ਜੀਰਕਪੁਰ, 19 ਅਪ੍ਰੈਲ- ਜੀਰਕਪੁਰ ਵਾਸੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸੰਘਰਸ਼ ਕਰਨ ਵਾਲੀ ਜੈਕ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸੁਖਦੇਵ ਚੌਧਰੀ ਦੀ ਅਗਵਾਈ ਵਿੱਚ ਸੰਸਥਾ ਦੇ ਨੁਮਾਇੰਦਿਆਂ ਵਲੋਂ ਜੀਰਕਪੁਰ ਦੀਆਂ ਟੁੱਟੀਆਂ ਹੋਈਆਂ ਸੜਕਾਂ ਨੂੰ ਲੈ ਕੇ ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਜਗਜੀਤ ਸਿੰਘ ਜੱਜ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਜੇ. ਈ. ਪਵਨਦੀਪ ਅਤੇ ਹੋਰ ਅਧਿਕਾਰੀ ਵੀ ਮੌਜੂਦ ਰਹੇ। ਇਸ ਮੌਕੇ ਸੰਸਥਾ ਦੇ ਨੁਮਾਇੰਦਿਆਂ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਜੀਰਕਪੁਰ ਵਿਚ ਕਈ ਸੜਕਾਂ ਪੂਰੀਆਂ ਤਰ੍ਹਾਂ ਟੋਇਆ ਵਿਚ ਤਬਦੀਲ ਹੋ ਚੁੱਕੀਆਂ ਹਨ। ਇਥੇ ਟੁੱਟੀਆਂ ਹੋਈਆਂ ਸੜਕਾਂ ਦੇ ਕਾਰਨ ਆਏ ਦਿਨ ਹਾਦਸੇ ਹੋ ਰਹੇ ਹਨ। ਮੀਟਿੰਗ ਦੌਰਾਨ ਸੁਖਦੇਵ ਚੌਧਰੀ ਨੇ ਢਕੌਲੀ ਖੇਤਰ, ਵੀ. ਆਈ. ਪੀ. ਰੋਡ, ਬਾਲੀਵੁੱਡ ਹਾਈਟਸ, ਸਾਈ ਮਾਰਕੀਟ, ਪੀਰਮੁੱਛਲਾ, ਕਿਸ਼ਨਪੁਰਾ ਰੋਡ, ਸਨੌਲੀ ਮਾਰਗ, ਐਮ. ਐਸ. ਇਨਕਲੇਵ, ਡੀ. ਪੀ. ਐਸ. ਰੋਡ ਦੀਆਂ ਟੁੱਟੀਆਂ ਹੋਈਆਂ ਸੜਕਾਂ ਬਾਰੇ ਸਿਕਾਇਤ ਕੀਤੀ। ਇਸ ਮੌਕੇ ਸੁਖਦੇਵ ਚੌਧਰੀ ਨੇ ਕਾਰਜਕਾਰੀ ਅਧਿਕਾਰੀ ਨੂੰ ਕਈ ਸੜਕਾਂ ਦੀ ਵੀਡੀਓ ਅਤੇ ਫੋਟੋਆਂ ਵੀ ਦਿਖਾਈਆਂ।
ਇਸਤੋਂ ਬਾਅਦ ਕਾਰਜਕਾਰੀ ਅਧਿਕਾਰੀਆਂ ਨੇ ਮੌਕੇ ਤੇ ਸੰਬੰਧਿਤ ਜੇ. ਈ. ਅਤੇ ਹੋਰਨਾਂ ਅਧਿਕਾਰੀਆਂ ਨਾਲ ਗੱਲਬਾਤ ਉਪਰੰਤ ਦੱਸਿਆ ਕਿ ਚੋਣ ਜਾਬਤਾ ਲਾਗੂ ਹੋਣ ਕਾਰਨ ਸੜਕ ਨਿਰਮਾਣ ਅਤੇ ਸੜਕ ਮੁਰੰਮਤ ਦੀ ਕਰੀਬ 200 ਯੋਜਨਾਵਾਂ ਰੁਕੀਆਂ ਹੋਈਆਂ ਸਨ। ਇਸ ਵਿਚਕਾਰ ਵਿੱਤੀ ਸਾਲ ਵੀ ਬਦਲ ਗਿਆ। ਉਹਨਾਂ ਕਿਹਾ ਕਿ ਹੁਣ ਚੋਣ ਜਾਬਤੇ ਤੋਂ ਬਾਅਦ ਵਿਭਾਗੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਅਤੇ ਸੜਕ ਨਿਰਮਾਣ ਤੇ ਮੁਰੰਮਤ ਲਈ ਟੈਂਡਰ ਜਾਰੀ ਹੋ ਚੁੱਕੇ ਹਨ ਜਿਸਦੇ ਤਹਿਤ ਬਹੁਤ ਜਲਦ ਢਕੌਲੀ ਖੇਤਰ ਵਿੱਚ ਸੜਕ ਨਿਰਮਾਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।






