ਕਾਬੁਲ, 19 ਅਪ੍ਰੈਲ- ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਸਵੇਰੇ ਦੋ ਜਬਰਦਸਤ ਧਮਾਕੇ ਹੋਏ ਹਨ। ਇਹ ਧਮਾਕੇ ਦੋ ਵੱਖ-ਵੱਖ ਥਾਵਾਂ ਤੇ ਹੋਏ। ਧਮਾਕਿਆਂ ਵਿੱਚ ਕਈ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਇਸ ਘਟਨਾ ਤੋਂ ਬਾਅਦ ਕਾਬੁਲ ਵਿੱਚ ਹੜਕੰਪ ਮਚ ਗਿਆ ਹੈ। ਸੁਰੱਖਿਆ ਏਜੰਸੀਆਂ ਇਨ੍ਹਾਂ ਧਮਾਕਿਆਂ ਦੀ ਜਾਂਚ ਕਰ ਰਹੀਆਂ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਦੋਵੇਂ ਧਮਾਕੇ ਪੱਛਮੀ ਕਾਬੁਲ ਵਿੱਚ ਹੋਏ। ਚਸ਼ਮਦੀਦਾਂ ਨੇ ਦੱਸਿਆ ਕਿ ਪਹਿਲਾ ਧਮਾਕਾ ਇੱਕ ਸਿਖਲਾਈ ਕੇਂਦਰ ਨੇੜੇ ਹੋਇਆ ਜਦੋਂ ਕਿ ਦੂਜਾ ਧਮਾਕਾ ਅਬਦੁਲ ਰਹੀਮ ਸ਼ਹੀਦ ਹਾਈ ਸਕੂਲ ਦੇ ਸਾਹਮਣੇ ਹੋਇਆ। ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਸਕੂਲੀ ਬੱਚੇ ਕਲਾਸ ਲਈ ਜਾ ਰਹੇ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਪਹਿਲਾ ਧਮਾਕਾ ਮੁਮਤਾਜ਼ ਨਾਮ ਦੇ ਟ੍ਰੇਨਿੰਗ ਸੈਂਟਰ ਦੇ ਕੋਲ ਹੋਇਆ। ਧਮਾਕਾ ਹੈਂਡ ਗ੍ਰੇਨੇਡ ਨਾਲ ਕੀਤਾ ਗਿਆ। ਧਮਾਕੇ ਵਿੱਚ 5 ਵਿਅਕਤੀ ਜ਼ਖਮੀ ਹੋ ਗਏ। ਗ੍ਰਹਿ ਮੰਤਰਾਲੇ ਨੇ ਅਬਦੁਲ ਰਹੀਮ ਸ਼ਹੀਦ ਹਾਈ ਸਕੂਲ ਨੇੜੇ ਧਮਾਕਾ ਹੋਣ ਦੀ ਪੁਸ਼ਟੀ ਕੀਤੀ ਹੈ। ਮੰਤਰਾਲੇ ਨੇ ਕਿਹਾ ਕਿ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਵੇਰਵੇ ਬਾਅਦ ਵਿੱਚ ਸਾਂਝੇ ਕੀਤੇ ਜਾਣਗੇ।





