ ਸੂਚਨਾ ਦਿੱਤੀ।
ਓਧਰ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਗੁੱਡੀ ਦੇ ਤਿੰਨ ਬੱਚੇ ਹਨ, ਜਿਨ੍ਹਾਂ ਵਿੱਚ ਇੱਕ ਪੁੱਤਰ ਦੀ ਮੌਤ 5 ਸਾਲ ਪਹਿਲਾਂ ਹੋ ਗਈ ਸੀ। ਧੀ ਦਾ ਵਿਆਹ ਹੋ ਚੁੱਕਾ ਹੈ। ਦੂਜਾ ਪੁੱਤਰ ਪੜ੍ਹਾਈ ਦੇ ਸਿਲਸਿਲੇ ਤੋਂ ਬਾਹਰ ਰਹਿੰਦਾ ਹੈ। ਪੁਲੀਸ ਨੇ ਦੱਸਿਆ ਕਿ ਲਾਸ਼ਾਂ ਦਾ ਪੰਚਨਾਮਾ ਭਰਵਾ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।






